ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਦੌਰਾਨ ਬਠਿੰਡਾ ਵਿਖੇ ਵੱਡਾ ਇੱਕਠ ਵਿਖਾਈ ਦਿੱਤਾ
ਸੁਖਬੀਰ ਬਾਦਲ ਨੇ ਆਪ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਲੜਣ ਵਾਲੇ ਮੰਤਰੀਆਂ ਨੂੰ ਸਿਆਸੀ ਮੈਦਾਨ ਵਿਚ ਕੁੱਦਣ ਤੋ ਪਹਿਲਾ ਅਸਤੀਫਾ ਦੇਣ ਦੀ ਨਸੀਹਤ ਦਿੱਤੀ
ਬਠਿੰਡਾ, 18 ਮਾਰਚ (ਲੁਭਾਸ਼ ਸਿੰਗਲਾ/ਮਨਮੋਹਨ ਗਰਗ) : ਦੇਸ਼ ਅੰਦਰ ਆਮ ਚੋਣਾਂ ਦਾ ਬਿਗੁਲ ਵੱਜਣ ਸਾਰ ਹੀ ਸੂਬੇ ਦੀ ਬਹੁਚਰਚਿਤ ਸੀਟ ਬਠਿੰਡਾ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਵਿੱਢੀ ਪੰਜਾਬ ਬਚਾਓ ਯਾਤਰਾ ਦੌਰਾਨ ਰੋਡ ਸ਼ੋਅ ਕੱਢਿਆ। ਪਾਰਟੀ ਪ੍ਰਧਾਨ ਬਾਦਲ ਨੇ ਆਮ ਆਦਮੀ ਪਾਰਟੀ ਵੱਲੋ ਚੋਣ ਮੈਦਾਨ ਵਿਚ ਉਤਾਰੇ ਆਪਣੇ ਪੰਜ ਮੰਤਰੀਆਂ ਦਾ ਪਹਿਲਾ ਅਸਤੀਫਾ ਦੇਣ ਅਤੇ ਫੇਰ ਚੋਣ ਮੈਦਾਨ ਵਿਚ ਕੁੱਦਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਸੂਬਾ ਢਾਈ ਮਹੀਨਿਆਂ ਤੱਕ ਮੰਤਰੀਆਂ ਦੇ ਆਪਣੇ ਦਫਤਰਾਂ ਵਿਚੋਂ ਗੈਰ ਹਾਜਰ ਰਹਿਣ ਕਾਰਨ ਪ੍ਰਸਾਸਕੀ ਅਧਰੰਗ ਨਹੀਂ ਸਹਿ ਸਕਦਾ ਜਦਕਿ ਚੋਣਾਂ ਲੜਨ ਵਾਲੇ ਮੰਤਰੀ ਅਹਿਮ ਵਿਭਾਗਾਂ ’ਤੇ ਬਿਰਾਜਮਾਨ ਹਨ। ਉਧਰ ਬਠਿੰਡਾ ਵਿਖੇ ਅਕਾਲੀ ਦਲ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿਲੋ ਦੀ ਅਗਵਾਈ ਵਿਚ ਵੱਡੇ ਕਾਫਲੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਭਰਵਾਂ ਸੁਆਗਤ ਕੀਤਾ। ਬਾਦਲ ਨੇ ਕਿਹਾ ਕਿ ਆਪ ਪਾਰਟੀ ਜਾਣਦੀ ਹੈ ਕਿ ਇਸ ਵੱਲੋਂ ਸਮਾਜ ਦੇ ਹਰ ਵਰਗ ਨਾਲ ਧੋਖਾ ਕਰਨ ਤੋਂ ਬਾਅਦ ਇਸਨੇ ਸੂਬੇ ਵਿਚ ਆਪਣਾ ਸਿਆਸੀ ਆਧਾਰ ਗੁਆ ਲਿਆ ਹੈ। ਜਿਸ ਕਾਰਨ ਹੁਣ ਇਹ ਵੋਟਾਂ ਹਾਸਲ ਕਰਨ ਦੇ ਮਾਰੇ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਣ ਲਈ ਮਜਬੂਰ ਹੋ ਗਈ ਹੈ।
ਉਨ੍ਹਾਂ ਪੰਜਾਬੀਆਂ ਨੂੰ ਆਖਿਆ ਕਿ ਉਹ ਅਜਿਹੀਆਂ ਕੋਝੀਆਂ ਤਰਕੀਬਾਂ ਦੇ ਝਾਂਸੇ ਵਿਚ ਨਾ ਆਉਣ ਜਦਕਿ ਇਹਨਾਂ ਮੰਤਰੀਆਂ ਕੋਲੋਂ ਉਹਨਾਂ ਨੇ ਬੀਤੇ ਦੋ ਸਾਲਾਂ ਵਿਚ ਲੋਕਾਂ ਦੀ ਭਲਾਈ ਵਾਸਤੇ ਕੀ ਕੰਮ ਬਾਰੇ ਪੁੱਛਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਮੰਤਰੀ ਮੰਡਲ ਆਪਣੇ ਫਰਜ ਨਿਭਾਉਣ ਵਿਚ ਫੇਲ੍ਹ ਰਿਹਾ ਹੈ, ਖੇਤੀਬਾੜੀ ਮੰਤਰੀ ਕਿਸਾਨਾਂ ਨੂੰ ਫਸਲਾਂ ਦਾ ਮੁਆਵਜਾ ਦੇਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਸਿਹਤ ਮੰਤਰੀ ਪੇਂਡੂ ਸਿਹਤ ਡਿਸਪੈਂਸਰੀਆਂ ਤੋਂ ਡਾਕਟਰਾਂ ਨੂੰ ਹਟਾ ਕੇ ਪੇਂਡੂ ਸਿਹਤ ਬੁਨਿਆਦੀ ਢਾਂਚਾ ਤਬਾਹ ਕਰਨ ਲਈ ਪੂਰੀ ਤਰ੍ਹਾਂ ਜੁੰਮੇਵਾਰ ਹੈ।
ਪੰਜਾਬ ਬਚਾਓ ਯਾਤਰਾ ਸਬੰਧੀ ਬਾਦਲ ਨੇ ਪੰਜਾਬੀਆਂ ਵੱਲੋ ਦਿੱਤੇ ਭਰਵੇਂ ਹੁੰਗਾਰੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਤੂਫਾਨ ਪੰਜਾਬ ਭਰ ਵਿਚ ਫੈਲ ਜਾਵੇਗਾ ਤੇ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਨੂੰ ਜੜ੍ਹੋਂ ਪੁੱਟ ਦੇਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਸੂਬੇ ਵਿਚ 13 ਦੀਆਂ 13 ਸੀਟਾਂ ਜਿੱਤਣ ਦੇ ਰਾਹ ’ਤੇ ਹੈ। ਉਹਨਾਂ ਦੱਸਿਆ ਕਿ ਕਿਵੇਂ ਕਾਂਗਰਸ ਤੇ ਆਪ ਨੇ ਪਿਛਲੇ ਸੱਤ ਸਾਲਾਂ ਦੌਰਾਨ ਪੰਜਾਬ ਅਤੇ ਇਸਦੇ ਅਰਥਚਾਰੇ ਨੂੰ ਤਬਾਹ ਕੀਤਾ ਹੈ ਜਦਕਿ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਨੇ ਇਕ ਵੀ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਨਹੀਂ ਲਿਆਂਦਾ। ਉਹਨਾਂ ਕਿਹਾ ਕਿ ਮੌਜੂਦਾ ਆਪ ਸਰਕਾਰ ਨੇ ਇਕ ਲੱਖ ਕਰੋੜ ਰੁਪਏ ਦਾ ਕਰਜਾ ਲੈ ਕੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ ਤੇ ਇਸ ਪੈਸੇ ਵਿਚੋਂ ਬਹੁਤਾ ਆਪ ਦਾ ਹੋਰ ਸੂਬਿਆਂ ਵਿਚ ਪਸਾਰ ਕਰਨ ’ਤੇ ਖਰਚ ਕੀਤਾ ਗਿਆ ਹੈ। ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਤੁਹਾਡੀਆਂ ਮੁਸਕਿਲਾਂ ਤੁਹਾਡੇ ਦਰਾਂ ’ਤੇ ਹੱਲ ਕਰਨ ਵਾਸਤੇ ਸੰਗਤ ਦਰਸਨ ਪ੍ਰੋਗਰਾਮ ਸੁਰੂ ਕੀਤੇ ਸਨ। ਉਹਨਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਇਲਾਕੇ ਦੀ ਵੱਡੀ ਸੇਵਾ ਕੀਤੀ ਹੈ ਤੇ ਇਥੇ ਏਮਜ ਬਠਿੰਡਾ ਲਿਆਉਣ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀਵੀ ਲਿਆਂਦੀ ਹੈ। ਉਹਨਾਂ ਕਿਹਾ ਕਿ ਬਠਿੰਡਾ ਅਤੇ ਸਮੁੱਚੇ ਪਾਰਲੀਮਾਨੀ ਹਲਕੇ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਆਧੁਨਿਕ ਹਲਕੇ ਵਿਚ ਬਦਲਿਆ ਗਿਆ ਤੇ ਹੁਣ ਇਥੇ ਵਿਸਵ ਪੱਧਰੀ ਸੜਕਾਂ, ਪੁੱਲ ਅਤੇ ਹੋਰ ਬੁਨਿਆਦੀ ਢਾਂਚੇ ਉਸਰੇ ਹੋਏ ਹਨ, ਪਰ ਸ਼ਰਮ ਵਾਲੀ ਗੱਲ ਹੈ ਕਿ ਪਿਛਲੇ ਸੱਤ ਸਾਲਾਂ ਵਿਚ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ ਜਦਕਿ ਹੁਣ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਪਹਿਲਾਂ ਲੋਕ ਸਭਾ ਵਿਚ ਤੇ ਫਿਰ ਵਿਧਾਨ ਸਭਾ ਚੋਣਾਂ ਵਿਚ ਆਪ ਨੂੰ ਬਾਹਰ ਦਾ ਰਾਹ ਵਿਖਾ ਕੇ ਵਿਕਾਸ ਦਾ ਯੁੱਗ ਵਾਪਸ ਲਿਆਉਣਾ ਚਾਹੀਦਾ ਹੈ।
ਇਸ ਮੌਕੇ ਭੁੱਚੋ ਹਲਕੇ ਦੇ ਇੰਚਾਰਜ ਮਾਨ ਸਿੰਘ ਗੁਰੂ, ਬਠਿੰਡਾ ਸਹਿਰੀ ਹਲਕੇ ਵਿਚ ਇੰਚਾਰਜ ਇਕਬਾਲ ਸਿੰਘ ਬਬਲੀ ਢਿਲੋਂ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ, ਜਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ, ਜਿਲਾ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਜਿਲਾ ਯੂਥ ਪ੍ਰਧਾਨ ਕਮਲਦੀਪ ਸਿੰਘ, ਹਸਰਤ ਮਿੱਡੂਖੇੜਾ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜਰ ਸਨ।