ਹੁਣ ਚੌਲ ਮਿੱਲ ਮਾਲਿਕਾਂ ਤੋ ਕਰੋੜਾਂ ਰੁਪੈ ਗੁੰਡਾ ਟੈਕਸ ਵਸੂਲ ਰਹੇ ਨੇ ਲੇਬਰ ਠੇਕੇਦਾਰ
7ਡੇਅ ਨਿਊਜ ਸਰਵਿਸ
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਅੰਦਰਲੇ ਛੇ ਦਰਜਣ ਤੋ ਵਧੇਰੇ ਚੌਲ ਮਿੱਲ ਮਾਲਿਕਾਂ ਤੋ ਜੈਤੋ ਦੇ ਠੇਕੇਦਾਰ ਵੱਲੋ ਕਰੋੜਾਂ ਰੁਪੈ ਗੁੰਡਾ ਟੈਕਸ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ ਭਾਵੇਂ ਇਸ ਸਬੰਧ ਵਿਚ ਰਾਜ ਦੀ ਇਕ ਖਰੀਦ ਏਜੰਸੀ ਦੇ ਅਧਿਕਾਰੀ ਨੇ ਸਿੱਧੇ ਤੌਰ ’ਤੇ ਠੇਕੇਦਾਰ ਦੀ ਇਸ ਕਾਰਵਾਈ ਵਿਰੁੱਧ ਲਿਖਤੀ ਆਵਾਜ ਬੁਲੰਦ ਕੀਤੀ ਹੈ ਜਦਕਿ ਸ਼ਹਿਰ ਦੇ ਕੁਝ ਚੌਲ ਮਿੱਲ ਮਾਲਿਕਾਂ ਨੇ ਵੀ ਇਸ ਗੁੰਡਾ ਟੈਕਸ ਨੂੰ ਦੇਣ ਤੋ ਕੋਰੀ ਨਾਂਹ ਕਰ ਦਿੱਤੀ ਹੈ। ਜਿਸ ਕਾਰਨ ਨਵੇਂ ਵੇਅਰ ਹਾਊਸ ਵਾਲੇ ਰਾਹ ’ਤੇ ਵੱਡੀ ਗਿਣਤੀ ਵਿਚ ਮਿੱਲ ਮਾਲਿਕਾਂ ਦੇ ਚੌਲਾਂ ਦੇ ਭਰੇ ਟਰੱਕ ਖਾਲੀ ਹੋਣ ਲਈ ਆਪਣੀ ਉਡੀਕ ਕਰ ਰਹੇ ਹਨ। ਸ਼ਹਿਰ ਦੇ ਇਕ ਮਿੱਲ ਮਾਲਿਕ ਨੇ ਦੱਸਿਆਂ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋ ਅਧਿਕਾਰਿਤ ਤੌਰ ’ਤੇ ਸਰਕਾਰੀ ਜੀਰੀ ਦੀ ਛੜਾਈ ਉਪਰੰਤ ਨਿਕਲੇ ਚੌਲਾਂ ਨੂੰ ਗੁਦਾਮਾਂ ਅੰਦਰ ਸਟੋਰ ਕਰਨ ਲਈ ਟੈਂਡਰ ਲਗਾ ਕੇ ਰਿਸ਼ੂ ਮਿੱਤਲ ਨੂੰ ਠੇਕਾ ਦਿੱਤਾ ਹੈ। ਜਿਸ ਨੂੰ ਪੰਜਾਬ ਸਰਕਾਰ ਨੇ ਗੁਦਾਮ ਅੰਦਰ ਚੌਲ ਲਾਉਣ ਬਦਲੇ ਇਵਜ (ਵੱਖੋ ਵੱਖਰੇ ਪੜਾਅ ’ਤੇ ਆ ਕੇ ਪ੍ਰਤੀ ਗੱਟਾ ਪੈਸੇ) ਦੇਣੇ ਹਨ, ਪਰ ਹੱਦ ਉਸ ਵੇਲੇ ਹੋ ਗਈ ਜਦ ਠੇਕੇਦਾਰ ਦੀ ਕਥਿਤ ਤੌਰ ’ਤੇ ਲੇਬਰ ਨੇ ਠੇਕੇਦਾਰ ਨਾਲ ਮਿਲੀਭੁਗਤ ਕਰਕੇ ਪ੍ਰਤੀ ਗੱਡੀ (580 ਗੱਟੇ) ਚੌਲਾ ਬਦਲੇ 2500 ਰੁਪੈ ਦੀ ਮੰਗ ਮਿੱਲ ਮਾਲਿਕਾਂ ਸਾਹਮਣੇ ਰੱਖ ਦਿੱਤੀ ਜਦਕਿ ਅਜਿਹਾ ਗੁੰਡਾ ਟੈਕਸ ਮਿੱਲ ਮਾਲਿਕਾਂ ਤੋ ਜਬਰੀ ਵਸੂਲਿਆ ਜਾ ਰਿਹਾ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਚੌਲ ਨੂੰ ਗੁਦਾਮ ਅੰਦਰ ਲਾਉਣ ਤੋ ਮਨਾਹੀ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆਂ ਕਿ ਭਾਰਤੀ ਖਾਧ ਨਿਗਮ ਤਪਾ ਅਧੀਨ ਪੈਂਦੇ ਕਰੀਬ 60/70 ਮਿੱਲ ਮਾਲਿਕ ਇਸ ਵੇਲੇ 7000/7500 ਗੱਡੀਆਂ ਦਾ ਕੰਮ ਕਰ ਰਹੇ ਹਨ ਜਦਕਿ ਇਹ ਰਾਸ਼ੀ 2 ਕਰੋੜ ਰੁਪੈ ਦੇ ਕਰੀਬ ਬਣਦੀ ਹੈ ਜਦਕਿ ਅਸਲੀਅਤ ਇਹ ਹੈ ਕਿ ਕੁਝ ਮਿੱਲ ਮਾਲਿਕਾ ਤੋ ਡਰਾ ਕੇ ਇਹ ਰਾਸ਼ੀ ਵਸੂਲੀ ਵੀ ਜਾ ਰਹੀ ਹੈ। ਜਿਨਾਂ ਦਾ ਚੌਲ ਇਸ ਵੇਲੇ ਬਿਨਾਂ ਵਾਰੀ ਤੋ ਪਹਿਲਾ ਸਟੋਰ ਕੀਤਾ ਜਾ ਰਿਹਾ ਹੈ। ਉਨਾਂ ਦੋਸ਼ ਲਗਾਇਆ ਕਿ ਜੋ ਮਿੱਲ ਮਾਲਿਕ ਇਹ ਰਾਸ਼ੀ ਦੇਣ ਤੋ ਇਨਕਾਰ ਕਰ ਰਿਹਾ ਹੈ, ਉਸ ਦਾ ਚੌਲ ਗੁਦਾਮ ਵਿਚ ਉਤਾਰਿਆ ਨਹੀ ਜਾ ਰਿਹਾ, ਜਿਸ ਕਾਰਨ ਮਿੱਲ ਮਾਲਿਕ ਖੱਜਲ ਖੁਆਰ ਹੋ ਰਹੇ ਹਨ ਜਦਕਿ ਕੁਝ ਮਿੱਲ ਮਾਲਿਕ ਠੇਕੇਦਾਰ ਦੀ ਇਸ ਗੁੰਡਾ ਟੈਕਸ ਖਿਲਾਫ ਮੂੰਹ ਖੋਲਣ ਤੋ ਡਰ ਵੀ ਰਹੇ ਹਨ ਕਿ ਅਜਿਹਾ ਹੋਣ ’ਤੇ ਕੋਈ ਨਤੀਜਾ ਭੁਗਤਣਾ ਪੈ ਸਕਦਾ ਹੈ। ਉਨਾਂ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆਂ ਕਿ ਇਸ ਸਬੰਧ ਵਿਚ ਮਿੱਲ ਮਾਲਿਕਾਂ ਦੀ ਇਕ ਹੰਗਾਮੀ ਮੀਟਿੰਗ ਸੱਦੀ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋ ਕਿਸੇ ਵੀ ਭਿ੍ਰਸ਼ਟਚਾਰ ਖਿਲਾਫ ਆਵਾਜ ਬੁਲੰਦ ਕਰਨ ਲਈ ਇਨਸਾਫ ਦੇਣ ਦੇ ਦਿਵਾਏ ਭਰੋਸੇ ਅਤੇ ਭਿ੍ਰਸ਼ਟਾਚਾਰ ਖਿਲਾਫ ਟੋਲ ਫਰੀ ਨੰਬਰ ਉਪਰ ਇਸ ਦੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਤਾਂ ਜੋ ਤਪਾ ਸਣੇ ਪੰਜਾਬ ਭਰ ਵਿਚ ਪਹਿਲਾ ਹੀ ਘਾਟੇ ਵਿਚ ਪਿਸ ਰਹੀ ਚੌਲ ਮਿੱਲ ਸਨਅਤ ਨੂੰ ਇਸ ਗੁੰਡਾ ਟੈਕਸ ਤੋ ਰਾਹਤ ਦਿਵਾਉਣ ਦੇ ਨਾਲ ਅਜਿਹੇ ਟੈਕਸ ਵਸੂਲਣ ਵਾਲਿਆਂ ਖਿਲਾਫ ਕਾਨੂੰਨੀ ਸਿੰਕਜਾਂ ਕਸਵਾਇਆ ਜਾ ਸਕੇ। ਉਧਰ ਇਸ ਸਬੰਧ ਵਿਚ ਸਥਿਤੀ ਉਸ ਵੇਲੇ ਹੋਰ ਵੀ ਸਾਫ ਹੋਈ ਜਦ ਪੰਜਾਬ ਰਾਜ ਵੇਅਰਹਾਊੁਸ ਗੁਦਾਮ ਦੇ ਲੋਕਲ ਅਧਿਕਾਰੀ ਨੇ ਇਸ ਸਬੰਧ ਵਿਚ ਠੇਕੇਦਾਰ ਨੂੰ ਦੋ ਵੱਖ ਵੱਖ ਲਿਖਤੀ ਪੱਤਰ ਬੀਤੇ ਦਿਨੀ ਜਾਰੀ ਕੀਤੇ।
ਜੋ 7ਡੇਅ ਨਿਊਜ ਦੇ ਹੱਥ ਵੀ ਲੱਗੇ। ਜਿਨਾਂ ਵਿਚ ਸਪੱਸਟ ਕੀਤਾ ਗਿਆ ਕਿ ਠੇਕੇਦਾਰ ਲੋੜੀਂਦੀ ਲੇਬਰ ਮਹੁੱਈਆ ਕਰਵਾਏ ਤਾਂ ਕਿ ਰਾਜ ਗੁਦਾਮ ਤਪਾ ਦੇ ਗੋਦਾਮਾਂ ਵਿਚ ਵੱਖ ਵੱਖ ਰਾਇਸ ਮਿੱਲ ਮਾਲਿਕ ਦੁਆਰਾ ਰਾਇਸ ਡੰਪ ਕੀਤਾ ਜਾ ਰਿਹਾ ਹੈ ਅਤੇ ਐਫ.ਸੀ.ਆਈ ਸਟਾਫ ਵੱਲੋਂ ਪਾਸ ਕੀਤੀਆਂ ਕਨਸਾਈਨਮੈਂਟ ਦੀ ਸਮੇਂ ਸਿਰ ਸਟੇਕਿੰਗ ਨਾ ਹੋਣ ਕਰਕੇ ਕੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਵਿਚ ਵਿਘਨ ਆ ਰਹੀ ਹੈ। ਜਿਸ ਕਰਕੇ ਰਾਇਸ ਡੰਪ ਕਰਨ ਵਿਚ ਰਾਇਸ ਮਿੱਲਰਾਂ ਨੂੰ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਠੇਕੇਦਾਰ ਨੂੰ ਸਪੱਸਟ ਸਬਦਾਂ ਵਿਚ ਕਿਹਾ ਗਿਆ ਕਿ ਸਬੰਧਤ ਸਟੇਸ਼ਨ ’ਤੇ ਲੇਬਰ ਮਹੁੱਈਆ ਕਰਵਾਈ ਜਾਵੇ ਤਾਂ ਜੋ ਕੰਮ ਨੂੰ ਨਿਰਵਿਘਨ ਤਰੀਕੇ ਨਾਲ ਚਲਾਇਆ ਜਾ ਸਕੇ।
ਉਧਰ ਦੂਜੇ ਪੱਤਰ ਵਿਚ ਪੰਜਾਬ ਰਾਜ ਵੇਅਰਹਾਊਸ ਗੁਦਾਮ ਦੇ ਅਧਿਕਾਰੀ ਨੇ ਕਿਹਾ ਕਿ ਆਪ ਦੁਆਰਾ ਮੁਹੱਈਆ ਕਰਵਾਈ ਗਈ ਲੇਬਰ ਮਨਮਰਜੀ ਨਾਲ ਗੱਡੀਆਂ ਸਟੈਕ ਕਰ ਰਹੀ ਹੈ ਜਦਕਿ 13 ਦਸੰਬਰ ਨੂੰ ਪਾਸ ਹੋਈਆਂ ਕਨਸਾਈਨਮੈਂਟਸ ਨਾ ਲਗਾ ਕੇ ਅਗਲੇ ਦਿਨ ਦੀਆਂ ਪਾਸ ਹੋਈਆਂ ਕਨਸਾਈਨਮੈਂਟਸ ਸਟੈਕ ਕਰ ਰਹੇ ਹਨ। ਜਿਸ ਸਬੰਧੀ ਆਪ ਦੇ ਨੁਮਾਇੰਦੇ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਪਰ ਲੇਬਰ ਗੱਡੀਆਂ ਨਹੀਂ ਲਗਾ ਰਹੀ। ਮਿੱਲਰਾਂ ਦੇ ਵਿਰੋਧ ਕਾਰਨ 15 ਦਸੰਬਰ ਨੂੰ ਡੰਪਿੰਗ ਵੀ ਮਜਬੂਰੀਬੱਸ ਬੰਦ ਕਰਨੀ ਪੈ ਗਈ ਹੈ ਜੋ ਕਿ ਨਿਰਾ ਪੂਰਾ ਪੰਜਾਬ ਸਰਕਾਰ ਦਾ ਹੀ ਨੁਕਸਾਨ ਹੈ। ਸੋ ਆਪ ਜੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਲਦ ਤੋਂ ਜਲਦ ਮਸਲੇ ਦਾ ਹੱਲ ਕਰਵਾਇਆ ਜਾਵੇ ਨਹੀਂ ਤਾਂ ਕਿਸੇ ਕਿਸਮ ਦਾ ਵਿੱਤੀ ਨੁਕਸਾਨ ਹੋਣ ਤੇ ਉਸਦੀ ਭਰਪਾਈ ਆਪ ਦੇ ਬਿੱਲਾਂ ਵਿਚੋਂ ਕਰ ਲਈ ਜਾਵੇਗੀ।
ਮਾਮਲੇ ਸਬੰਧੀ ਜਦ ਠੇਕੇਦਾਰ ਰਿਸ਼ੂ ਮਿੱਤਲ ਨਾਲ ਗੱਲ ਕੀਤੀ ਤਦ ਉਨਾਂ ਅਜਿਹੀ ਕੋਈ ਰਾਸ਼ੀ ਵਸੂਲਣ ਤੋ ਅਗਿਆਣਤਾ ਦਰਸਾਈ ਨਾ ਹੀ ਇਕ ਧਨੋਲੇ ਦੇ ਵਿਅਕਤੀ ਦਾ ਨਾਂਅ ਲੈ ਕੇ ਉਸ ਨੂੰ ਠੇਕੇਦਾਰ ਦਰਸਾਇਆ ਗਿਆ ਪਰ ਜਦ ਉਨਾਂ ਦਾ ਧਿਆਨ ਜਾਰੀ ਪੱਤਰ ਵੱਲ ਦਿਵਾਇਆ ਗਿਆ ਤਦ ਉਨਾਂ ਕਿਹਾ ਕਿ ਮੇਰਾ ਇੰਚਾਰਜ ਤੁਹਾਡੇ ਨਾਲ ਹੁਣੇ ਹੀ ਗੱਲ ਕਰਦਾ ਹੈ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਅਜਿਹੇ ਗੁੰਡਾ ਟੈਕਸਾਂ ਤੋ ਵਪਾਰੀਆਂ ਨੂੰ ਰਾਹਤ ਦਿਵਾਏਗੀ ਜਾਂ ਫੇਰ ਪੰਜਾਬ ਨੂੰ ਬਿਹਾਰ ਵਾਂਗ ਇਥੇ ਵੀ ਗੁੰਡਾ ਟੈਕਸ ਨੂੰ ਮਾਨਤਾ ਦੇ ਦਿੱਤੀ ਜਾਵੇਗੀ ਅਤੇ ਮਜਬੂਰੀਵੱਸ ਵਪਾਰੀ ਆਪਣੇ ਉਦਯੋਗਾਂ ਨੂੰ ਬਾਹਰਲੇ ਰਾਜਾਂ ਵਿਚ ਲਿਜਾਣ ਲਈ ਮਜਬੁਰ ਹੋਣਗੇ। ਜਿਕਰਯੋਗ ਹੈ ਕਿ ਉਕਤ ਠੇਕੇਦਾਰ ਖਿਲਾਫ ਕਥਿਤ ਤੌਰ ’ਤੇ ਵਿਜੀਲੈਸ ਦਾ ਸਿੰਕਜਾਂ ਪਹਿਲਾ ਵੀ ਕੱਸਿਆ ਹੋਇਆ ਹੈ।
ਚਲਦਾ