ਮਾਤਾ ਚਤਿੰਨ ਕੋਰ ਨੇ ਆਪਣੀਆਂ ਸੰਸਾਰਿਕ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ
ਰਾਮਪੁਰਾ ਫੂਲ,26 ਫਰਵਰੀ (ਮਨਮੋਹਨ ਗਰਗ):- ਸੰਸਾਰ ਵਿਚ ਆ ਕੇ ਜੇਕਰ ਕੋਈ ਸੰਪੂਰਨਤਾ ਵੱਲ ਵਧਿਆ ਹੈ ਤਾਂ ਉਹ ਔਰਤ ਹੀ ਹੈ। ਜਿਸ ਨੇ ਵੱਖ ਵੱਖ ਧੀ, ਭੈਣ, ਪਤਨੀ ਤੇ ਮਾਂ ਦੇ ਰੂਪ ਵਿਚ ਫਰਜ਼ ਨਿਭਾਏ ਹਨ।ਧਰਮ ਬੰਦਗੀ ਨਾਲ ਬੱਝੀ ਮਾਤਾ ਚਤਿੰਨ ਕੋਰ ਵੀ ਆਪਣੇ ਆਪ ਵਿਚ ਸੰਪੂਰਨ ਔਰਤ ਵਜੋਂ ਨਾਮਣਾ ਖੱਟ ਕੇ ਸੰਸਾਰ ਵਿਚੋਂ ਲੰਬੀ ਉਮਰ ਭੋਗ ਕੇ ਗਏ ਹਨ ਜੋ ਕਿ ਇੱਕ ਸੰਸਥਾ ਦੇ ਰੂਪ ਵਿਚ ਵਿਚਰਦੇ ਸਨ। ਖੁੱਲ੍ਹੇ ਡੁੱਲ੍ਹੇ ਵੱਡੇ ਪਰਿਵਾਰ ਨੂੰ ਆਪਣੇ ਆਦਰਸ਼ਾਂ ਨਾਲ ਸਮੋ ਕੇ ਰੱਖਣ ਵਾਲੀ ਮਾਤਾ ਚਤਿੰਨ ਕੋਰ ਨੇ ਆਪਣੇ ਜੀਵਨ ਸਾਥੀ ਸਵਰਗਵਾਸੀ ਜਗਰੂਪ ਸਿੰਘ ਨਾਲ ਪਰਿਵਾਰ ਦੀ ਕਬੀਲਦਾਰੀ ਨੂੰ ਬੜੀ ਸੋਚ ਸਮਝ ਨਾਲ ਅੱਗੇ ਵਧਾਇਆ ਅਤੇ ਹਰੇਕ ਸੁੱਖ ਦੁੱਖ ਵਿਚ ਬਰਾਬਰ ਦਾ ਸਾਥ ਨਿਭਾਇਆ। ਮਾਤਾ ਚਤਿੰਨ ਕੋਰ ਨੇ ਆਪਣੇ ਚਾਰ ਪੁੱਤਰਾਂ ਤੇ ਦੋ ਧੀਆਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਬਣਦੇ ਕਰਤੱਵਾਂ ਤੋਂ ਵੀ ਜਾਣੂ ਕਰਵਾਇਆ। ਮਾਤਾ ਚਤਿੰਨ ਕੋਰ ਜਿਥੇ ਭਜਨ ਬੰਦਗੀ ਵਿਚ ਵਿਸ਼ਵਾਸ ਰੱਖਣ ਵਾਲੇ ਇਕ ਧਾਰਮਿਕ ਬਿਰਤੀ ਦੀ ਔਰਤ ਸਨ ਉਥੇ ਦੂਜੇ ਦਾ ਦੁੱਖ ਵੇਖ ਜਾਂ ਸੁਣ ਕੇ ਪਸੀਜੇ ਜਾਣ ਦਾ ਦਿਲ ਵੀ ਉਨ੍ਹਾਂ ਦੇ ਸੀਨੇ ਵਿਚ ਧੜਕਦਾ ਸੀ।ਜਿਸ ਕਾਰਨ ਹੀ ਅਕਸਰ ਉਨ੍ਹਾਂ ਦੇ ਦਰਾਂ ਤੇ ਆਉਣ ਵਾਲਾ ਲੋੜਵੰਦ ਦੀ ਉਹ ਆਪਣੀ ਸਮਰੱਥਾ ਅਨੁਸਾਰ ਬਣਦੀ ਮੱਦਦ ਕਰਦੇ ਸਨ। ਮਾਤਾ ਚਤਿੰਨ ਕੋਰ ਹਰੇਕ ਸਕੇ ਸਬੰਧੀਆਂ,ਆਂਢ ਗੁਆਂਢ ਵਿਚ ਇਕ ਸੁਚੱਜੀ ਅਤੇ ਸਮਝਦਾਰ ਔਰਤ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦਾ ਪਰਿਵਾਰਕ ਬੂਟਾ ਅੱਜ ਪੋਤਰੇ ਪੋਤਰੀਆਂ, ਦੋਹਤੇ ਦੋਹਤੀਆਂ ਦੇ ਰੂਪ ਵਿਚ ਖੂਬ ਫਲ ਫੁੱਲ ਰਿਹਾ ਹੈ। ਉਨ੍ਹਾਂ ਦੇ ਸਪੁੱਤਰ ਸੀਨੀਅਰ ਆਪ ਆਗੂ ਤੇ ਬਲਾਕ ਪ੍ਰਧਾਨ ਇੰਦਰਜੀਤ ਗੋਰਾ ਸਮਾਜ ਅੰਦਰ ਇਕ ਖਾਸ ਸਥਾਨ ਰੱਖਦੇ ਹਨ ਉਥੇ ਹੀ ਉਨ੍ਹਾਂ ਦੇ ਸਪੁੱਤਰ ਸੁਭਾਸ਼ ਕੁਮਾਰ , ਵਿਨੋਦ ਕੁਮਾਰ ਤੇ ਕ੍ਰਿਸ਼ਨ ਕੁਮਾਰ ਵੀ ਆਪਣੇ ਕਾਰੋਬਾਰ ਦੇ ਨਾਲ ਨਾਲ ਸਮਾਜ ਸੇਵਾ ਦੇ ਵਿਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਥੋੜਾ ਸਮਾਂ ਬਿਮਾਰ ਰਹਿਣ ਉਪਰੰਤ ਬੀਤੇ ਦਿਨੀਂ ਮਾਤਾ ਚਤਿੰਨ ਕੋਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਹਨ। ਜਿੰਨਾ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵੱਡਾ ਗੁਰਦੁਆਰਾ ਸਾਹਿਬ ਫੈਕਟਰੀ ਰੋਡ ਰਾਮਪੁਰਾ ਫੂਲ ਵਿਖੇ ਬਾਅਦ ਦੁਪਹਿਰ 12 ਵਜੇ ਤੋਂ ਇੱਕ ਵਜੇ ਤੱਕ ਹੋਵੇਗੀ। ਜਿਥੇ ਭੋਗ ਉਪਰੰਤ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਸਣੇ ਸਕੇ ਸੰਬੰਧੀ ਅਤੇ ਰਿਸ਼ਤੇਦਾਰ ਮਾਤਾ ਚਤਿੰਨ ਕੋਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।