ਸਿਆਸਤ ਦੀਆ ਨਵੀਆ ਪਿਰਤਾਂ- ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਰਾਮਪੁਰਾ ਫੇਰੀ ਮੌਕੇ ਵੱਡੀ ਗਿਣਤੀ ’ਚ ਸ਼ਹਿਰੀ ਜੁੜੇ
ਸਿਆਸਤ ਦੇ ਦੋ ਵਰ੍ਹਿਆਂ ਬਾਅਦ ਕਿਸੇ ਉਮੀਦਵਾਰ ਨੂੰ ਸੁਣਨ ਜਾਂ ਮਿਲਣ ਲਈ ਸ਼ਹਿਰੀਆਂ ’ਚ ਉਤਸੁਕਤਾ ਵਿਖਾਈ ਦਿੱਤੀ
ਰਾਮਪੁਰਾ ਫੂਲ 9 ਅਪ੍ਰੈਲ (ਲੁਭਾਸ਼ ਸਿੰਗਲਾ/ਮਨਮੋਹਨ ਗਰਗ) :- ਲੋਕ ਸਭਾ ਹਲਕਾ ਫਰੀਦਕੋਟ ਤੋ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਸ਼ਹਿਰ ਰਾਮਪੁਰਾ ਫੂਲ ਵਿਖੇ ਪਲੇਠੀ ਫੇਰੀ ਨੇ ਹੀ ਭਾਜਪਾ ਵਰਕਰਾਂ ਅਤੇ ਸ਼ਹਿਰੀਆਂ ਦੇ ਚੇਹਰੇ ’ਤੇ ਰੋਣਕ ਲਿਆ ਦਿੱਤੀ, ਭਾਵੇਂ ਇਸ ਫੇਰੀ ਤੋ ਪਹਿਲਾ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਦਾ ਘਿਰਾਓ ਕੀਤਾ, ਪਰ ਆਪਣੇ ਮਿੱਥੇ ਸਮੇਂ ’ਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਸ਼ਹਿਰ ਅੰਦਰ ਦਸਤਕ ਦਿੱਤੀ। ਸਿਆਸੀ ਮਾਹੋਲ ਦੇ ਕਰੀਬ ਸਵਾ ਦੋ ਵਰ੍ਹਿਆਂ ਬਾਅਦ ਕਿਸੇ ਉਮੀਦਵਾਰ ਨੂੰ ਲੋਕ ਉਡੀਕਦੇ ਵਿਖਾਈ ਦਿੱਤੇ। ਸੰਸਦ ਮੈਂਬਰ ਕਮ ਉਮੀਦਵਾਰ ਹੰਸ ਰਾਜ ਹੰਸ ਦਾ ਭਾਜਪਾ ਆਗੂਆਂ ਨੇ ਖੁੱਲ ਦਿਲੀ ਨਾਲ ਸਵਾਗਤ ਕੀਤਾ। ਸੰਸਦ ਮੈਂਬਰ ਹੰਸ ਰਾਜ ਹੰਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਜਿਆਦਾਤਰ ਉੱਤਰ ਸੂਫੀਆਣਾ ਅੰਦਾਜ ਵਿਚ ਦਿੱਤੇ, ਉਨ੍ਹਾਂ ਕਿਹਾ ਕਿ ਹੋ ਸਕਦਾ ਪੰਜਾਬ ਅਤੇ ਖਾਸ ਕਰ ਮਾਲਵੇ ਵਿਚ ਭਾਜਪਾ ਨੇ ਝੰਡੇ ਗੱਡਣੇ ਹੋਣ, ਪਰ ਜੇਕਰ ਭਾਜਪਾ ਪੰਜਾਬ ਵਿਚ ਜਿੱਤ ਦਰਜ ਕਰਦੀ ਹੈ ਤਾਂ ਸੂਬੇ ਦੀ ਵਿਕਾਸ ਅਤੇ ਤਰੱਕੀ ਪੱਖੋ ਕਿਸਮਤ ਬਦਲ ਜਾਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆ ਪ੍ਰਾਪਤੀਆ ਗਿਣਾਉਦਿਆਂ ਕਿਹਾ ਕਿ ਸੜਕਾਂ, ਰੇਲਵੇ ਸਟੇਸ਼ਨ, ਵੱਡੇ ਵੱਡੇ ਪ੍ਰੋਜੈਕਟਾਂ ਸਣੇ ਧਾਰਮਿਕ ਪੱਖ ਤੋ ਕਰਤਾਰਪੁਰ ਦਾ ਲਾਂਘਾ ਖੋਲਣ ਅਤੇ ਗੁਰੂਆਂ ਦੇ ਸ਼ਹੀਦੀ ਅਤੇ ਜਨਮ ਦਿਹਾੜਿਆਂ ਸਣੇ ਸਾਹਿਬਜਾਦਿਆਂ ਦੇ ਵੀਰ ਦਿਵਸ ਮਨਾਉਣਾ ਉਨ੍ਹਾਂ ਦੀ ਪੰਜਾਬ ਪ੍ਰਤੀ ਸ਼ਰਧਾ ਦਰਸਾਉਦੀ ਹੈ। ਹੰਸ ਰਾਜ ਹੰਸ ਨੇ ਕਿਸਾਨਾਂ ਵੱਲੋ ਵਿਰੋਧ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਨ੍ਹਾਂ ਅੱਖਾਂ ਨੂੰ ਵਿਰੋਧ ਦੀ ਥਾਂ ਸਿਰਫ ਪਿਆਰ ਵਿਖਾਈ ਦਿੰਦਾ ਹੈ, ਉਹ ਕਿਹੜਾ ਕਿਸੇ ’ਤੇ ਨਿੱਜੀ ਹਮਲਾ ਬੋਲਦੇ ਹਨ ਬਲਕਿ ਆਪਣੇ ਹੱਕਾਂ ਲਈ ਲੜਦੇ ਹਨ, ਪਰ ਭਾਜਪਾ ਹੀ ਕਿਸਾਨਾਂ ਦੀ ਕਿਸਮਤ ਬਦਲੇਗੀ ਜਦਕਿ ਬਾਕੀ ਸਿਆਸੀ ਧਿਰਾਂ ਨੇ ਸਿਰਫ ਇਸ ਮਸਲੇ ’ਤੇ ਸਿਆਸਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਇਥੋ ਮੈਨੂੰ ਜਿਤਾ ਕੇ ਭੇਜਣ, ਇਕ ਅਹਿਦ ਲਿਆ ਜਾਵੇਗਾ, ਫੇਰ ਸਰਹੱਦਾਂ ’ਤੇ ਜਾਣ ਦੀ ਲੋੜ ਨਹੀ ਪੈਣੀ ਬਲਕਿ ਮੈਂ ਹੀ ਲੋਕਾਂ ਦਾ ਵਕੀਲ ਬਣ ਕੇ ਉਨ੍ਹਾਂ ਦੀ ਆਵਾਜ ਬੁਲੰਦ ਕਰਾਗਾਂ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੀ ਪੰਜਾਬ ਪ੍ਰਤੀ ਸੋਚ ਹੈ ਕਿ ਇਥੇ ਵਧੀਆ ਸਿੱਖਿਆ ਹੋਵੇ ਤਾਂ ਜੋ ਨੌਜਵਾਨ ਵਿਦੇਸ਼ਾਂ ਨੂੰ ਨਾ ਭੱਜਣ। ਉਮੀਦਵਾਰ ਹੰੰਸ ਰਾਜ ਹੰਸ ਨੇ ਬਾਦਲਾਂ ਨਾਲ ਪਿਛਲੇ ਸਮੇਂ ਹੋਈ ਨਰਾਜਗੀ ਦਾ ਜਿਕਰ ਕਰਦਿਆਂ ਕਿਹਾ ਕਿ ਜਲੰਧਰ ਹਾਰ ਤੋ ਬਾਅਦ ਉਹ ਥੋੜਾ ਗੁੱਸੇ ਵਿਚ ਆ ਗਏ ਸਨ, ਜਿਸ ਕਾਰਨ ਹੀ ਕੁਝ ਬੋਲ ਕੁਬੋਲ ਮੂੰਹੋ ਨਿਕਲੇ, ਪਰ ਹੰਕਾਰ ਛੱਡ ਕੇ ਮਨੁੱਖ ਜਦ ਪ੍ਰਮਾਤਮਾ ਦੀ ਲੜ੍ਹ ਲੱਗਦਾ ਹੈ ਤਦ ਝੋਲੀਆ ਭਰ ਜਾਂਦੀਆ ਨੇ, ਵੇਖੋ ਫਿਰ ਦਿੱਲੀ ਤੋ ਜਿੱਤੇ ਅਤੇ ਹੁਣ ਹਾਈਕਮਾਂਡ ਨੇ ਫਰੀਦਕੋਟ ਹਲਕੇ ਲਈ ਭੇਜਿਆ ਹੈ, ਜਿਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ, ਕਿਉਕਿ ਗੁਰੂਆਂ ਪੀਰਾਂ ਦੀ ਧਰਤੀ ‘ਤੇ ਨਤਮਸਤਕ ਹੋਣ ਦਾ ਮੋਕਾ ਪ੍ਰਦਾਨ ਹੋਇਆ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਜਿੱਥੇ ਕਾਂਗਰਸ ਦੇ ਫਰੀਦਕੋਟ ਤੋ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਕਾਰਗਜਾਰੀ ਪੁੱਛਣ ’ਤੇ ਕਿਹਾ ਕਿ ਉਨ੍ਹਾਂ ਦੀ ਕਾਰੁਗਜਾਰੀ ਹਲਕੇ ਦੇ ਲੋਕਾਂ ਜਾਂ ਤੁਸੀ ਪੱਤਰਕਾਰਾਂ ਨੇ ਵੇਖਣੀ ਹੈ, ਉਥੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆ। ਉਧਰ ਸ਼ਹਿਰ ਅੰਦਰ ਹੰਸ ਰਾਜ ਹੰਸ ਦੇ ਪੁੱਜਣ ਮੌਕੇ ਪਹਿਲੀ ਵਾਰ ਵੱਡੀ ਗਿਣਤੀ ਵਿਚ ਸ਼ਹਿਰ ਦੇ ਕਈ ਨਾਮਵਾਰ ਕਾਰੋਬਾਰੀ ਪੁੱਜੇ ਵਿਖਾਈ ਦਿੱਤੇ। ਇਸ ਮੌਕੇ ਸੁਨੀਲ ਗਰਗ ਸੀਨੀਅਰ ਭਾਜਪਾ ਆਗੂ, ਮੱਖਣ ਜਿੰਦਲ ਸੂਬਾ ਕਾਰਜਕਾਰਨੀ ਮੈਂਬਰ, ਸਾਬਕਾ ਜਿਲਾ ਪ੍ਰਧਾਨ ਭਾਰਤ ਭੂਸ਼ਨ ਗਰਗ ਸੂਬਾ ਕਾਰਜਕਾਰਨੀ ਮੈਂਬਰ, ਦਿਨੇਸ ਗਰਗ ਮੰਡਲ ਪ੍ਰਧਾਨ, ਮੇਜਰ ਸਿੰਘ ਬਰਾੜ, ਸੰਜੀਵ ਗਰਗ ਸਾਬਕਾ ਮੰਡਲ ਪ੍ਰਧਾਨ ਵੀ ਹਾਜਰ ਸਨ।