ਬੱਚਿਆਂ ਵਿਚ ਜੀਭ ਦੇ ਤੰਦੂਏ ਦੇ ਪ੍ਰਭਾਵ
7ਡੇਅ ਨਿਊਜ ਸਰਵਿਸ,
ਛੋਟੇ ਬੱਚਿਆਂ ਵਿਚ ਬੋਲੀ ਦੀ ਸਮੱਸਿਆ ਨੂੰ ਲੈ ਕਿ ਮਾਪਿਆਂ ਦਾ ਬੱਚਿਆਂ ਵਿਚ ਜੀਭ ਦੇ ਤੰਦੂਏ ਦੇ ਸ਼ੱਕ ਦੀ ਸ਼ਿਕਾਇਤ ਦੇ ਨਾਲ ਹਸਪਤਾਲ ਆਉਣਾ ਆਮ ਗੱਲ ਹੈ। ਇਹ ਸ਼ਿਕਾਇਤ ਬੱਚਿਆਂ ਵਿਚ 2-3 ਸਾਲ ਦੀ ਉਮਰ ਤਕ ਬੋਲੀ ਦਾ ਬਿਲਕੁਲ ਵਿਕਸਿਤ ਨਾ ਹੋਣਾ ਜਾਂ ਫਿਰ ਬੱਚੇ ਦੇ ਸਾਫ ਨਾ ਬੋਲ ਸਕਣ ਨੂੰ ਲੈ ਕੇ ਹੁੰਦੀ ਹੈ।
ਜੀਭ ਦਾ ਤੰਦੂਆ ਜਾਂ ਜੀਭ ਦਾ ਬੰਨਣ ਬੱਚਿਆਂ ਵਿਚ ਇਕ ਕਿਸਮ ਦੀ ਜਮਾਂਦਰੂ ਸਮੱਸਿਆ ਹੈ। ਜਿਸ ਵਿਚ ਜੀਭ ਦਾ ਹੇਠਲਾ ਹਿੱਸਾ ਮੂੰਹ ਦੇ ਨਾਲ ਇਕ ਮੋਟੀ ਮਾਸ ਦੇ ਝਿੱਲੀ ਨਾਲ ਜੁੜਿਆ ਹੁੰਦਾ ਹੈ। ਇਸ ਨੂੰ ਡਾਕਟਰੀ ਭਾਸ਼ਾ ਵਿਚ ਅੰਕਾਇਲੋਗਲੋਸਿਆ (Ankyloglossia) ਜਾਂ ਟੰਗ-ਟਾਈ (Tongue-Tie) ਕਿਹਾ ਜਾਂਦਾ ਹੈ। ਜੀਭ ਦਾ ਇਹ ਹਿੱਸਾ ਜੁੜਿਆ ਹੋਣ ਕਾਰਨ ਜੀਭ ਦੇ ਕੁਦਰਤੀ ਹਰਕਤ ਵਿਚ ਰੁਕਾਵਟ ਪੈਂਦੀ ਹੈ। ਇਸਦੇ ਜਮਾਂਦਰੂ ਹੋਣ ਕਾਰਨ ਇਸਦਾ ਮੁੱਖ ਪ੍ਰਭਾਵ ਜਨਮ ਦੇ ਸ਼ੁਰੂਆਤੀ ਮਹੀਨਿਆਂ ਵਿਚ ਬੱਚੇ ਦੇ ਮਾਂ ਦਾ ਦੁੱਧ ਚੁੰਘਣ ’ਤੇ ਪੈਂਦਾ ਹੈ। ਤੰਦੂਏ ਕਾਰਨ ਬੱਚੇ ਦੀ ਜੀਭ ਦੀ ਹਰਕਤ ਸੀਮਿਤ ਰਹਿ ਜਾਂਦੀ ਹੈ। ਸਿੱਟੇ ਵਜੋਂ ਬੱਚੇ ਨੂੰ ਦੁੱਧ ਚੁੰਘਣ ਲਈ ਜ਼ੋਰ ਲਗਾਨਾ ਪੈਂਦਾ ਹੈ ਅਤੇ ਬੱਚਾ ਦੁੱਧ ਛੱਡ ਦਿੰਦਾ ਹੈ। ਬੱਚੇ ਦੇ ਜ਼ੋਰ ਨਾਲ ਦੁੱਧ ਚੁੰਘਣ ਕਾਰਨ ਮਾਂ ਦੀਆ ਛਾਤੀਆਂ ਅਤੇ ਨਿਪਲ ੳੱੱਤੇ ਦਰਦ ਹੋਣ ਲੱਗ ਪੈਂਦਾ ਹੈ ਅਤੇ ਕਈ ਵਾਰ ਜ਼ਖ਼ਮ ਵੀ ਹੋ ਜਾਂਦੇ ਹਨ। ਇਹ ਤਕਲੀਫ ਮਾਂ ਅਤੇ ਬੱਚੇ ਦੋਨਾਂ ਲਈ ਸਮੱਸਿਆ ਬਣ ਜਾਂਦੀ ਹੈ। ਸਿੱਟੇ ਵਜੋਂ ਬੱਚੇ ਨੂੰ ਜ਼ਰੂਰਤ ਅਨੁਸਾਰ ਮਾਂ ਦਾ ਦੁੱਧ ਨਹੀਂ ਮਿਲਦਾ। ਜਦੋ ਕਿ ਜਨਮ ਦੇ ਪਹਿਲੇ 4 ਮਹੀਨੇ ਬੱਚੇ ਦੇ ਸਹੀ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਮਾਂ ਦਾ ਦੁੱਧ ਬਹੁਤ ਜਰੂਰੀ ਹੈ।
ਇਸ ਲਈ ਜਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਵਿਚ ਤੰਦੂਏ ਦੀ ਸਮੱਸਿਆ ਨੂੰ ਜਲਦੀ ਪਹਿਚਾਣ ਲਿਆ ਜਾਵੇ। ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਅਤੇ ਬੱਚੇ ਦੇ ਦੁੱਧ ਚੁੰਘਣ ਵਿਚ ਕੋਈ ਸਮੱਸਿਆ ਜਾਂ ਦੁੱਧ ਪਿਲਾਉਣ ਸਮੇਂ ਮਾਂ ਦੀਆ ਛਾਤੀਆਂ ਵਿਚ ਦਰਦ ਹੋਣ ਦੀ ਸੂਰਤ ਵਿਚ ਬੱਚੇ ਦੀ ਜੀਭ ਚੈਕ ਕਰਕੇ ਤੰਦੂਆ ਹੋਣ ਦੀ ਸੰਭਾਵਨਾ ਬਾਰੇ ਦੇਖ ਲੈਣਾ ਚਾਹੀਦਾ ਹੈ।
ਤੰਦੂਆ ਹੋਣ ਦੀ ਸੂਰਤ ਵਿਚ ਬੱਚੇ ਦੇ ਜਨਮ ਦੇ 2 ਹਫਤੇ ਬਾਅਦ ਛੋਟਾ ਜਿਹਾ ਅਪ੍ਰੇਸ਼ਨ ਕਰ ਕੇ ਇਸਨੂੰ ਕੱਟ ਦਿੱਤਾ ਜਾਂਦਾ ਹੈ। ਇਹ ਅਪ੍ਰੇਸ਼ਨ ਬਿਨਾ ਸੁੰਨ ਜਾਂ ਬੇਹੋਸ਼ ਕੀਤੇ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਖੂਨ ਵੀ ਜਿਆਦਾ ਨਹੀਂ ਵਹਿੰਦਾ। ਅਪ੍ਰੇਸ਼ਨ ਦਾ ਜ਼ਖਮ ਬਹੁਤ ਜਲਦ ਭਰ ਜਾਂਦਾ ਹੈ ਅਤੇ ਬੱਚਾ ਜਲਦ ਹੀ ਬਿਨਾ ਕਿਸੇ ਤਕਲੀਫ ਦੇ ਦੁੱਧ ਚੁੰਘਣਾ ਸ਼ੁਰੂ ਕਰ ਦਿੰਦਾ ਹੈ।
ਆਮ ਤਜਰਬੇ ਵਿਚ ਦੇਖਿਆ ਗਿਆ ਹੈ ਕਿ ਤੰਦੂਏ ਦੀ ਸਮੱਸਿਆ ਦੇ ਇਹ ਪਹਿਲੂ ਸਹੀ ਜਾਣਕਾਰੀ ਦੀ ਅਣਹੋਂਦ ਵਿਚ ਨਜ਼ਰ ਅੰਦਾਜ਼ ਹੋ ਜਾਂਦੇ ਹਨ ਅਤੇ ਤੰਦੂਏ ਨੂੰ ਸਿਰਫ ਬੱਚੇ ਵਿਚ ਸਹੀ ਬੋਲੀ ਵਿਕਸਿਤ ਨਾ ਹੋ ਸਕਣ ਦਾ ਕਾਰਨ ਹੀ ਸਮਝਿਆ ਜਾਂਦਾ ਹੈ।
1-3 ਸਾਲ ਤਕ ਦੇ ਬੱਚਿਆਂ ਵਿਚ ਬੋਲਣ ਦੇ ਸਮੱਸਿਆ ਆਉਣ ਤੇ ਮਾਪਿਆਂ ਦਾ ਤੰਦੂਏ ਦੇ ਅਪ੍ਰੇਸ਼ਨ ਲਈ ਹਸਪਤਾਲ ਆਉਣਾ ਆਮ ਗੱਲ ਹੈ। ਇਸ ਵਿਚ ਗੌਰ ਕਰਨ ਯੋਗ ਗੱਲ ਇਹ ਹੈ ਕਿ ਹੁਣ ਤਕ ਹੋਈਆਂ ਖੋਜਾਂ ਵਿਚ ਬੱਚਿਆਂ ਦੇ ਬੋਲੀ ਵਿਕਸਿਤ ਨਾ ਹੋ ਸਕਣ ਜਾਂ ਸਾਫ ਨਾ ਬੋਲਣ ਵਿਚ ਤੰਦੂਏ ਦੀ ਮੌਜੂਦਗੀ ਦੇ ਕੋਈ ਪੁਖਤਾ ਸਬੂਤ ਨਹੀਂ ਹਨ। ਇਸ ਮੌਕੇ ਤੰਦੂਏ ਦਾ ਅਪ੍ਰੇਸ਼ਨ ਸਿਰਫ ਮਾਪਿਆਂ ਦੀ ਬੇਨਤੀ ’ਤੇ ਕਰ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਮਾਪਿਆਂ ਨੂੰ ਇਸ ਸਬੰਧੀ ਸਹੀ ਜਾਣਕਾਰੀ ਵੀ ਦੇ ਦਿੱਤੀ ਜਾਂਦੀ ਹੈ।
ਬੱਚਿਆਂ ਵਿਚ ਬੋਲੀ ਦੇ ਵਿਕਸਿਤ ਨਾ ਹੋਣ ਜਾਂ ਸਹੀ ਤਰਾਂ ਵਿਕਸਿਤ ਨਾ ਹੋਣ ਦੇ ਕਾਰਨ ਅਲੱਗ ਹਨ। ਇਹਨਾਂ ਵਿਚ ਮੁੱਖ ਤੌਰ ’ਤੇ ਬੱਚਿਆਂ ਵਿਚ ਬੌਧਿਕ ਵਿਕਾਸ ਦੀ ਕਮੀ, ਸਰੀਰਿਕ ਵਿਕਾਸ ਦੇ ਨੁਕਸ, ਕੰਨਾਂ ਤੋਂ ਸੁਣਵਾਈ ਦੇ ਨੁਕਸ, ਤਾਲੂਏ ਦੇ ਨੁਕਸ, ਆਟਿਜ਼ਮ (Autism), ਅਡੀਨੋਈਡਸ (Adenoids) ਅਤੇ ਟੋਨਸਿਲਸ (Tonsils) ਆਦਿ ਹਨ। ਜਿਨਾਂ ਦਾ ਇਲਾਜ ਕਰਾਇਆ ਜਾਣਾ ਜਰੂਰੀ ਹੈ ਤਾਂ ਜੋ ਬੱਚਿਆਂ ਵਿਚ ਬੋਲੀ ਦਾ ਸਹੀ ਸਮੇ ’ਤੇ ਸਹੀ ਤਰਾਂ ਨਾਲ ਵਿਕਾਸ ਹੋ ਸਕੇ।
ਡਾ: ਬਿਕਰਮਜੀਤ ਸਿੰਘ,
ਮੈਡੀਕਲ ਅਫਸਰ (ਪੀ ਸੀ ਐਮ ਐਸ-1)
ਨੱਕ,ਕੰਨ ਅਤੇ ਗਲੇ ਦੇ ਮਾਹਿਰ,
ਸਿਵਲ ਹਸਪਤਾਲ, ਰਾਮਪੁਰਾ ਫੂਲ,
(ਬਠਿੰਡਾ)-ਮੋ: 98886-56690