ਮੂੰਗੀ ਕਾਸ਼ਤਕਾਰ ਕਿਸਾਨੋ, ਸਾਵਧਾਨ, ਢਾਈ ਕਰੋੜ ਦੀ ਹੋ ਚੁੱਕੀ ਹੈ ਕੱਚੀ ਬੋਲੀ ਰਾਹੀ ਇਸ ਮੰਡੀ ’ਚ ਹੀ ਲੁੱਟ,
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
7ਡੇਅ ਨਿਊਜ ਸਰਵਿਸ,
ਤਪਾ ਮਾਰਕੀਟ ਕਮੇਟੀ ਦੀ ਹਦੂਦ ਅੰਦਰ ਪਿਛਲੇ ਦਿਨਾਂ ਤੋ ਵਿਕਣ ਆਈ ਮੂੰਗੀ ਦੀ ਖਰੀਦ ਨੂੰ ਲੈ ਕੇ ਘੜਮੱਸ ਪਿਆ ਨਜਰ ਆ ਰਿਹਾ ਹੈ, ਜਿਸ ਵਿਚ ਇਕਲੇ ਇਥੇ ਹੀ ਮੁੂੰਗੀ ਦੀ ਖਰੀਦ ਵਿਚ ਕਿਸਾਨਾਂ ਨੂੰ ਡੇਢ ਤੋ ਢਾਈ ਕਰੋੜ ਰੁਪੈ ਦਾ ਚੂਨਾ ਲੱਗਣ ਦੀ ਗੱਲਾਂ ਬਾਹਰ ਆਉਣ ਲੱਗ ਪਈਆ ਹਨ। ਜਿਸ ਨੂੰ ਲੈ ਕੇ ਬੀਤੇ ਕੱਲ ਮਾਰਕੀਟ ਕਮੇਟੀ ਦੇ ਜੁੰਮੇਵਾਰ ਦੇ ਦਫਤਰ ਅੰਦਰ ਵੀ ਆੜਤੀਆਂ ਅਤੇ ਅਧਿਕਾਰੀਆਂ ਵਿਚਕਾਰ ਖੁੱਲੀ ਕਹਾ ਸੁਣੀ ਹੋਈ। ਜੇਕਰ ਸੂਤਰਾਂ ਦੀ ਮੰਨੀਏ ਤਦ ਇਹ ਵੀ ਸਾਹਮਣੇ ਆਇਆ ਕਿ ਇਕ ਅਧਿਕਾਰੀ ਨੇ ਇਥੋ ਤੱਕ ਕਹਿ ਦਿੱਤਾ ਕਿ ਮੂੰਗੀ ਵਿਚ ਤਾਂ ਮਾਰਕੀਟ ਕਮੇਟੀ ਇਕਲੀ ਵੰਗਾਰ ਕਰਦੀ ਹੈ, ਪਰ ਅੱਗਿਓ ਇਕ ਜੁੰਮੇਵਾਰ ਜਦ ਇਹ ਕਹਿ ਕੇ ਪੈ ਨਿਕਲਿਆ ਕਿ ਤਨਖਾਹਾਂ ਸਰਕਾਰ ਕੁਰਸੀਆਂ ਤੋੜਣ ਦੀਆ ਨਹੀ ਦਿੰਦੀ ਬਲਕਿ ਇਸ ਲਈ ਕੰਮ ਵੀ ਕਰਨਾ ਪੈਂਦਾ ਹੈ ਤਾਂ ਅਧਿਕਾਰੀ ਦੇ ਮੂੰਹ ਤੋ ਮੱਖੀ ਨਾ ਉੱਠੀ, ਭਾਵੇਂ ਬੀਤੇ ਕੱਲ ਤੋ ਮਾਰਕੀਟ ਕਮੇਟੀ ਨੇ ਮੂੰਗੀ ਕਾਸ਼ਤਕਾਰ ਕਿਸਾਨਾਂ ਦੀ ਲੁੱਟ ਬੰਦ ਕਰਵਾਉਣ ਲਈ ਸਖਤੀ ਦੀ ਗੱਲ ਕੀਤੀ ਪਰ ਕੁਝ ਘੰਟਿਆਂ ਬਾਅਦ ਹੀ ਉਕਤ ਸਖਤੀ ਹਵਾ ਹੋ ਗਈ ਕਿਉਕਿ ਮੂੰਗੀ ਦੀ ਕੱਚੀ ਬੋਲੀ ਰਾਤ ਵੇਲੇ ਵੀ ਬਰਕਰਾਰ ਰਹੀ। ਜਿਸ ਨਾਲ ਕਿਸਾਨ ਨੂੰ ਭਾਰੀ ਆਰਥਿਕ ਧੱਕਾ ਲੱਗਿਆ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅੰਦਰ ਮੋਹਰੀ ਕਤਾਰ ਵਿਚ ਮੂੰਗੀ ਦੀ ਖਰੀਦ ਲਈ ਪਿਛਲੇ ਦਿਨਾਂ ਤੋ ਤਪਾ ਮਾਰਕੀਟ ਕਮੇਟੀ ਆਪਣੀਆ ਗੁਆਂਢੀ ਮੰਡੀਆਂ ਨਾਲੋ ਕਿਤੇ ਅੱਗੜ ਵਿਖਾਈ ਦੇ ਰਹੀ ਹੈ। ਜਿਸ ਕਾਰਨ ਪੌਣੀ ਦਰਜਣ ਦੇ ਕਰੀਬ ਪ੍ਰਾਈਵੇਟ ਪਲੇਅਰ ਮੂੰਗੀ ਦੀ ਖਰੀਦ ਵਿਚ ਜੁਟ ਗਏ ਹਨ, ਜੋ ਮੂੰਗੀ ਦੀ ਖਰੀਦ ਕਰਕੇ ਪਿਛਲੇ ਸਮੇਂ ਲੋੜੀਦੇ ਵੱਡੇ ਵਪਾਰੀਆਂ ਤੱਕ ਭੇਜਦੇ ਸਨ, ਪਰ ਇਸ ਵਾਰ ਪਲੇਅਰਾਂ ਨੇ ਆਪਣੀ ਹੀ ਪਿੱਚ ਅੰਦਰ ਮੂੰਗੀ ਨੂੰ ਸਟੋਰ ਕਰ ਲਿਆ ਹੈ ਕਿਉਕਿ ਕਾਫੀ ਸਸਤੇ ਭਾਅ ਵਿਚ ਆਪਿਸੀ ਪੂਲ ਕਰਕੇ ਖਰੀਦ ਕੀਤੀ ਮੂੰਗੀ ਵਿਚ ਭਾਵੇਂ ਕਿਸਾਨਾਂ ਦੀ ਚੰਗੀ ਆਰਥਿਕ ਛਿੱਲ ਪੁੱਟੀ ਗਈ ਹੈ ਕਿਉਕਿ ਜਿਆਦਾਤਰ ਵਪਾਰੀਆਂ ਨੇ ਇਸ ਮੂੰਗੀ ਨੂੰ ਕੱਚੀ ਬੋਲੀ ਰਾਹੀ ਖਰੀਦਿਆਂ ਹੈ। ਜਿਸ ਕਾਰਨ ਹੀ ਕਿਸਾਨਾਂ ਦੇ ਪੱਲੇ ਕੱਖ ਨੀ ਪਿਆ, ਸਰਕਾਰੀ ਏਜੰਸੀਆਂ ਨੇ ਚਾਂਦੀ ਦੇ ਚਮਚੇ ਕਾਰਨ ਆਪਣੀ ਜੁਬਾਨ ਜਿੱਥੇ ਬੰਦ ਰੱਖੀ, ਉਥੇ ਅੱਖਾਂ ਕੰਨ ਵੀ ਮੰਦ ਲਏ ਅਤੇ ਹੋ ਰਹੀ ਖੁੱਲੀ ਖੇਡ ਨੂੰ ਆਪਣੀ ਅੱਖੀ ਵੇਖਿਆ, ਪਰ ਲਾਲਚੀ ਰਾਜੇ ਵਾਂਗ ਕੋਈ ਹਿੱਲ ਜੁੱਲ ਕਰਨ ਦੀ ਜੁਰਅੱਤ ਨਾ ਕੀਤੀ ਅਤੇ ਨੰਗੀ ਚਲ ਰਹੀ ਖੇਡ ਨੂੰ ਇੰਝ ਹੀ ਚਾਲੂ ਰੱਖਿਚਆ ਹੋਇਆ ਹੈ। ਖਰੀਦ ਕੇਂਦਰ ਵਿਚ ਆਈ ਮੂੰਗੀ ਦੀ ਜਿਣਸ ਵਿਚੋ 5ਵੇਂ ਹਿੱਸੇ ਦੀ ਮੂੰਗੀ ਦੀ ਸਰਕਾਰੀ ਬੋਲੀ ਹੋਈ ਹੈ ਬਾਕੀ ਚਾਰ ਹਿੱਸੇ ਮੂੰਗੀ ਇਨਾਂ ਵਪਾਰੀਆਂ ਦੇ ਗੁਦਾਮਾਂ ਵਿਚ ਪਈ ਹੈ। ਜਿਸ ਦੇ ਸਟੋੇਰ ਦਾ ਮੁੱਖ ਕਾਰਨ ਮੂੰਗੀ ’ਤੇ ਮਾਰਕੀਟ ਫੀਸ ਅਤੇ ਆਰ.ਡੀ.ਐਫ ਨਾ ਹੋਣਾ ਵੀ ਹੈ ਜਦਕਿ ਕਿਸਾਨ ਦੀ ਲੁੱਟ ਇਕਲੇ ਵਪਾਰੀ ਨੇ ਹੀ ਨਹੀ ਬਲਕਿ ਹੋਰਨਾਂ ਧਿਰਾਂ ਨੇ ਵੀ ਕੁੱਖਾਂ ਕੱਢ ਲਈਆ ਹਨ। ਜਿਸ ਦੇ ਕਈ ਅੰਕੜੇ ਆਉਦੇਂ ਦਿਨਾਂ ਵਿਚ ਜਨਤਕ ਹੋਣਗੇ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਮੂੰਗੀ ਕਾਸ਼ਤਕਾਰ ਕਿਸਾਨਾਂ ਦੀ ਲੁੱਟ ਦਾ ਹਿਸਾਬ ਕਿਸਾਨ ਜੱਥੇਬੰਦੀਆਂ ਨੂੰ ਵੀ ਇਨਾਂ ਪਲੇਅਰਾਂ ਨੂੰ ਦੇਣਾ ਪਵੇਗਾ। ਜਿਸ ਦੀ ਚਰਚਾ ਵੀ ਛਿੜ ਗਈ ਹੈ।
ਕੀ ਹੈ ਕੱਚੀ ਬੋਲੀ
---------- :- ਮੂੰਗੀ ਦੀ ਖਰੀਦ ਜਿਆਦਾਤਰ ਕੱਚੀ ਬੋਲੀ ਰਾਹੀ ਹੋਈ ਹੈ, ਭਾਵੇਂ ਕੱਚੀ ਬੋਲੀ ਸਰਕਾਰੀ ਤੌਰ ’ਤੇ ਕਾਨੂੰਨਨ ਜੁਰਮ ਹੈ ਕਿਉਕਿ ਖੁੱਲੀ ਬੋਲੀ ਨੂੰ ਹੀ ਮਾਨਤਾ ਮਿਲੀ ਹੋਈ ਹੈ, ਕਿਉਕਿ ਸਰਕਾਰ ਵੱਲੋ ਘੱਟੋ ਘੱਟ ਖਰੀਦ ਮੁੱਲ ’ਤੇ ਕਿਸੇ ਵੀ ਜਿਣਸ ਨੂੰ ਖਰੀਦਣ ਦੀ ਇਜਾਜਤ ਹੈ, ਜੇਕਰ ਪ੍ਰਾਈਵੇਟ ਪਲੇਅਰ ਨੇ ਕੋਈ ਵੀ ਜਿਣਸ ਖਰੀਦਣੀ ਹੈ ਤਾਂ ਉਹ ਸਰਕਾਰੀ ਭਾਅ ਤੋ ਵਧਾ ਕੇ ਉਸ ਦੀ ਬੋਲੀ ਰਾਹੀ ਇਸ ਨੂੰ ਖਰੀਦ ਸਕਦਾ ਹੈ, ਪਰ ਇਥੇ ਤਾਂ ਉੱਲਟੀ ਗੰਗਾਂ ਵਹਿ ਰਹੀ ਹੈ, ਜਦ ਖਰੀਦਦਾਰ ਅਜੇ ਪਿਛਾਂਹ ਬੋਲੀ ਦੇ ਰਹੇ ਹੁੰਦੇ ਹਨ ਤਦ ਇਕ ਪਲੇਅਰ ਅੱਗੇ ਨਿਕਲਦਾ ਹੈ ਅਤੇ 7755 ਰੁਪੈ ਵਾਲੀ ਮੂੰਗੀ ਦੀ ਫਸਲ ਦਾ 6000 ਰੁਪੈ ਮੁੱਲ ਲਾ ਕੇ ਇਸ ਦੀ ਖਰੀਦ ਕਰ ਲੈਂਦਾ ਹੈ ਜਦਕਿ ਮਾਰਕੀਟ ਕਮੇਟੀ ਦਾ ਕਰਮਚਾਰੀ ਜੋ ਕੁੱਛੜ ਰਜਿਸਟਰ ਚੁੱਕੀ ਫਿਰਦਾ ਹੈ, ਵੀ ਵਿਚਾਰਾ ਬਣ ਕੇ ਰਹਿ ਜਾਂਦਾ ਹੈ। ਜਿਸ ਦੇ ਚਲਦਿਆਂ ਕੱਚੀ ਬੋਲੀ ਰਾਹੀ ਪ੍ਰਾਈਵੇਟ ਪਲੇਅਰਾਂ ਨੇ ਆਪਣੇ ਹੱਥ ਰੰਗ ਲਏ ਹਨ। ਇਸ ਦਾ ਇਕ ਹੋਰ ਮੁੱਖ ਕਾਰਨ ਇਹ ਵੀ ਹੈ ਕਿ ਇਥੇ ਮਹਿਰਾਜ, ਹਰਨਾਮ ਸਿੰਘ ਵਾਲਾ ਵਰਗੇ ਪਿੰਡਾਂ ਵਿਚੋ ਵੀ ਮੂੰਗੀ ਵਿਕਣ ਆ ਰਹੀ ਹੈ, ਜੋ ਬਠਿੰਡਾ ਜਿਲੇਂ ਦੇ ਹਿੱਸੇ ਹਨ, ਪਰ ਜਲਦ ਜਾਣ ਦੀ ਕਾਹਲ ਦਾ ਇਹ ਪਲੇਅਰ ਫਾਇਦਾ ਲੈਂਦੇ ਹਨ ਅਤੇ ਪਿੱਚ ਤੇ ਆਉਣ ਤੋ ਪਹਿਲਾ ਹੀ ਕਿਸਾਨ ਪਲੇਅਰਾਂ ਨੂੰ ਆਊਟ ਕਰ ਦਿੱਤਾ ਜਾਂਦਾ ਹੈ। ਅਜਿਹੀਆ ਸੈਕੜੇ ਮਿਸਾਲਾਂ ਆਉਦੇਂ ਦਿਨਾਂ ਵਿਚ ਚੁੰਝ ਚਰਚਾਵਾਂ ਬਣਨਗੀਆ।
ਵਾਰਨਿੰਗ ਦੇਣ ਦੇ ਬਾਵਜੂੁਦ ਖਰੀਦਣ ਵਾਲੇ ਆੜਤੀਏ ’ਤੇ ਹੋਵੇਗਾ ਕਾਰਵਾਈ :- ਮਾਮਲੇ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ ਨੇ ਕਿਹਾ ਕਿ ਮਾਮਲਾ ਮੇਰੇ ਧਿਆਨ ਵਿਚ ਆਇਆ ਸੀ। ਜਿਸ ’ਤੇ ਕਿਸੇ ਵੀ ਆੜਤੀਏ ਨੂੰ ਕੱਚੀ ਬੋਲੀ ਰਾਹੀ ਮੂੰਗੀ ਦੀ ਖਰੀਦ ਕਰਨ ਤੋ ਮਨਾਹੀ ਕੀਤੀ ਗਈ ਸੀ, ਪਰ ਫੇਰ ਵੀ ਜੇਕਰ ਕਿਸੇ ਨੇ ਕੱਲ ਰਾਤ ਅਜਿਹਾ ਕੀਤਾ ਹੈ ਤਾਂ ਹੁਣੇ ਹੀ ਪਤਾ ਕਰਕੇ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।