ਰਾਮਪੁਰਾ ’ਚ ਭੂ ਮਾਫੀਆ ਸਰਕਾਰੀ ਹਦਾਇਤਾਂ ਨੂੰ ਛਿੱਕੇ ਟੰਗ ਕੇ ਭੋਲੇ ਭਾਲੇ ਲੋਕਾਂ ਨਾਲ ਕਰ ਰਿਹਾ ਖਿਲਵਾੜ
ਰਾਮਪੁਰਾ ਫੂਲ 31 ਜੁਲਾਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਕਾਲੋਨੀਆਂ ਦੇ ਸ਼ਹਿਰ ਵਜੋ ਜਾਣੇ ਜਾਂਦੇ ਰਾਮਪੁਰਾ ਦੀ ਆਬਾਦੀ ਤਾਂ ਭਾਵੇਂ ਐਨੀ ਜਿਆਦਾ ਨਹੀ ਪਰ ਇਥੇ ਭੂ-ਮਾਫੀਆ ਪਿਛਲੇ ਤਿੰਨ ਦਹਾਕਿਆਂ ਤੋ ਹੀ ਸਰਗਰਮ ਰਿਹਾ ਹੈ ਜਦਕਿ ਸ਼ਹਿਰ ਅੰਦਰ ਅਤੇ ਇਸ ਦੇ ਆਲੇ ਦੁਆਲੇ ਦਰਜਣ ਭਰ ਤੋ ਜਿਆਦਾ ਕਾਲੋਨੀਆ ਵੇਖੀਆ ਜਾ ਰਹੀਆ ਹਨ। ਕਈ ਲਾਲਚੀ ਅਤੇ ਤੇਜ ਤਰਾਰ ਕਿਸਮ ਦੇ ਵਪਾਰੀ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਿਚ ਹੁਣ ਵੀ ਸ਼ਹਿਰ ਅੰਦਰ ਪੂਰੀ ਤਰਾਂ ਸਰਗਰਮ ਹਨ ਪਰ ਪਤਾ ਨਹੀ ਕਿਹੜੀ ਗੱਲ ਤੋ ਨਗਰ ਕੌਸਲ ਰਾਮਪੁਰਾ, ਰੇਰਾ ਜਾਂ ਮਾਲ ਵਿਭਾਗ ਸਣੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪੂਰੀ ਤਰਾਂ ਚੁੱਪੀ ਵੱਟੀ ਹੋਈ ਹੈ। ਜਿਸ ਕਾਰਨ ਰਾਮਪੁਰਾ ਅੰਦਰ ਕਰੋੜਾਂ ਰੁਪੈ ਦਾ ਚੂਨਾ ਸਰਕਾਰੀ ਖਜਾਨੇ ਨੂੰ ਲੱਗ ਰਿਹਾ ਹੈ ਪਰ ਚਾਂਦੀ ਦੇ ਮਿਲੇ ਛੁਣਛਣੇ ਕਾਰਨ ਇਹ ਅਧਿਕਾਰੀ ਸਿਰਫ ਛੁਣਛਣਾ ਵਜਾਉਣ ਵਿਚ ਮਸ਼ਰੂੁਫ ਹਨ ਪਰ ਆਮ ਲੋਕਾਂ ਦੀ ਦਿਨ ਦਿਹਾੜੇ ਮੁੱਠੀ ਭਰ ਲੋਕ ਹੀ ਲੁੱਟ ਕਰੀ ਜਾ ਰਹੇ ਹਨ। ਸ਼ਹਿਰੀਆਂ ਦੀ ਮੰਨੀਏ ਤਾਂ ਸ਼ਹਿਰ ਦੀਆ ਵੱਖ ਵੱਖ ਸੜਕਾਂ ਗਿੱਲ ਰੋਡ, ਜੌੜੇ ਪੁੱਲਾਂ ਵਾਲੇ ਰਾਹ, ਬਠਿੰਡਾ ਪਾਸਿਓ ਪੁੱਲ ਤੋ ਉੱਤਰ ਕੇ ਰੇਲਵੇ ਲਾਇਨ ਨੂੰ ਜਾਣ ਵੇਲੇ ਸਣੇ ਰਾਮਪੁਰਾ ਪਿੰਡ ਵਾਲੇ ਰਾਹ ਅਤੇ ਹੋਰਨਾ ਹਿੱਸਿਆਂ ਅੰਦਰ ਬੇਖੋਫ ਕਾਲੋਨੀਆਂ ਉਸਰ ਰਹੀਆ ਹਨ, ਪਰ ਇਨਾਂ ਵਿਚੋ ਬਹੁਤਿਆਂ ਕੋਲ ਸੀ.ਐਲ.ਯੂ (ਜਮੀਨ ’ਤੇ ਪਹਿਲਾ ਲੱਗੇ ਉਦਯੋਗ ਜਾਂ ਫੇਰ ਖੇਤੀ ਲਈ ਵਰਤੀ ਜਾਣ ਵਾਲੀ ਜਮੀਨ ਨੂੰ ਘਰੈਲੂ ਵਰਤੋ ਵਿਚ ਲਿਆਉਣ) ਜਮੀਨ ਪਲਟਾਉਣ ਸਣੇ ਅਨੇਕਾਂ ਹੋਰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੁੰਦੀ ਹੈ, ਪਰ ਇਨਾਂ ਸਭ ਸਰਕਾਰੀ ਹਦਾਇਤਾਂ ਨੂੰ ਛਿੱਕੇ ਟੰਗ ਕੇ ਕੁਝ ਸਫੈਦਪੋਸ਼ ਲੋਕ ਇਸ ਧੰਦੇ ਨਾਲ ਜੁੜੇ ਕੇ ਕਰੋੜਾਂ ਰੁਪੈ ਕਮਾ ਰਹੇ ਹਨ ਜਦਕਿ ਭੋਲੇ ਭਾਲੇ ਲੋਕਾਂ ਨੂੰ ਇਸ ਮੱਕੜਜਾਲ ਵਿਚ ਫਸਾਉਣ ਲਈ ਵੀ ਕੁਝ ਕਥਿਤ ਤੌਰ ’ਤੇ ਪ੍ਰਾਪਰਟੀ ਡੀਲਰ ਦੇ ਨਾਂਅ ਹੇਠ ਧੰਦੇ ਨਾਲ ਜੁੜੇ ਲੋਕ ਫਰਜੀ ਗ੍ਰਾਹਕ ਖੜੇ ਕਰਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਹੜੱਪ ਰਹੇ ਹਨ। ਇਕ ਸ਼ਹਿਰੀ ਨੇ ਅੱਗੇ ਦੱਸਿਆਂ ਕਿ ਕਾਲੋਨੀਆਂ ਵਿਚ ਸਿਰਫ ਨਕਸ਼ੇ ’ਤੇ ਹੀ ਸਭ ਕੁਝ ਉਘਾਰਿਆ ਜਾ ਰਿਹਾ ਹੈ, ਜਿਸ ਵਿਚ ਵਿਦੇਸ਼ਾਂ ਵਾਂਗ ਵੱਡੀਆ ਵੱਡੀਆ ਸਹੂਲਤਾਂ ਨੂੰ ਛਾਪਿਆ ਹੁੰਦਾ ਹੈ ਅਤੇ ਕਿਸੇ ਸਿਆਸੀ ਪਾਰਟੀ ਵਾਂਗ ਜਲਦ ਹੀ ਇਨਾਂ ਸਹੂਲਤਾਂ ਨੂੰ ਪੂਰਾ ਹੋਦ ਦਾ ਵਾਅਦਾ ਅਤੇ ਦਾਅਵਾ ਕੀਤਾ ਜਾਂਦਾ ਹੈ, ਇਥੋ ਤੱਕ ਕਿ ਇਕ ਅੱਧੀ ਨੀਂਹ ਕੱਢ ਕੇ ਡੰਗ ਟਪਾਈ ਕੀਤੀ ਜਾਂਦੀ ਹੈ, ਜੋ ਬਾਅਦ ਵਿਚ ਕਾਲੋਨੀ ਦੇ ਨਿਰਮਾਣ ਦੇ ਕਈ ਵਰੇਂ ਬੀਤ ਜਾਣ ਤੋ ਬਾਅਦ ਵੀ ਜਿਉ ਦੀ ਤਿਉ ਨੀਂਹ ਹੀ ਨਜਰ ਆਉਦੀ ਰਹਿੰਦੀ ਹੈ।
ਸ਼ਹਿਰ ਅੰਦਰਲੀਆ ਕਈ ਪਿਛਲੀਆ ਕਾਲੋਨੀਆਂ ਦੀ ਹਾਲਤ ਹੁਣ ਤਰਸਯੋਗ ਬਣੀ :
ਸ਼ਹਿਰ ਦੀ ਪਿਛਲੇ ਸਮੇਂ ਬਣੀਆ ਕਾਲੋਨੀਆਂ ਦੀਆ ਸੜਕਾਂ, ਲਾਇਟ ਜਾਂ ਪੀਣ ਵਾਲੇ ਪਾਣੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਕਿਉਕਿ ਸੜਕਾਂ ਟੁੱਟ ਭੱਜ ਚੁੱਕੀਆ ਹਨ, ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਵੀ ਕਈ ਕਾਲੋਨੀਆ ਵਿਚ ਵਿਖਾਈ ਨਹੀ ਦੇ ਰਿਹਾ ਜਦਕਿ ਇਕ ਕਾਲੋਨੀ ਵਾਲੇ ਨੇ ਤਾਂ ਪਿਛਲੇ ਦਿਨੀ ਹੀ ਅਣਅਧਿਕਾਰਿਤ ਤੌਰ ’ਤੇ ਨਗਰ ਕੌਂਸਲ ਤੋ ਕੁਨੈਕਸ਼ਨ ਜੁੜਵਾਇਆ ਹੈ ਜਦਕਿ ਕਾਲੋਨੀ ਅਜੇ ਤੱਕ ਨਗਰ ਕੌਸਲ ਨੂੰ ਸਪੁਰਦ ਨਹੀ ਕੀਤੀ ਗਈ। ਕਈ ਕਾਲੋਨੀਆਂ ਅੰਦਰਲੀਆ ਗਲੀਆ ਦੀਆ ਲਾਇਟਾਂ ਦਾ ਬੁਰਾ ਹਾਲ ਹੈ ਜਦਕਿ ਨਗਰ ਕੌਂਸਲ ਕੋਲ ਪਿਛਲੇ ਸਮੇਂ ਕਰੋੜਾਂ ਰੁਪੈ ਵਿਕਾਸ ਕਾਰਜਾਂ ਲਈ ਆਏ ਪਰ ਪਤਾ ਨਹੀ ਕਿਹੜੇ ਖੂਹ ਖਾਤੇ ਇਨਾਂ ਨੂੰ ਪਾ ਦਿੱਤਾ ਗਿਆ।
ਸ਼ਹਿਰ ਅੰਦਰ ਪਿਛਲੇ ਸਮੇਂ ਵਿਕਸਤ ਹੋਈਆ ਕਾਲੋਨੀਆਂ ਨੇ ਵੀ ਸਰਕਾਰੀ ਹਦਾਇਤਾਂ ਦੀਆ ਧੱਜੀਆ ਉਡਾਈਆ : ਸਥਾਨਕ ਸ਼ਾਿਰ ਅੰਦਰ ਕਲੋਨਾਇਜਰਾਂ ਨੇ ਪਿਛਲੇ ਸਮੇਂ ਉਸਾਰੀਆ ਕਾਲੋਨੀਆਂ ਵਿਚ ਵੀ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਦਿਆਂ ਰੇਰਾ ਦੇ ਕਿਸੇ ਹੁਕਮ ਦਾ ਪਾਲਣਾ ਨਹੀ ਕੀਤੀ। ਜਿਸ ਵਿਚ ਕਲੋਨਾਇਜਰਾਂ ਨੇ ਈ.ਡਬਲਿਯੂ ਐਸ ਆਰਥਿਕ ਪੱਖੋ ਕਮਜੋਰ ਪਰਿਵਾਰਾਂ ਨੂੰ ਕਾਲੋਨੀ ਦੇ ਵਿਕਸਤ ਲਈ ਸਸਤੇ ਭਾਅ ’ਤੇ ਪਲਾਟ ਦੇਣੇ ਹੁੰਦੇ ਹਨ ਪਰ ਅਧਿਕਾਰੀਆਂ ਦੀ ਵੱਟੀ ਚੁੱਭ ਕਾਰਨ ਸਭ ਕੁਝ ਖੂਹ ਖਾਤੇ ਹੀ ਪੈ ਰਿਹਾ ਹੈ। ਜੋ ਵੱਡੀ ਜਾਂਚ ਦਾ ਵਿਸ਼ਾ ਹੈ।
ਉਧਰ ਕੁਝ ਕਲੋਨਾਇਜਰਾਂ ਨੇ ਜਿੱਥੇ ਕਾਲੋਨੀ ਦੇ ਪਾਸ ਕਰਵਾਏ ਨਕਸ਼ਿਆਂ ਵਿਚ ਬਿਨਾਂ ਪਰਮੀਸ਼ਨ ਲਏ ਖੁਦ ਹੀ ਫੇਰਬਦਲ ਕਰ ਲਏ, ਉਥੇ ਕੁਝ ਕਲੋਨਾਇਜਰਾਂ ਵੱਲੋ ਆਪਣੇ ਨਾਲ ਲੱਗਦੀਆ ਜਾਂ ਫੇਰ ਆਲੇ ਦੁਆਲੇ ਸੜਕਾਂ ਸਣੇ ਸਰਕਾਰੀ ਜਮੀਨਾਂ ’ਤੇ ਵੀ ਹੱਥ ਫੇਰ ਦਿੱਤਾ ਜਦਕਿ ਕੁਝ ਸਰਕਾਰੀ ਵਿਭਾਗ ਦੀ ਜਮੀਨ ਇਨਾਂ ਕਲੋਨਾਇਜਰਾਂ ਦੀਆ ਕਲੋਨੀਆਂ ਵਿਚ ਬੋਲਦੀ ਹੈ, ਕਈ ਖਾਲ ਕਲੋਨਾਇਜਰਾਂ ਨੇ ਬੰਦ ਕਰ ਦਿੱਤੇ, ਜਿਸ ਦਾ ਖਮਿਆਜਾ ਲੋਕ ਪਾਣੀ ਵਿਚ ਡੁੱਬ ਕੇ ਝੱਲਦੇ ਹਨ ਪਰ ਇਨਾਂ ਕਲੋਨਾਇਜਰਾਂ ਨੇ ਖੁਦ ਨੂੰ ਪੈਸੇ ਦੇ ਸਮੁੰਦਰ ਵਿਚ ਡੁਬੋ ਲਿਆ। ਜਿਸ ਲਈ ਕਲੋਨਾਇਜਰਾਂ ਤੋ ਕਿਤੇ ਜਿਆਦਾ ਸਰਕਾਰੀ ਅਧਿਕਾਰੀ ਜੁੰਮੇਵਾਰ ਹਨ। ਹੁਣ ਵੇਖਦੇ ਹਾਂ ਕਿ ਸੁੱਤੀ ਪਈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੀ ਇਸ ਮਾਮਲੇ ਵਿਚ ਜਾਗੇਗੀ ਜਾਂ ਫੇਰ ਇਹ ਵੀ ਪਹਿਲੀਆ ਸਰਕਾਰਾਂ ਵਾਂਗ ਡੰਗ ਟਪਾਈ ਨੂੰ ਹੀ ਤਰਜੀਹ ਦੇਵੇਗੀ। ਮਾਮਲੇ ਸਬੰਧੀ ਇਕ ਉੱਚ ਅਧਿਕਾਰੀ ਨੇ ਦੱਸਿਆਂ ਕਿ ਜਲਦ ਹੀ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ, ਨਗਰ ਕੌਸਲ ਤੋ ਰਿਪੋਰਟ ਲੈ ਕੇ ਅਜਿਹੇ ਕਲੋਨਾਇਜਰਾਂ ਖਿਲਾਫ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।--ਚਲਦਾ