ਤਾਜੋਕੇ ’ਚੋ ਪੁਲਿਸ ਦੇ ਹੱਥ ਬੰਦੇ ਮਾਰੂ ਦੇਸੀ ਕੱਟਾ ਅਤੇ ਕਾਰਤੂਸ ਲੱਗੇ, ਦੋ ਦਬੋਚੇ
7ਡੇਅ ਨਿਊਜ ਸਰਵਿਸ
ਬਰਨਾਲਾ, 3 ਮਾਰਚ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਜਿਲਾ ਬਰਨਾਲਾ ਅਧੀਨ ਪੈਂਦੇ ਥਾਣਾ ਤਪਾ ਦੀ ਪੁਲਿਸ ਨੇ ਇਕ ਮੁਖਬਰੀ ਦੇ ਆਧਾਰ ’ਤੇ ਪਿੰਡ ਤਾਜੋਕੇ ਦੇ ਦੋ ਨੌਜਵਾਨਾਂ ਨੂੰ ਦਬੋਚਣ ਦਾ ਦਾਅਵਾ ਕੀਤਾ ਹੈ। ਜਿਨਾਂ ਕੋਲੋ ਪੁਲਿਸ ਨੇ ਇਕ ਦੇਸੀ ਕੱਟਾ ਅਤੇ ਕੁਝ ਜਿਉਦੇ ਕਾਰਤੂਸ ਬਰਾਮਦ ਕੀਤੇ ਹਨ। ਮਾਮਲੇ ਦੇ ਪੜਤਾਲੀਆ ਅਧਿਕਾਰੀ ਥਾਣੇਦਾਰ ਅਮਿ੍ਰਤਪਾਲ ਸਿੰਘ ਨੇ ਦੱਸਿਆਂ ਕਿ ਪੁਲਿਸ ਨੂੰ ਮੁਖਬਰੀ ਮਿਲੀ ਸੀ ਕਿ ਪਿੰਡ ਤਾਜੋਕੇ ਦੇ ਦੋ ਨੌਜਵਾਨ ਅਨਾਜ ਮੰਡੀ ਵਿਖੇ ਇਕ ਦੇਸੀ ਕੱਟਾ ਪਿਸਤੋਲ ਅਤੇ ਕਾਰਤੂਸਾਂ ਨਾਲ ਲੈਸ ਹੋਏ ਬੈਠੇ ਹਨ, ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਅਤੇ ਪੁਲਿਸ ਨੇ ਥਾਣਾ ਮੁੱਖੀ ਨਰਦੇਵ ਸਿੰਘ ਦੀ ਅਗਵਾਈ ਹੇਠ ਉਕਤ ਥਾਂ ’ਤੇ ਛਾਪੇਮਾਰੀ ਕਰਕੇ ਦੋਵਾਂ ਨੂੰ ਮੌਕੇ ਤੋ ਹੀ ਦਬੋਚ ਲਿਆ। ਜਿਸ ਤੋ ਬਾਅਦ ਪੁਲਿਸ ਦੇ ਹੱਥ ਇਕ ਪਿਸਤੋਲ ਅਤੇ ਦੋ ਜਿਉਦੇ ਕਾਰਤੂਸ ਲੱਗੇ। ਜਿਸ ਦੇ ਸਬੰਧ ਵਿਚ ਪੁਲਿਸ ਨੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਇੰਦਰਜੀਤ ਸਿੰਘ ਅਤੇ ਸੋਮਾ ਸਿੰਘ ਵਾਸੀਅਨ ਤਾਜੋਕੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿਉਕਿ ਕੁਝ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਦ ਸਾਹਮਣੇ ਆਉਦਾ ਹੈ ਕਿ ਪਿਛਲੇ ਦਿਨੀ ਪਿੰਡ ਅੰਦਰ ਦੋ ਧੜਿਆਂ ਵਿਚਕਾਰ ਲੜਾਈ ਹੋਈ ਸੀ, ਜਿਸ ਵਿਚ ਉਕਤ ਪਿਸਤੋਲ ਦਾ ਵਿਖਾਵਾ ਹੋ ਜਾਣ ਤੋ ਬਾਅਦ ਪੁਲਿਸ ਨੂੰ ਪਿੰਡ ਦੇ ਹੀ ਇਕ ਧੜੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਸੀ। ਜਿਸ ਤੋ ਬਾਅਦ ਉਕਤ ਮਾਮਲੇ ਦਾ ਪਰਦਾਫਾਸ਼ ਹੋਇਆ ਹੈ।