ਪਰਾਲ਼ੀ ਪ੍ਰਬੰਧਨ ਦੇ ਬਹਾਨੇ ਕਿਸਾਨਾਂ ਤੇ ਜ਼ਬਰ ਬਰਦਾਸ਼ਤ ਨਹੀਂ ਕਰਾਂਗੇ - ਮਨਜੀਤ ਧਨੇਰ
*ਢੁਕਵੇਂ ਮੁਆਵਜ਼ੇ ਅਤੇ ਮਸ਼ੀਨਰੀ ਦੀ ਅਣਹੋਂਦ ਵਿੱਚ ਪਰਾਲੀ ਸਾੜਨੀ ਕਿਸਾਨਾਂ ਦੀ ਮਜਬੂਰੀ - ਹਰਨੇਕ ਮਹਿਮਾ
ਰਾਮਪੁਰਾ ਫੂਲ,10 ਨਵੰਬਰ (ਨਵਦੀਪ) - ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਸੂਬਾ ਕਮੇਟੀ ਨੇ ਜ਼ੂਮ ਮੀਟਿੰਗ ਕਰਕੇ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਦੇ ਬਹਾਨੇ ਕਿਸਾਨਾਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਸਖ਼ਤ ਨੋਟਿਸ ਲਿਆ ਹੈ. ਪਰਾਲੀ ਪ੍ਰਬੰਧਨ ਦੇ ਮਸਲੇ ਬਾਰੇ ਸੂਬਾ ਕਮੇਟੀ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ, ਬਰਨਾਲਾ ਅਤੇ ਬਠਿੰਡਾ ਸਮੇਤ ਅਨੇਕਾਂ ਥਾਵਾਂ ਤੇ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਪਿੰਡਾਂ ਵਿੱਚ ਪਰਾਲੀ ਦਾ ਪ੍ਰਬੰਧ ਕਰਨ ਲਈ ਬੇਲਰ ਵਗੈਰਾ ਭੇਜੇ ਜਾਣ ਪਰ ਹਰ ਜਗ੍ਹਾ ਤੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਪਰਾਲੀ ਦੇ ਨਿਪਟਾਰੇ ਲਈ ਮਸ਼ੀਨਰੀ ਦੇ ਪ੍ਰਬੰਧ ਬਿਲਕੁੱਲ ਨਿਗੂਣੇ ਹਨ। ਆਗੂਆਂ ਰੋਸ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣ ਵਾਅਦਾ ਕੀਤੇ ਜਾਣ ਦੇ ਬਾਵਜੂਦ, ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸਿਫਾਰਿਸ਼ ਕੀਤੇ 2500/- ਰੁਪਏ ਪ੍ਰਤੀ ਏਕੜ ਮੁਆਵਜੇ ਨੂੰ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ, ਜਦਕਿ ਛੋਟਾ ਕਿਸਾਨ ਪਹਿਲਾਂ ਹੀ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਲੋਕ ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜ਼ਾਈ ਹੈ ਅਤੇ ਕਿਸੇ ਮੁਆਵਜ਼ੇ ਦੀ ਅਣਹੋਂਦ ਵਿੱਚ ਪਰਾਲੀ ਸਾੜਨੀ ਕਿਸਾਨਾਂ ਦੀ ਮਜ਼ਬੂਰੀ ਹੈ। ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਰਿਪੋਰਟ ਅਨੁਸਾਰ 15 ਨਵੰਬਰ ਤੋਂ ਬਾਅਦ ਬੀਜੀ ਕਣਕ ਦਾ ਝਾੜ 1.5 ਕੁਇੰਟਲ ਪ੍ਰਤੀ ਹਫਤਾ ਘਟ ਜਾਂਦਾ ਹੈ। ਇਸ ਤਰਾਂ ਕਿਸਾਨਾਂ ਕੋਲ ਕਣਕ ਦੀ ਬਿਜਾਂਦ ਲਈ ਦੋ ਹਫਤੇ ਤੋਂ ਵੱਧ ਸਮਾਂ ਨਹੀਂ ਹੁੰਦਾ ਅਤੇ ਪਰਾਲੀ ਫੂਕਣੀ ਕਿਸਾਨਾਂ ਦੀ ਮਜ਼ਬੂਰੀ ਬਣ ਜਾਂਦੀ ਹੈ। ਉਨਾਂ ਇਹ ਵੀ ਦੁਹਰਾਇਆ ਕਿ ਸਰਕਾਰਾਂ ਅਤੇ ਅਦਾਲਤਾਂ ਨੂੰ ਗੈਰ-ਖੇਤੀ ਖੇਤਰ ਦੁਆਰਾ ਫੈਲਾਏ ਜਾ ਰਹੇ ਪ੍ਰਦੂਸ਼ਣ ਤੇ ਕੰਟਰੋਲ ਕਰਨ ਲਈ ਗੌਰ ਕਰਨਾ ਚਾਹੀਦਾ ਹੈ, ਜਦਕਿ ਖੇਤੀ ਖੇਤਰ ਦਾ ਪ੍ਰਦੂਸ਼ਣ ਕੁੱਲ ਪ੍ਰਦੂਸ਼ਣ ਦਾ ਸਿਰਫ ਛੇ ਤੋਂ ਸੱਤ ਪ੍ਰਤੀਸ਼ਤ ਹੈ।ਇਸ ਲਈ ਬਾਕੀ ਪ੍ਰਦੂਸ਼ਣ ਤੇ ਕੰਟਰੋਲ ਕਰੇ ਬਿਨਾਂ ਸਿਰਫ ਕਿਸਾਨਾਂ ਨੂੰ ਦੋਸ਼ ਦੇਣਾ, ਕਾਰਪੋਰੇਟ ਘਰਾਣਿਆਂ ਦੀ ਕਿਸਾਨਾਂ ਨੂੰ ਬਦਨਾਮ ਕਰਨ ਲਈ ਡੂੰਘੀ ਸਾਜਿਸ਼ ਦਾ ਹੀ ਹਿੱਸਾ ਹੈ।ਪਰ ਲੋਕ ਇਹਨਾਂ ਸਾਜ਼ਿਸ਼ਾਂ ਨੂੰ ਸਫਲ ਨਹੀਂ ਹੋਣ ਦੇਣਗੇ।
ਸੂਬਾ ਕਮੇਟੀ ਨੇ ਸਾਰੇ ਪੰਜਾਬ ਵਿੱਚ ਕਿਸਾਨਾਂ ਤੇ ਪਰਾਲੀ ਫੂਕਣ ਸਬੰਧੀ ਮੜ੍ਹੇ ਜਾ ਰਹੇ ਕੇਸ ਰੱਦ ਕਰਨ, ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਕਰਨ ਅਤੇ ਰੈਡ ਇੰਦਰਾਜ਼ ਵਗੈਰਾ ਬਗੈਰਾ ਬੰਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਹੋਰ ਫ਼ਸਲਾਂ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਕਰਨ ਦੀ ਗਰੰਟੀ ਦਿੱਤੀ ਜਾਵੇ ਤਾਂ ਕਿਸਾਨ ਝੋਨਾ ਬੀਜਣਾ ਹੀ ਬੰਦ ਕਰ ਦੇਣਗੇ, ਪਰ ਸਰਕਾਰਾਂ ਇਸ ਪਾਸੇ ਗੰਭੀਰ ਨਹੀਂ ਹਨ। ਜਥੇਬੰਦੀ ਨੇ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਲਈ 26 ਨਵੰਬਰ ਨੂੰ ਚੰਡੀਗੜ੍ਹ ਵੱਲ ਕੂਚ ਕਰ ਰਹੇ ਹਨ। ਸਾਰੇ ਰਾਜਾਂ ਦੀਆਂ ਰਾਜਧਾਨੀਆਂ ਸਮੇਤ ਚੰਡੀਗੜ੍ਹ ਵਿੱਚ 72 ਘੰਟੇ ਦਾ ਦਿਨ ਰਾਤ ਦਾ ਧਰਨਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੋ ਸੌ ਤੋਂ ਵੱਧ ਟਰਾਲੀਆਂ ਅਤੇ ਹਜ਼ਾਰਾਂ ਕਿਸਾਨਾਂ ਨੂੰ ਲੈ ਕੇ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੇਗੀ।