ਫਰੀਦਕੋਟ ਲੋਕ ਸਭਾ ਹਲਕੇ ਤੋ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਸਭ ਨੂੰ ਪਾ ਸਕਦੇ ਨੇ ਸਿਆਸੀ ਤੌਰ ’ਤੇ ਪੜਣੇ,
ਸਿਆਸੀ ਤੌਰ ’ਤੇ ਤਜਰਬੇਕਾਰ ਹੰਸ ਰਾਜ ਹੰਸ ਵੱਲ ਹਿੰਦੂ ਅਤੇ ਪੱਛੜੇ ਵਰਗ ਦੇ ਵੋਟਰ ਦੇ ਵਿਸ਼ੇਸ ਝੁਕਾਅ ਰਹਿਣ ਦੇ ਆਸਾਰ
ਫਰੀਦਕੋਟ/ਬਠਿੰਡਾ 31 ਮਾਰਚ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) : ਭਾਰਤੀ ਜਨਤਾ ਪਾਰਟੀ ਵੱਲੋ ਬੀਤੇ ਕੱਲ ਆਪਣੀ ਜਾਰੀ ਕੀਤੀ ਸੂਚੀ ਵਿਚ ਪੰਜਾਬ ਅੰਦਰਲੇ ਅੱਧੀ ਦਰਜਣ ਉਮੀਦਵਾਰਾਂ ਦਾ ਐਲਾਣ ਤੋ ਬਾਅਦ ਸੂਬੇ ਅੰਦਰ ਕਿਸੇ ਵੀ ਸਿਆਸੀ ਧਿਰ ਨਾਲ ਇਨ੍ਹਾਂ ਚੋਣਾਂ ਵਿਚ ਹੋਣ ਵਾਲੇ ਸਿਆਸੀ ਗਠਜੋੜ ਨੂੰ ਵਿਰਾਮ ਲਗਾ ਦਿੱਤਾ ਹੈ। ਜਾਰੀ ਸੂਚੀ ਵਿਚ ਲੋਕ ਸਭਾ ਹਲਕਾ ਫਰੀਦਕੋਟ ਤੋ ਭਾਜਪਾ ਨੇ ਗਾਇਕੀ ਦੇ ਖੇਤਰ ਵਿਚਲੇ ਵੱਡੇ ਨਾਂਅ ਅਤੇ ਪਦਮਸ੍ਰੀ ਐਵਾਰਡ ਨਾਲ ਨਿਵਾਜੇ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਪਾਰਟੀ ਉਮੀਦਵਾਰ ਵਜੋ ਉਤਾਰ ਕੇ ਆਮ ਆਦਮੀ ਪਾਰਟੀ ਵੱਲੋ ਸਿਆਸੀ ਬਦਲਾ ਲੈਣ ਦੀਆ ਆਸਾਂ ’ਤੇ ਵੀ ਪਾਣੀ ਫੇਰ ਦਿੱਤਾ ਹੈ ਕਿਉਕਿ ਜਲੰਧਰ ਤੋ ਆਪ ਪਾਰਟੀ ਦੇ ਸੰਸਦ ਮੈਂਬਰ ਕਮ ਪਾਰਟੀ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਦੇ ਭਾਜਪਾ ਵਿਚਲੇ ਸਿਆਸੀ ਰਲੇਵੇਂ ਅਤੇ ਹੰਸ ਰਾਜ ਹੰਸ ਦੀ ਦਿੱਲੀ ਤੋ ਟਿਕਟ ਕੱਟ ਜਾਣ ਤੋ ਬਾਅਦ ਸਿਆਸੀ ਗਲਿਆਰਿਆਂ ਵਿਚ ਇਹ ਅਫਵਾਹ ਪੂਰੇ ਜੋਰਾਂ ਨਾਲ ਚਲ ਰਹੀ ਸੀ ਕਿ ਹੰਸ ਰਾਜ ਹੰਸ ਹੁਣ ਆਪ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ। ਜਿਸ ਤੋ ਬਾਅਦ ਜਾਪ ਰਿਹਾ ਸੀ ਕਿ ਅਜਿਹਾ ਕਰਕੇ ਆਪ ਪਾਰਟੀ ਭਾਜਪਾ ਤੋ ਆਪਣਾ ਸਿਆਸੀ ਬਦਲਾ ਲੈਣ ਵਿਚ ਕਾਮਯਾਬ ਹੋ ਜਾਵੇਗੀ ਪਰ ਇਹ ਸਿਰਫ ਅਫਵਾਹ ਹੀ ਰਹਿ ਗਈ ਕਿਉਕਿ ਭਾਜਪਾ ਨੇ ਰਾਂਖਵਾਂ ਹਲਕੇ ਫਰੀਦਕੋਟ ਤੋ ਆਪ ਪਾਰਟੀ ਦੇ ਉਮੀਦਵਾਰ ਅਤੇ ਗਾਇਕ ਕਰਮਜੀਤ ਅਨਮੋਲ ਖਿਲਾਫ ਉਸ ਦੇ ਹੀ ਗਾਇਕੀ ਪਿੜ੍ਹ ਵਾਲੇ ਵੱਡੇ ਚੇਹਰੇ ਪਦਮਸ੍ਰੀ ਐਵਾਰਡੀ ਹੰਸ ਰਾਜ ਹੰਸ ਨੂੰ ਮੁਕਾਬਲੇ ਵਿਚ ਉਤਾਰ ਦਿੱਤਾ ਹੈ। ਉਧਰ ਕਾਂਗਰਸ ਨੇ ਫਿਲਹਾਲ ਆਪਣੇ ਉਮੀਦਵਾਰ ਦਾ ਐਲਾਣ ਨਹੀ ਕੀਤਾ, ਜਦਕਿ ਹਲਕੇ ਤੋ ਗਾਇਕੀ ਦੇ ਪਿੜ੍ਹ ਵਿਚ ਹੀ ਵੱਡੇ ਚੇਹਰੇ ਜਨਾਬ ਮੁਹੰਮਦ ਸਦੀਕ ਮੌਜੂਦਾ ਸੰਸਦ ਮੈਂਬਰ ਹਨ। ਜਿਨ੍ਹਾਂ ਦੀ ਟਿਕਟ ਬਾਰੇ ਅਜੇ ਕੁਝ ਨਹੀ ਕਹਿਆ ਜਾ ਸਕਦਾ, ਕਿਉਕਿ ਕਾਂਗਰਸ ਨੇ ਫਿਲਹਾਲ ਪੰਜਾਬ ਅੰਦਰ ਕਿਤੇ ਵੀ ਆਪਣਾ ਉਮੀਦਵਾਰ ਨਹੀ ਉਤਾਰਿਆ। ਅਕਾਲੀ ਦਲ ਲਈ ਵੀ ਇਹ ਹਲਕਾ ਸਿਆਸੀ ਤੌਰ ’ਤੇ ਕਾਫੀ ਮਾਇਨੇ ਰੱਖਦਾ ਹੈ ਕਿਉਕਿ ਪੰਜਾਬ ਦੀ ਸਿਆਸਤ ਦਾ ਕਿਸੇ ਵੇਲੇ ਧੁਰਾ ਰਹੇ ਫਰੀਦਕੋਟ ਲੋਕ ਸਭਾ ਹਲਕੇ ਨੇ ਪੰਜਾਬ ਨੂੰ ਅਨੇਕਾਂ ਮੁੱਖ ਮੰਤਰੀ ਦਿੱਤੇ। ਜਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਆਪਣਾ ਜੱਦੀ ਹਲਕਾ ਲੰਬੀ ਵੀ ਕਿਸੇ ਵੇਲੇ ਇਸ ਦਾ ਹਿੱਸਾ ਹੋਇਆ ਕਰਦਾ ਸੀ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਇਥੋ ਸੰਸਦ ਮੈਂਬਰ ਬਣ ਕੇ ਭਾਰਤ ਦੇ ਕੈਬਨਿਟ ਮੰਤਰੀ ਬਣੇ ਅਤੇ ਖੁਦ ਸੁਖਬੀਰ ਸਿੰਘ ਬਾਦਲ ਇਥੋ ਇਕ ਵਾਰ ਆਵਾਜ ਏ ਪੰਜਾਬ ਦਾ ਖਿਤਾਬ ਜਿੱਤਣ ਵਾਲੇ ਸੰਸਦ ਮੈਂਬਰ ਜਗਜੀਤ ਸਿੰਘ ਬਰਾੜ ਹੱਥੋ ਚੋਣ ਹਾਰ ਗਏ ਸਨ ਅਤੇ ਫਿਰ ਇਥੋ ਹੀ ਸਵ: ਹਰਚਰਨ ਸਿੰਘ ਬਰਾੜ ਸਾਬਕਾ ਮੁੱਖ ਮੰਤਰੀ ਦੀ ਧੀ ਬਬਲੀ ਬਰਾੜ ਨੂੰ ਹਰਾ ਕੇ ਦੇਸ਼ ਦੀ ਸਭ ਤੋ ਵੱਡੀ ਪੰਚਾਇਤ ਦੇ ਮੈਂਬਰ ਬਣੇ। ਪਰ 2008 ਵਿਚ ਹੋਈ ਹਲਕਾਬੰਦੀ ਕਾਰਨ ਉਕਤ ਹਲਕਾ ਰਾਂਖਵਾਂ ਹੋ ਗਿਆ ਅਤੇ ਲੰਬੀ ਵਿਧਾਨ ਸਭਾ ਹਲਕੇ ਦੀ ਥਾਂ ਇਸ ਵਿਚ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਨੂੰ ਇਸ ਦਾ ਹਿੱਸਾ ਬਣਾ ਦਿੱਤਾ ਗਿਆ ਅਤੇ ਹੁਣ ਇਸ ਵਿਚ ਫਰੀਦਕੋਟ, ਕੋਟਕਪੂਰਾ, ਜੈਤੋ, ਮੋਗਾ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਧਰਮਕੋਟ, ਰਾਮਪੁਰਾ ਫੂਲ ਅਤੇ ਗਿੱਦੜਬਾਹਾ ਹਲਕੇ ਹਨ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਸਿਆਸੀ ਜੀਵਨ ’ਤੇ ਜੇਕਰ ਝਾਤ ਮਾਰੀਏ ਤਦ ਉਹ ਕਦੇ ਅਕਾਲੀ, ਕਾਂਗਰਸੀ ਅਤੇ ਆਖਿਰ ਭਾਜਪਾ ਵਿਚ ਆ ਕੇ ਹੀ ਆਪਣੀ ਜੈਤੂ ਪਛਾਣ ਬਣਾ ਸਕੇ, ਜਦਕਿ 2009 ਵਿਚ ਇਕ ਵਾਰ ਅਕਾਲੀ ਦਲ ਦੀ ਟਿਕਟ ’ਤੇ ਜਲੰਧਰ ਲੋਕ ਸਭਾ ਹਲਕੇ ਤੋ ਪਛੜ ਗਏ ਸਨ ਅਤੇ ਬਾਅਦ ਵਿਚ ਬਾਦਲਾਂ ਨਾਲ ਮੇਹਣੋ ਮੇਹਣੀ ਹੋ ਕੇ ਕਾਂਗਰਸ ਵਿਚ ਸਿਆਸੀ ਰਲੇਵਾਂ ਕਰ ਗਏ ਪਰ ਉਥੇ ਵੀ ਜਿਆਦਾ ਸਮਾਂ ਨਾ ਟਿਕੇ ਅਤੇ ਆਖਿਰ ਪਿਛਲੀਆ 2019 ਦੀਆ ਚੋਣਾਂ ਤੋ ਪਹਿਲਾ ਭਾਜਪਾ ਵਿਚ ਸਮੂਲੀਅਤ ਕਰਕੇ ਦਿੱਲੀ ਤੋ ਲੱਖਾਂ ਦੀ ਵੋਟ ਨਾਲ ਜੈਤੂ ਰਹੇ, ਪਰ ਇਸ ਵਾਰ ਭਾਜਪਾ ਨੇ ਦਿੱਲੀ ਨੇ ਉਨ੍ਹਾਂ ਨੂੰ ਦਿੱਲੀ ਦੀ ਥਾਂ ਪੰਜਾਬ ਵਿਚੋ ਹੀ ਚੋਣ ਲੜਾਉਣ ਨੂੰ ਤਰਜੀਹ ਦਿੱਤੀ, ਕਿਉਕਿ ਭਾਜਪਾ ਪੰਜਾਬ ਵਿਚ ਕਈ ਨਵੇਂ ਤਜਰਬੇ ਕਰਨਾ ਚਾਹੁੰਦੀ ਹੈ ਤਾਂ ਜੋ ਪੰਜਾਬੀਆਂ ਦੀ ਸਿਆਸੀ ਨਬਜ ਆਉਦੀਆ 2027 ਦੀਆ ਚੋਣਾਂ ਲਈ ਟਟੋਲੀ ਜਾ ਸਕੇ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਮੁਕਾਬਲੇ ਫਿਲਹਾਲ ਆਪ ਪਾਰਟੀ ਉਮੀਵਾਰ ਕਰਮਜੀਤ ਅਨਮੋਲ ਜਿੱਥੇ ਸਿਆਸੀ ਪੱਖ ਤੋ ਵਿਹੂਣੇ ਅਤੇ ਜਿੰਦਗੀ ਦੇ ਤਜਰਬੇ ਪੱਖ ਤੋ ਵੀ ਪਿਛੇ ਹਨ, ਉਥੇ ਆਪ ਸਰਕਾਰ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸ਼ਰਾਬ ਘੁਟਾਲੇ ਵਿਚ ਆ ਜਾਣ ਦਾ ਸਿਆਸੀ ਅਸਰ ਪੈਣ ਦੀ ਸੰਭਾਵਨਾ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਉਧਰ ਅਕਾਲੀ ਦਲ ਨੇ 2019 ਦੀਆ ਚੋਣਾਂ ਵਿਚ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ’ਤੇ ਸਿਆਸੀ ਦਾਅ ਖੇਡਿਆ ਸੀ ਪਰ ਸਭ ਅੱਛਾ ਨਹੀ ਦਾ ਕੋੜਾ ਤਜਰਬਾ ਹੀ ਪੱਲੇ ਪਿਆ, ਪਰ ਇਸ ਵਾਰ ਅਕਾਲੀ ਦਲ ਹਲਕੇ ਤੋ ਕਿਸ ਨੂੰ ਉਮੀਦਵਾਰ ਬਣਾਉਦਾ ਹੈ, ਇਹ ਤਾਂ ਅਜੇ ਗਰਭ ਵਿਚ ਲੁਕਿਆ ਸੁਆਲ ਹੈ ਪਰ ਪਾਰਟੀ ਕੋਲ ਕੋਈ ਵੱਡੇ ਦਲਿਤ ਚੇਹਰਾ ਫਿਲਹਾਲ ਵਿਖਾਈ ਨਹੀ ਦੇ ਰਿਹਾ, ਜੋ ਵੋਟ ਬੈਂਕ ਨੂੰ ਆਪਣੇ ਵੱਲ ਖਿੱਚ ਸਕੇ, ਪਰ ਦੋ ਹਲਕੇ ਰਾਮਪੁਰਾ ਫੂਲ ਅਤੇ ਗਿੱਦੜਬਾਹਾ ਵਿਚੋ ਅਕਾਲੀ ਦਲ ਦੇ ਜਰੂਰ ਅੱਗੇ ਵਧਣ ਦੇ ਆਸਾਰ ਹਨ ਕਿਉਕਿ ਦੋਵੇ ਹਲਕਿਆਂ ਵਿਚ ਪਾਰਟੀ ਕਿਸੇ ਹਦ ਤੱਕ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਸੰਤੁਸ਼ਟ ਹੈ। ਜਿਸ ਦਾ ਅੰਦਾਜਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਚਲ ਰਹੀ ਪੰਜਾਬ ਬਚਾਓ ਯਾਤਰਾ ਤੋ ਲਗਾਇਆ ਜਾ ਸਕਦਾ ਹੈ, ਜਦਕਿ ਇਸ ਦਾ ਸਿੱਧਾ ਸਿਆਸੀ ਨੁਕਸਾਨ ਆਪ ਪਾਰਟੀ ਨੂੰ ਹੋਵੇਗਾ ਕਿਉਕਿ ਪੇਂਡੂ ਵਸੋ ਦੇ ਸਹਾਰੇ ਚੋਣ ਲੜਣ ਵਾਲੀ ਆਪ ਪਾਰਟੀ ਦੀ ਵੋਟ ਬੈਂਕ ਨੂੰ ਹੀ ਅਕਾਲੀ ਦਲ ਖੋਰਾ ਲਾਵੇਗਾ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਹੱਕ ਵਿਚ ਇਨ੍ਹਾਂ ਚੋਣਾਂ ਵਿਚ ਸ੍ਰੀ ਰਾਮ ਮੰਦਿਰ ਦਾ ਨਿਰਮਾਣ, ਭਾਈਚਾਰੇ ਦਾ ਵੱਡਾ ਵੋਟ ਬੈਂਕ ਲਾਹੇਵੰਦ ਹੋ ਸਕਦਾ ਹੈ। ਪਰ ਅਜੇ ਕਈ ਧਿਰਾਂ ਕਾਂਗਰਸ ਅਤੇ ਅਕਾਲੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਣ ਕਰਨਾ ਹੈ ਅਤੇ ਪੰਜਾਬ ਦੀ ਸਿਆਸਤ ਨਿੱਤ ਨਵਾਂ ਰੰਗ ਬਦਲਦੀ ਹੈ। ਜਿਸ ਕਾਰਨ ਹੋਲੀ-2 ਸਿਆਸੀ ਤਸਵੀਰ ਸਪੱਸਟ ਹੋਵੇਗੀ।