ਪੰਜਾਬ ਅੰਦਰ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਆਪਣਿਆਂ ਹਲਕਿਆਂ ’ਚ ਬੋਲੇਗੀ ਤੂਤੀ, ਸਿਆਸੀ ਅਫਵਾਹਾਂ ਤੋ ਸਹਿਮੀ ਸਰਕਾਰ
ਚੰਡੀਗੜ੍ਹ, 7ਡੇਅ ਨਿੳੂਜ ਸਰਵਿਸ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕੇਂਦਰ ਦੀ ਜਾਂਚ ਏਜੰਸੀ (ਈ.ਡੀ) ਵੱਲੋ ਸ਼ਰਾਬ ਘੁਟਾਲੇ ਦੇ ਮਾਮਲੇ ’ਚ ਬੀਤੇ ਦਿਨੀ ਹਿਰਾਸਤ ਵਿਚ ਲੈਣ ਤੋ ਬਾਅਦ ਭਾਜਪਾ ਵੱਲੋ ਸੂਬੇ ਅੰਦਰ ਦਲਬਦਲੀ ਦੀ ਰਾਜਨੀਤੀ ਤਹਿਤ ਕੀਤੇ ਇਕ ਵੱਡੇ ਸਿਆਸੀ ਧਮਾਕੇ ਨੇ ਸਰਕਾਰ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ ਕਿਉਕਿ ਆਮ ਆਦਮੀ ਪਾਰਟੀ ਦੇ ਦੇਸ਼ ਅੰਦਰਲੇ ਇਕੋ ਇਕ ਸੰਸਦ ਮੈਂਬਰ ਕਮ ਜਲੰਧਰ ਤੋ ਪਾਰਟੀ ਉਮੀਦਵਾਰ ਸੁਸੀਲ ਕੁਮਾਰ ਰਿੰਕੂੁ ਸਣੇ ਜਲੰਧਰ ਤੋ ਪਾਰਟੀ ਦੇ ਵਿਧਾਇਕ ਸ਼ੀਤਲ ਅੁੰਗਰਾਲ ਦੇ ਭਾਜਪਾ ਵਿਚ ਸਿਆਸੀ ਤੌਰ ’ਤੇ ਰਲੇਵਾਂ ਕਰਨ ਤੋ ਬਾਅਦ ਪੰਜਾਬ ਦੀ ਰਾਜਨੀਤੀ ਅਤੇ ਖਾਸ ਕਰ ਸੂਬੇ ਦੀ ਭਗਵੰਤ ਮਾਨ ਸਰਕਾਰ ਅੰਦਰ ਇਕ ਖਲਾਅ ਜਿਹਾ ਪੈਦਾ ਹੋ ਗਿਆ ਹੈ। ਇਨ੍ਹਾਂ ਦੋਵੇ ਆਗੂਆਂ ਦੇ ਰਲੇਵੇਂ ਤੋ ਤੁਰੰਤ ਬਾਅਦ ਸ਼ੋਸ਼ਲ ਮੀਡੀਆ ’ਤੇ ਸਰਕਾਰ ਦੇ ਕਈ ਦਰਜਣ ਵਿਧਾਇਕਾਂ ਦੇ ਕਥਿਤ ਤੌਰ ’ਤੇ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਦੀ ਚਲ ਰਹੀਆ ਅਫਵਾਹਾਂ ਨੇ ਸਰਕਾਰ ਦੀ ਨੀਂਦ ਉੱਡਾ ਕੇ ਰੱਖ ਦਿੱਤੀ ਸੀ, ਭਾਵੇਂ ਇਨ੍ਹਾਂ ਅਫਵਾਹਾਂ ’ਚ ਕਿੰਨੀ ਕੁ ਸੱਚਾਈ ਸੀ, ਇਹ ਤਾਂ ਰੱਬ ਜਾਣੇ, ਪਰ ਇਨ੍ਹਾਂ ਨੂੰ ਅੱਖੋ ਪਰੋਖੇ ਵੀ ਨਹੀ ਕੀਤਾ ਜਾ ਸਕਦਾ ਸੀ। ਜਿਸ ਦਾ ਪ੍ਰਮੁੱਖ ਕਾਰਨ ਸੰਸਦ ਮੈਂਬਰ ਸੁਸੀਲ ਰਿੰਕੂ ਸਬੰਧੀ ਕਈ ਦਿਨ ਪਹਿਲਾ ਹੀ ਇਕ ਚੈਨਲ ਨੇ ਉਸ ਦੇ ਭਾਜਪਾ ਵਿਚ ਸ਼ਾਮਿਲ ਹੋਣ ਬਾਰੇ ਸਪੱਸ਼ਟ ਕਰ ਦਿੱਤਾ ਸੀ, ਭਾਵੇਂ ਰਿੰਕੂ ਨੇ ਇਸ ਨੂੰ ਅਫਵਾਹ ਅਤੇ ਆਪਣੇ ਸਿਆਸੀ ਦਿੱਖ ਨੂੰ ਵਿਰੋਧੀਆਂ ਵੱਲੋ ਖਰਾਬ ਕਰਨਾ ਕਰਾਰ ਦੇ ਰਹੇ ਸਨ, ਉਧਰ ਵਿਧਾਇਕ ਸ਼ੀਤਲ ਅੁੰਗਰਾਲ ਨੇ ਤਾਂ ਰਲੇਵੇਂ ਤੋ ਕੁਝ ਘੰਟੇ ਪਹਿਲਾ ਦਿੱਲੀ ਵਿਚ ਹੁੰਦਿਆਂ ਇਥੋ ਤੱਕ ਕਹਿ ਦਿੱਤਾ ਸੀ ਕਿ ਮੀਡੀਆ ਦਾ ਇਕ ਹਿੱਸਾ ਉਨ੍ਹਾਂ ਖਿਲਾਫ ਝੂਠੀਆ ਅਤੇ ਮਨਘੜ੍ਹਤ ਅਫਵਾਹਾਂ ਫੈਲਾ ਰਿਹਾ ਹੈ, ਜਦਕਿ ਉਹ ਤਾਂ ਆਪਣੇ ਨਿੱਜੀ ਰੁਝੇਵੇ ਕਾਰਨ ਇਥੇ ਆਏ ਹੋਏ ਹਨ, ਭਾਵੇਂ ਸਭ ਕੁਝ ਦੇ ਬਾਵਜੂਦ ਵੀ ਸੂਬਾ ਸਰਕਾਰ ਦਾ ਖੁਫੀਆ ਤੰਤਰ ਇਸ ਮਾਮਲੇ ਦੀ ਸਹੀ ਤਹਿ ਤੱਕ ਪੁੱਜਣ ਵਿਚ ਅਸਫਲ ਰਿਹਾ, ਕਿਉਕਿ ਅਸਲੀਅਤ ਉਦੋ ਸਾਹਮਣੇ ਆਈ ਜਦ ਸਿਆਸੀ ਬੰਬ ਚਲ ਗਿਆ। ਪੰਜਾਬ ਅੰਦਰਲੇ ਤਕਰੀਬਨ ਸਾਰੇ ਹੀ ਵਿਧਾਇਕਾਂ ਅਤੇ ਮੋਹੜੀ ਗੱਡ ਆਗੂਆਂ ਦੀ ਕਿੰਨੀ ਕੁ ਸਰਕਾਰੇ ਦਰਬਾਰੇ ਚਲਦੀ ਹੈ, ਇਹ ਕਿਸੇ ਤੋ ਭੁੱਲੀ ਹੋਈ ਗਲ ਨਹੀ, ਕਿਉਕਿ ਥਾਣਿਆਂ ਦੇ ਛੋਟੇ ਮੋਟੇ ਕੰਮ ਵੀ ਅਜੇ ਤੱਕ ਪੁਰਾਣੇ ਹੀ ਅਕਾਲੀ ਕਾਂਗਰਸੀ ਕਰਵਾ ਰਹੇ ਹਨ, ਇਨ੍ਹਾਂ ਦੇ ਵਰਕਰਾਂ ਦੀ ਪੁੱਛ ਪੜਤਾਲ ਨੂੰ ਤਾਂ ਛੱਡੋ, ਵਿਧਾਇਕ ਵੀ ਅਕਸਰ ਜਨਤਕ ਤੌਰ ’ਤੇ ਕੰਮ ਨਾ ਕਰਵਾ ਸਕਣ ਬਾਰੇ ਅਕਸਰ ਹੱਥ ਖੜੇ ਕਰ ਦਿੰਦੇ ਹਨ। ਜਿਸ ਕਾਰਨ ਵਿਧਾਇਕਾਂ ਵਿਚ ਦੋ ਵਰ੍ਹੇਂ ਬੀਤ ਜਾਣ ਤੋ ਬਾਅਦ ਵੀ ਆਪਣੀ ਹਲਕੇ ਅੰਦਰ ਪੁੱਛ ਪ੍ਰਤੀਤ ਨਾ ਹੋ ਸਕਣ ਦਾ ਰੋਣਾ ਰੋਇਆ ਜਾਂਦਾ ਰਿਹਾ ਹੈ। ਪਰ ਪਿਛਲੇ ਦਿਨੀ ਹੋਏ ਸਿਆਸੀ ਧਮਾਕਿਆਂ ਤੋ ਬਾਅਦ ਸਰਕਾਰ ਦੇ ਰਵੱਈਏ ਵਿਚ ਕਾਫੀ ਨਰਮਾਈ ਆਈ ਹੈ। ਸੂਤਰਾਂ ਦੀ ਮੰਨੀਏ ਤਾਂ ਜਿੱਥੇ ਸਰਕਾਰ ਦੇ ਇਕ ਹਿੱਸੇ ਨੇ ਵਿਧਾਇਕਾਂ ਦੀ ਸਿਆਸੀ ਹਿਲਜੁਲ ਬਾਰੇ ਨਜਰ ਟਿਕਾਈ ਹੋਈ ਹੈ, ਉਥੇ ਜਿਲਾ ਅਤੇ ਸਬ ਡਵੀਜਨ ਪੱਧਰ ’ਤੇ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆ ਗਈਆ ਹਨ ਕਿ ਵਿਧਾਇਕਾਂ ਦੇ ਹਰ ਜਾਇਜ ਕੰਮ ਨੂੰ ਪਹਿਲ ਦਿੱਤੇ ਜਾਣ ਦੇ ਨਾਲ ਆਟੇ ਵਿਚ ਲੂਣ ਖਪਾਉਣ ਦੀ ਕੋਸ਼ਿਸ ਵੀ ਕੀਤੀ ਜਾਵੇ ਤਾਂ ਜੋ ਵਿਧਾਇਕਾਂ ਤੋ ਨਰਾਜਗੀ ਦਾ ਫੱਟਾ ਹਟਾਇਆ ਜਾ ਸਕੇ। ਪਾਰਟੀ ਦੇ ਕਈ ਪ੍ਰਮੁੱਖ ਆਗੂ ਵੀ ਸਰਕਾਰ ਦੇ ਇਸ ਰਵੱਈਏ ਅਤੇ ਫੈਸਲੇ ਨੂੰ ਸਹੀ ਸਮੇਂ ਲਿਆ ਫੈਸਲਾ ਕਰਾਰ ਦੇ ਰਹੇ ਹਨ, ਜਦਕਿ ਅੰਦਰੂਨੀ ਸੂਤਰਾਂ ਦੀ ਗੱਲ ਮੰਨੀਏ ਤਾਂ ਇਹ ਵੀ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਦਫਤਰ ਵਿਚਲੇ ਕਈ ਅਧਿਕਾਰੀਆਂ ਦੀਆ ਪਾਵਰਾਂ ਨੂੰ ਵੀ ਸਰਕਾਰ ਵਿਰਾਮ ਲਾਉਣ ’ਤੇ ਤੁਲ ਗਈ ਹੈ ਤਾਂ ਜੋ ਵਿਧਾਇਕਾਂ ਦੀ ਨਰਾਜਗੀ ਮੁੱਲ ਨਾ ਲਈ ਜਾ ਸਕੇ। ਪਰ ਹੁਣ ਸ਼ਾਇਦ ਆਪ ਪਾਰਟੀ ਦੇ ਵਿਧਾਇਕ ਵੀ ਅਕਾਲੀ ਕਾਂਗਰਸੀਆਂ ਵਾਂਗ ਆਪਣੇ ਹਲਕੇ ਵਿਚ ਵਿਚਰਣਗੇ ਅਤੇ ਨਿਨ੍ਹਾਂ ਵਿਧਾਇਕਾਂ ਦੇ ਆਲੇ ਦੁਆਲੇ ਵੀ ਕੰਮ ਕਰਵਾਉਣ ਵਾਲਿਆਂ ਦੀ ਭੀੜ ਜਮਾਂ ਹੋਇਆ ਕਰੇਗੀ।