ਕਾਂਗਰਸ ਪਾਰਟੀ ਬਠਿੰਡਾ ਲੋਕ ਸਭਾ ਸੀਟ ਲਈ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਨਾਂਅ ’ਤੇ ਲਾ ਸਕਦੀ ਐ ਮੋਹਰ ?
ਬਠਿੰਡਾ 16 ਮਾਰਚ (ਲੁਭਾਸ ਸਿੰਗਲਾ/ਗੁਰਪ੍ਰੀਤ ਸਿੰਘ/ਮਨਮੋਹਨ ਗਰਗ) - ਪੰਜਾਬ ਦੀ ਸਭ ਤੋ ਹੋਟ ਸੀਟ ਮੰਨੀ ਜਾਣ ਵਾਲੀ ਬਠਿੰਡਾ ਲੋਕ ਸਭਾ ਸੀਟ ਤੋ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਵਜੋ ਜੀਤਮਹਿੰਦਰ ਸਿੰਘ ਸਿੱਧੂ ਦਾ ਨਾਂਅ ਸਿਆਸੀ ਹਲਕਿਆਂ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ, ਭਾਵੇਂ ਆਲ ਇੰਡੀਆ ਕਾਂਗਰਸ ਕਮੇਟੀ ਵੱਲੋ ਪਿਛਲੇ ਦਿਨੀ ਚਾਹਵਾਨ ਉਮੀਦਵਾਰਾਂ ਤੋ ਮੰਗੀਆ ਅਰਜੀਆ ਦੇ ਵਿਚ ਸਾਬਕਾ ਵਿਧਾਇਕ ਸਿੱਧੂ ਤੋ ਇਲਾਵਾ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋ ਕਈ ਵਾਰ ਵਿਧਾਇਕ ਰਹੇ
ਅਜੀਤਇੰਦਰਪਾਲ ਸਿੰਘ ਮੋਫਰ, ਪਾਰਟੀ ਦੇ ਬਠਿੰਡਾ ਸ਼ਹਿਰੀ ਪ੍ਰਧਾਨ
ਰਾਜਨ ਗਰਗ ਸਮੇਤ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ
ਅਮਿ੍ਰੰਤਾ ਵੜਿੰਗ ਵੀ ਇਥੋ ਚੋਣ ਲੜਣ ਦੇ ਚਾਹਵਾਨ ਹਨ। ਬਠਿੰਡਾ ਲੋਕ ਸਭਾ ਸੀਟ ਤੇ ਲਗਾਤਾਰ ਡੇਢ ਦਹਾਕੇ ਤੋ ਬਾਦਲ ਪਰਿਵਾਰ ਦਾ ਸਿਆਸੀ ਕਬਜਾ ਹੈ ਜਦਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ 2009 ਵਿਚ ਆਪਣੀ ਪਲੇਠੀ ਚੋਣ ਵਿਚ ਹੀ ਕੈਪਟਨ ਅਮਰਿੰਦਰ ਸਿੰਘ ਦੇ ਫਰਜੰਦ ਯੁਵਰਾਜ ਰਣਇੰਦਰ ਸਿੰਘ ਨੂੰ ਇਥੋ ਹਰਾ ਕੇ ਉਸ ਦੇ ਸਿਆਸੀ ਕੈਰੀਅਰ ਤੇ ਸਵਾਲੀਆ ਨਿਸ਼ਾਨ ਲਾ ਦੇਣ ਦੇ ਨਾਲ 2014 ਵਿਚ ਆਪਣੇ ਸਿਆਸੀ ਸ਼ਰੀਕ ਮਨਪ੍ਰੀਤ ਬਾਦਲ ਨੂੰ ਉਸ ਦੀ ਹੱਥੀ ਖੜੀ ਕੀਤੀ ਪੀਪਲਜ ਪਾਰਟੀ ਆਫ ਪੰਜਾਬ ਦਾ ਸਿਆਸੀ ਭੋਗ ਪਾ ਕੇ ਕਾਂਗਰਸ ਵਿਚ ਰਲੇਵਾਂ ਕਰਨ ਲਈ ਮਜਬੂਰ ਕਰ ਦੇਣ ਦੇ ਨਾਲ 20 ਹਜਾਰ ਦੇ ਕਰੀਬ ਵੋਟ ’ਤੇ ਪਟਕਣੀ ਦੇ ਦਿੱਤੀ ਸੀ। ਉਧਰ 2019 ਦੀਆ ਆਮ ਚੋਣਾਂ ਵਿਚ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਹੁੰਦਿਆਂ ਇਥੋ ਚੋਣ ਲੜਣ ਵਾਲੇ ਤੇਜ ਤਰਾਰ ਕਾਂਗਰਸ ਦੇ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਆਖਿਰੀ ਪਲਾਂ ਵਿਚ ਸਿਆਸੀ ਪਟਕਣੀ ਦੇ ਦਿੱਤੀ ਸੀ ਭਾਵੇਂ ਇਸ ਸਬੰਧੀ ਵੱਡਾ ਸਿਆਸੀ ਭੂਚਾਲ ਖੜਾ ਹੋ ਗਿਆ ਸੀ ਕਿਉਕਿ ਰਾਜਾ ਵੜਿੰਗ ਨੇ ਸਿੱਧੇ ਤੌਰ ’ਤੇ ਬਾਦਲ ਪਰਿਵਾਰ ਦੇ ਮਨਪ੍ਰੀਤ ਬਾਦਲ ਨੂੰ ਇਸ ਹਾਰ ਲਈ ਜੁੰਮਵਾਰ ਠਹਿਰਾਇਆ ਸੀ। ਜਿਸ ਤੋ ਬਾਅਦ ਦੋਵਾਂ ਵਿਚਕਾਰ ਚਲਿਆ ਆ ਰਿਹਾ 36 ਦਾ ਅੰਕੜਾ ਅਜੇ ਤੱਕ ਵੀ ਬਰਕਰਾਰ ਹੈ। ਪਰ ਇਸ ਵਾਰ ਸਥਿਤੀ ਬਠਿੰਡਾ ਲੋਕ ਸਭਾ ਚੋਣਾਂ ਵਿਚ ਵੱਖਰੀ ਨਜਰ ਆ ਰਹੀ ਹੈ, ਕਿਉਕਿ ਹਮੇਸ਼ਾਂ ਚੋਣਾਂ ਵੇਲੇ ਚਾਅ ਚੜਾਉਣ ਵਾਲੇ ਅਕਾਲੀ ਦਲ ਦਾ ਜੋਸ਼ ਇਸ ਵਾਰ ਮੱਠਾ ਪਿਆ ਵਿਖਾਈ ਦੇ ਰਿਹਾ ਹੈ, ਜੋ ਭਾਜਪਾ ਨਾਲ ਸਿਆਸੀ ਗਠਜੋੜ ਹੋ ਜਾਣ ਦੇ ਐਲਾਣ ਨੂੰ ਉੱਠ ਦੇ ਡਿੱਗਦੇ ਬੁੱਲ ਵਾਂਗ ਉਡੀਕ ਰਿਹਾ ਹੈ। ਸੂਬੇ ਦੀ ਮੋਜੂਦਾ ਸੱਤਾਧਾਰੀ ਧਿਰ ਆਪ ਪਾਰਟੀ ਵੱਲੋ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੂੰ ਚੋਣ ਮੈਦਾਨ ਵਿਚ ਉੱਤਾਰ ਦਿੱਤਾ ਹੈ। ਜਿਨ੍ਹਾਂ ਨੇ ਆਪਣੀ ਚੋਣ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ, ਪਰ ਹਲਕਿਆਂ ਵਿਚਲੇ ਵਿਧਾਇਕਾਂ ਦੀ ਕਾਰੁਗਜਾਰੀ ਜਰੂਰ ਅੜਿੱਕੇ ਡਾਹੇਗੀ। ਇਤਿਹਾਸ ਵੱਲ ਝਾਤ ਮਾਰੀਏ ਤਾਂ ਕਾਂਗਰਸ ਪਾਰਟੀ ਦਾ ਬਠਿੰਡਾ ਲੋਕ ਸਭਾ ਹਲਕੇ ਅੰਦਰ ਵੱਡਾ ਸਿਆਸੀ ਅਧਾਰ ਹੈ, ਕਈ ਮੀਡੀਆ ਚੈਨਲਾਂ ਨੇ ਚੋਣਾਂ ਦੇ ਐਲਾਣ ਤੋ ਪਹਿਲਾ ਕੀਤੇ ਸਿਆਸੀ ਸਰਵੇਖਣਾਂ ਵਿਚ ਕਾਂਗਰਸ ਨੂੰ ਵੱਡੀ ਸਿਆਸੀ ਪਾਰਟੀ ਵਜੋ ਐਲਾਣਦਿਆਂ 13 ਵਿਚੋ 7 ਸੀਟਾਂ ’ਤੇ ਜਿੱਤ ਦਰਜ ਕਰ ਦਾ ਅੰਦਾਜਾਂ ਲਗਾਇਆ ਹੈ। ਜਿਸ ਵਿਚ ਬਠਿੰਡਾ ਲੋਕ ਸਭਾ ਸੀਟ ਵੀ ਦਰਸਾਈ ਗਈ ਹੈ, ਭਾਵੇਂ ਅਸਲੀਅਤ ਦਾ ਸੱਚ ਕੱਚ ਤਾਂ ਵੋਟਾਂ ਪੈਣ ਤੋ ਬਾਅਦ ਆਉਦੇਂ 4 ਜੂਨ ਨੂੰ ਨਤੀਜਿਆਂ ਤੋ ਬਾਅਦ ਹੀ ਸਾਹਮਣੇ ਆਵੇਗਾ। ਬਠਿੰਡਾ ਲੋਕ ਸਭਾ ਸੀਟ ਲਈ ਕਾਂਗਰਸ ਪਾਰਟੀ ਵੱਲੋ ਵਿਚਾਰੇ ਜਾਣ ਵਾਲੇ ਨਾਵਾਂ ਵਿਚ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਨਾਂਅ ਸਭ ਤੋ ਉੱਪਰ ਸੁਣਾਈ ਰਿਹਾ ਹੈ ਕਿਉਕਿ ਜੇਕਰ ਕਾਂਗਰਸੀ ਦੇ ਉੱਚ ਸੂਤਰਾਂ ਦੀ ਮੰਨੀਏ ਤਦ ਰਾਜਾ ਵੜਿੰਗ ਜੇਕਰ ਖੁਦ ਚੋਣ ਲੜਣ ਦੇ ਚਾਹਵਾਨ ਹੁੰਦੇ ਤਦ ਗੱਲ ਵੱਖਰੀ ਸੀ ਪਰ ਹੁਣ ਕਾਂਗਰਸ ਪਰਿਵਾਰਵਾਦ ਦੇ ਧੱਬੇ ਨੂੰ ਧੋਣ ਦੇ ਯਤਨਾਂ ਵਿਚ ਹੈ ਅਤੇ ਰਾਜਾ ਵੜਿੰਗ ਖੁਦ ਵੀ ਅਤੇ ਪਾਰਟੀ ਵੀ ਉਨ੍ਹਾਂ ਨੂੰ ਚੋਣ ਲੜਾਉਣ ਦੇ ਮੂਡ ਵਿਚ ਨਹੀ ਹੈ। ਉਧਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦਾ ਲੰਬਾਂ ਸਿਆਸੀ ਜੀਵਨ ਕਾਂਗਰਸ ਵਿਚ ਹੀ ਗੁਜਰਿਆ ਹੈ। ਜਿਨ੍ਹਾਂ ਨੇ ਅਕਾਲੀਆਂ ਦੇ ਗੜ੍ਹ ਮਾਲਵੇ ਦੀ ਤਲਵੰਡੀ ਸਾਬੋ ਸੀਟ ਤੋ ਲਗਾਤਾਰ ਦੋ ਵਾਰ ਅਕਾਲੀਆਂ ਨੂੰ ਹਰਾ ਕੇ ਇਹ ਸੀਟ ਜਿੱਤੀ, ਭਾਵੇਂ ਇਕ ਸੁਲਝੇ ਸਿਆਸਤਦਾਨ ਵਜੋ ਸਾਬਕਾ ਵਿਧਾਇਕ ਸਿੱਧੂ ਨੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਆਜਾਦ ਵਿਧਾਇਕ ਵਜੋ 2002 ਕੀਤੀ ਸੀ, ਪਰ ਸੂਬੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਵਿਚ ਕਾਂਗਰਸ ਨਾਲ ਜੁੜ ਜਾਣ ’ਤੇ ਸਾਬਕਾ ਵਿਧਾਇਕ ਸਿੱਧੂ ਨੇ ਮੁੜ ਹਲਕੇ ਅੰਦਰ ਕਦੇ ਅਕਾਲੀਆਂ ਨੂੰ ਸਿਆਸੀ ਤੌਰ ’ਤੇ ਪਾਣੀ ਨੀ ਮੰਗਣ ਦਿੱਤਾ ਅਤੇ ਲਗਾਤਾਰ ਦੋ ਜਿੱਤਾਂ ਦਰਜ ਕੀਤੀਆ। ਪਰ ਬਾਅਦ ਵਿਚ 2014 ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਣ ’ਤੇ ਜਿਮਣੀ ਚੋਣ ਵਿਚ ਵੀ ਜਿੱਤ ਦਰਜ ਕੀਤੀ ਪਰ ਪਿਛਲੇ ਦਿਨੀ ਹੋਏ ਘਟਨਾਕ੍ਰਮ ਵਿਚ ਸਾਬਕਾ ਵਿਧਾਇਕ ਸਿੱਧੂ ਮੁੜ ਕਾਂਗਰਸ ਵਿਚ ਸ਼ਾਮਿਲ ਹੋਏ। ਉਨ੍ਹਾਂ ਦੇ ਕਾਂਗਰਸ ਵਿਚ ਸ਼ਾਮਿਲ ਹੋਣ ’ਤੇ ਸਿਆਸੀ ਹਲਕਿਆਂ ਵਿਚ ਇਹ ਗੱਲ ਅਕਸਰ ਸੁਣੀ ਜਾਂਦੀ ਰਹੀ ਕਿ ਹੁਣ ਤਲਵੰਡੀ ਸਾਬੋ ਦੇ ਨਾਲੋ ਲੱਗਦੇ ਕਈ ਹਲਕਿਆਂ ਵਿਚ ਅਕਾਲੀ ਦਲ ਨੂੰ ਇਸ ਦਾ ਸਿਆਸੀ ਨੁਕਸਾਨ ਝੱਲਣਾ ਪਵੇਗਾ। ਜਿਸ ਦਾ ਕਾਰਨ ਸਿੱਧੂ ਦਾ ਲੋਕਾਂ ਨਾਲ ਮਲ ਜੋਲ ਨੂੰ ਪ੍ਰਮੁੱਖ ਮੰਨਿਆਂ ਜਾਂਦਾ ਹੈ। ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦਾ ਲੋਕ ਸਭਾ ਚੋਣ ਲੜਣ ਲਈ ਕਹਿਣਾ ਹੈ ਕਿ ਜੇਕਰ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਉਮੀਦਵਾਰ ਬਣਾਉਦੀ ਹੈ ਤਦ ਵਿਰੋਧੀ ਪਾਰਟੀਆਂ ਨੂੰ ਤਕੜੀ ਟੱਕਰ ਦੇ ਕੇ ਮਾਤ ਦਿੱਤੀ ਜਾਵੇਗੀ ਜਦਕਿ ਸਿਆਸੀ ਲੋਕ ਹਮੇਸ਼ਾਂ ਚੋਣਾਂ ਲਈ ਤਿਆਰ ਰਹਿੰਦੇ ਹਨ। ਜਿਕਰਯੋਗ ਹੈ ਕਿ ਸਾਬਕਾ ਵਿਧਾਇਕ ਸਿੱਧੂ ਦੇ ਕਾਂਗਰਸ ਰਲੇਵੇਂ ਵੇਲੇ ਤੋ ਹੀ ਸਾਬਕਾ ਵਿਧਾਇਕ ਸਿੱਧੂ ਦੇ ਬਠਿੰਡਾ ਲੋਕ ਸਭਾ ਤੋ ਉਮੀਦਵਾਰ ਬਣਨ ਦੇ ਚਰਚੇ ਸਿਆਸੀ ਗਲਿਆਰਿਆਂ ਵਿਚ ਚਰਚਿਤ ਹੋਏ ਹਨ।