ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਦੇ ਕੰਮਾਂ ਨੂੰ ਲੈ ਕੇ ਵਿਧਾਇਕਾ ਬਲਜਿੰਦਰ ਕੌਰ ਨੇ ਐਸ.ਐਸ.ਪੀ ਨੂੰ ਲਿਖਿਆ ਪੱਤਰ
ਵਿਧਾਇਕਾ ਪ੍ਰੋ ਬਲਜਿੰਦਰ ਕੌਰ ਦੀ ਕਾਰਵਾਈ ’ਤੇ ਵਿਰੋਧੀਆਂ ਨੇ ਤੰਜ ਕਸੇ
ਬਠਿੰਡਾ 23 ਦਸੰਬਰ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਜਿਲਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਅੰਦਰ ਪਿਛਲੇ ਲੰਬੇਂ ਸਮੇਂ ਤੋ ਚਲ ਰਿਹਾ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ (ਰਿਫਾਇਨਰੀ) ਇਕ ਵਾਰ ਮੁੜ ਸੁਰਖੀਆ ਵਿਚ ਆਇਆ ਹੈ। ਹਲਕੇ ਦੀ ਵਿਧਾਇਕਾ ਕਮ ਪਾਰਟੀ ਦੀ ਚੀਫ ਵਿਪ ਪ੍ਰੋ ਬਲਜਿੰਦਰ ਕੌਰ
ਨੇ ਜਿਲਾ ਪੁਲਿਸ ਕਪਤਾਨ ਬਠਿੰਡਾ ਨੂੰ ਰਿਫਾਇਨਰੀ ਖਿਲਾਫ ਇਕ
ਪੱਤਰ ਲਿਖ ਕੇ ਸ਼ਿਕਾਇਤ ਭੇਜੀ ਹੈ। ਜਿਸ ਵਿਚ ਉਨਾਂ ਰਿਫਾਇਨਰੀ ਦੇ ਅਧਿਕਾਰੀਆਂ ਵੱਲੋ ਬਾਹਰੀ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਓਵਰਲੋਡਿੰਗ ਕਰਨ ਦਾ ਧੰਦਾ, ਅਜਿਹਾ ਹੋਣ ਕਰਕੇ ਸੜਕ ਦੁਰਘਟਨਾਵਾਂ ਵਿਚ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਸਣੇ ਕਾਰਖਾਨੇ ਵਿਚ ਹਲਕੇ ਦੇ ਲੋਕਾਂ ਨੂੰ ਰੁਜਗਾਰ ਮੁਹੱਈਆ ਨਾ ਕਰਵਾਉਣ ਦੇ ਨਾਲੋ ਨਾਲ ਕਾਰਖਾਨੇ ਵਿਚੋ ਨਿਕਲਣ ਵਾਲੀਆ ਗੈਸਾਂ ਕਾਰਨ ਕੈਂਸਰ ਵਰਗੀਆ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਲੋਕਾਂ ਦੇ ਆਉਣ ਵਰਗੇ ਦੋਸ਼ ਮੜੇ ਹਨ। ਪ੍ਰੋ ਬਲਜਿੰਦਰ ਕੌਰ ਨੇ ਅੱਗੇ ਲਿਖਿਆ ਕਿ ਲੋਕਾਂ ਨੇ ਬੈਂਕਾਂ ਸਣੇ ਹੋਰਨਾਂ ਵਸੀਲਿਆ ਤੋ ਵਿਆਜ ਰਾਹੀ ਰਕਮਾਂ ਚੁੱਕ ਕੇ ਟਰਾਂਸਪੋਰਟ ਪਾਈ ਹੈ, ਪਰ ਧੱਕੇਸ਼ਾਹੀ ਕਾਰਨ ਲੋਕ ਵਿਹਲੇ ਫਾਕੇ ਵੱਢ ਰਹੇ ਹਨ। ਉਨਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਇਸ ਸਬੰਧ ਵਿਚ ਪ੍ਰਸਾਸਨ ਅਤੇ ਉਨਾਂ ਦੇ ਧਿਆਨ ਹਿੱਤ ਸਮੁੱਚੇ ਮਾਮਲੇ ਨੂੰ ਲਿਆਂਦਾ ਹੈ। ਜਿਸ ਵਿਚ ਇਨਾਂ ਖਿਲਾਫ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ।
ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਵਿਧਾਇਕਾ ਦੀ ਕਾਰਵਾਈ ਨੂੰ ਡਰਾਮਾ ਕਰਾਰ ਦਿੱਤਾ ਉਧਰ ਇਸ ਮਾਮਲੇ ’ਤੇ ਸਿਆਸਤ ਵੀ ਭਖ ਗਈ ਹੈ। ਜਿਸ ਵਿਚ ਹਲਕੇ ਦੀ ਕਈ ਵਾਰ ਪ੍ਰਤੀਨਿਧਤਾ ਕਰਨ ਵਾਲੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਪ੍ਰੋ ਬਲਜਿੰਦਰ ਕੌਰ ਦੀ ਇਸ ਕਾਰਵਾਈ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਪਹਿਲਾ ਹੀ ਵਿਧਾਇਕਾ ਦੇ ਪਰਿਵਾਰ ਨੇ ਕਥਿਤ ਤੌਰ ’ਤੇ ਰਿਫਾਇਨਰੀ ਨੂੰ ਲੁੱਟ ਕੇ ਖਾ ਲਿਆ ਹੈ ਜਦਕਿ ਹੁਣ ਵੀ ਇਹ ਕਾਰਵਾਈ ਲੁੱਟਣ ਦਾ ਹੀ ਇਕ ਹੋਰ ਜਰੀਆ ਹੈ। ਸਾਬਕਾ ਵਿਧਾਇਕ ਸਿੱਧੂ ਨੇ ਅੱਗੇ ਬੋਲਦਿਆਂ ਕਿਹਾ ਕਿ ਪਹਿਲਾ ਤਾਂ ਵਿਧਾਇਕਾ ਜੇਕਰ ਸੱਚਮੁੱਚ ਹੀ ਅਜਿਹੀਆ ਕਾਰਵਾਈਆਂ ਤੋ ਪਰਦਾ ਚੁੱਕਣਾ ਚਾਹੁੰਦੀ ਹੈ ਤਦ ਵਿਜੀਲੈਂਸ ਨੂੰ ਇਕ ਪੱਤਰ ਲਿਖੇ, ਫੇਰ ਵੇਖੋ ਸਭ ਕਿਵੇ ਨੰਗਾਂ ਹੁੰਦਾ ਹੈ। ਜਿਸ ਵਿਚ ਸਭ ਤੋ ਪਹਿਲਾ ਇਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਹੀ ਵੱਡਾ ਰੋਲ ਨਜਰ ਆਵੇਗਾ, ਕਿਉਕਿ ਇਹ ਕਾਰਵਾਈ ਟਰਾਂਸਪੋਰਟਰਾਂ ਅਤੇ ਰਿਫਾਇਨਰੀ ਦੇ ਅਧਿਕਾਰੀਆਂ ਨੂੰ ਡਰਾ ਧਮਕਾ ਆਰਥਿਕ ਫਾਇਦਾ ਲੈਣ ਵਰਗੀ ਹੈ। ਉਨਾਂ ਅੱਗੇ ਕਿਹਾ ਕਿ ਇਸ ਮਾਮਲੇ ’ਤੇ ਮੇਰੀ ਵਿਧਾਇਕਾ ਬਲਜਿੰਦਰ ਕੌਰ ਨੂੰ ਖੁੱਲੀ ਬਹਿਸ ਕਰ ਲੈਣ ਦੀ ਚੁਨੋਤੀ ਹੈ, ਜਿਸ ਵਿਚ ਉਨਾਂ ਨੇ ਜੇਕਰ ਆਪਣੇ ਵਿਧਾਇਕਾ ਵਜੋ 7 ਸਾਲ ਦੇ ਕਾਰਜਕਾਲ ਵਿਚ ਹਲਕੇ ਲਈ ਕੋਈ ਇਕ ਵੀ ਕੰਮ ਕਰਵਾਇਆ ਹੈ ਤਾਂ ਗਿਣਾ ਦੇਣ ਜਦਕਿ ਦੋ ਵਾਰ ਜਿੱਤ ਸਿਰਫ ਪੈਰ ਥੱਲੇ ਆਏ ਬਟੇਰੇ ਵਰਗੀ ਹੈ ਕਿਉਕਿ ਦੋ ਪਿੰਡਾਂ ਵਿਚਲੇ ਜਨਤਕ ਵਿਰੋਧ ਅਤੇ ਕਾਲੀਆ ਝੰਡੀਆ ਨੇ ਸਭ ਉਜਾਗਰ ਕਰ ਦਿੱਤਾ ਹੈ। ਸਾਬਕਾ ਵਿਧਾਇਕ ਸਿੱਧੂ ਨੇ ਇਹ ਵੀ ਕਿਹਾ ਕਿ ਸੰਵਿਧਾਨ ਦੀ ਉਲੰਘਣਾ ਤੋ ਲੈ ਕੇ ਲੋਕ ਵਾਅਦਿਆਂ ਤੱਕ ਮੁਕਰਣ ਵਰਗੇ ਸਭ ਹੱਥ ਕੰਡੇ ਇਹ ਅਪਣਾ ਰਹੇ ਹਨ, ਆਪਣੀ ਹੀ ਸਰਕਾਰ ਹੋਣ ਦੇ ਬਾਵਜੂਦ ਚਿੱਠੀ ਪੱਤਰ ਲਿਖ ਕੇ ਕੀ ਸਾਬਿਤ ਕਰਨਾ ਚਾਹੁੰਦੇ ਹਨ, ਇਸ ਸਭ ਆਮ ਲੋਕਾਂ ਦੀ ਸਮਝ ਤੋ ਪਰੇ ਹੈ। ਸਿੱਧੂ ਨੇ ਅੱਗੇ ਕਿਹਾ ਕਿ ਆਮ ਆਦਮੀ ਦਾ ਢਿੰਡੋਰਾ ਪੁੱਟਣ ਵਾਲੇ ਹਲਕੇ ਦੀ ਇਕ ਗਲੀ ਤੋ ਦੂਜੀ ਗਲੀ ਵਿਚ ਬਗੈਰ ਗੰਨਮੈਨਾਂ ਤੋ ਜਾ ਕੇ ਵੇਖ ਲੈਣ ਜਦਕਿ ਸਾਰਾ ਪਰਿਵਾਰ ਅਲੱਗ-2 ਗੰਨਮੈਨ ਲਈ ਫਿਰਦਾ ਹੈ। ਉਧਰ ਆਉਦੇਂ ਦਿਨਾਂ ਵਿਚ ਇਸ ਪੱਤਰ ’ਤੇ ਹੋਰ ਵੀ ਸਿਆਸਤ ਭਖਣ ਦੇ ਆਸਾਰ ਹਨ।