ਬਾਦਲਾਂ ਲਈ ਬਠਿੰਡਾ ਲੋਕ ਸਭਾ ਸੀਟ ਦੀ ਸਿਆਸੀ ਖੇਡ ਵਿਗੜੀ
ਲੋਕ ਸਭਾ ਅਧੀਨਲੇ 9 ਹਲਕਿਆਂ ਵਿਚੋ ਅਕਾਲੀ ਦਲ ਦੀ ਚੋਣ ਲੜਣ ਵਾਲਾ ਕੋਈ ਪਾਰਟੀ ’ਚ ਵਿਖਾਈ ਨਹੀ ਦੇ ਰਿਹਾ
ਬਠਿੰਡਾ 14 ਅਪ੍ਰੈਲ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਲੋਕ ਸਭਾ ਹਲਕਾ ਬਠਿੰਡਾ ਅੰਦਰ ਸ੍ਰੋਮਣੀ ਅਕਾਲੀ ਦਲ ਅਤੇ ਖਾਸਕਰ ਬਾਦਲਾਂ ਲਈ ਬਠਿੰਡਾ ਲੋਕ ਸਭਾ ਸੀਟ ਟੇਢੀ ਖੀਰ ਬਣਦੀ ਜਾ ਰਹੀ ਹੈ ਕਿਉਕਿ ਕਿਸੇ ਵੇਲੇ ਅਕਾਲੀ ਦਲ ਦੀ ਤੂਤੀ ਸਭ ਤੋ ਵਧੇਰੇ ਲੋਕ ਸਭਾ ਹਲਕਾ ਬਠਿੰਡਾ ਅਧੀਨਲੇ 9 ਹਲਕਿਆਂ ਵਿਚ ਵੱਜਦੀ ਸੀ ਪਰ ਅਜਿਹੀ ਕੋਈ ਐਸੀ ਚੰਦਰੀ ਸਿਆਸੀ ਨਜਰ ਲੱਗੀ ਕਿ ਪੂਰੇ ਦਾ ਪੂਰਾ ਸਿਆਸੀ ਭਾਂਡਾ ਹੀ ਭੰਜ ਕੇ ਰੱਖ ਦਿੱਤਾ। ਲੋਕ ਸਭਾ ਹਲਕੇ ਅਧੀਨਲੇ 9 ਵਿਧਾਨ ਸਭਾ ਹਲਕਿਆਂ ਅੰਦਰ ਸਿਆਸੀ ਤਸਵੀਰ ਤਾਂ 2017 ਵਿਚ ਹੀ ਬਦਲੀ ਨਜਰ ਆਈ ਕਿਉਕਿ ਸਿਵਾਏ ਬਾਦਲ ਪਰਿਵਾਰ ਦੇ ਜੱਦੀ ਹਲਕੇ ਲੰਬੀ ਅਤੇ ਸਰਦੂਲਗੜ੍ਹ ਨੂੰ ਛੱਡ ਕੇ ਸਾਰਿਆਂ ਬਚੇ 7 ਹਲਕਿਆਂ ਵਿਚ ਕਾਂਗਰਸ ਅਤੇ ਝਾੜੂ ਦੀ ਚੜਤ ਵਿਖਾਈ ਦਿੱਤੀ ਭਾਵੇਂ 2019 ਵਿਚ ਮਸਾਂ ਅਕਾਲੀ ਦਲ ਨੇ ਆਪਣੀ ਸਿਆਸੀ ਸ਼ਾਖ ਬੀਬਾ ਹਰਸਿਮਰਤ ਕੌਰ ਬਾਦਲ ਦੀ 20 ਕੁ ਹਜਾਰ ਦੀ ਜਿੱਤ ਨਾਲ ਬਚਾਈ ਸੀ ਭਾਵੇ ਇਸ ਦੀ ਸਿਆਸੀ ਗਾਜ ਵੀ ਇਨ੍ਹਾਂ ਦੇ ਸ਼ਰੀਕ ’ਤੇ ਹੀ ਉਸ ਵੇਲੇ ਡਿੱਗ ਪਈ ਸੀ। ਜਿਸ ਦਾ ਰੋਲਾ ਅੱਜ ਤੱਕ ਸਿਆਸੀ ਗਲਿਆਰਿਆਂ ਵਿਚ ਸੁਣਾਈ ਦੇ ਰਿਹਾ ਹੈ। ਪਰ ਇਸ ਵੇਲੇ ਇਹ ਅਕਾਲੀ ਦਲ ਦਾ ਸਿਆਸੀ ਤਾਣਾ ਬਾਣਾ ਪੂਰੀ ਤਰ੍ਹਾਂ ਉਲਝਿਆ ਪਿਆ ਹੈ ਅਤੇ ਲੋਕ ਸਭਾ ਹਲਕਾ ਬਠਿੰਡਾ ਦੀ ਸਿਆਸੀ ਤਸਵੀਰ ਵਿਚ ਅਕਾਲੀ ਦਲ ਦਾ ਕੋਈ ਵੀ ਨੁੰਮਾਇਦਾ ਕਿਤੇ ਨਜਰ ਨਹੀ ਆ ਰਿਹਾ, ਇਥੋ ਤੱਕ ਕਿ ਬਾਦਲਾਂ ਦੀ ਸਿਆਸੀ ਬੇੜੀ ਵਿਚੋ ਛਾਲਾਂ ਮਾਰਨ ਵਾਲਿਆਂ ਦੀ ਤਸਵੀਰਾਂ ਹੀ ਚਹੁੰ ਪਾਸੇ ਘੁੰਮਦੀਆ ਨਜਰ ਆ ਰਹੀਆ ਹਨ।। ਜੇਕਰ ਝਾਤ ਮਾਰੀਏ ਤਦ 2022 ਦੀਆ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ 9 ਹਲਕਿਆਂ ਵਿਚੋ ਚੋਣ ਲੜਣ ਵਾਲੇ ਬੁਹਤੇ ਉਮੀਦਵਾਰਾਂ ਨੇ ਪਾਰਟੀ ਨੂੰ ਸਿਆਸੀ ਤੌਰ ’ਤੇ ਅਲਵਿਦਾ ਆਖ ਦਿੱਤਾ ਹੈ। ਜਿਸ ਵਿਚ ਸਭ ਤੋ ਪਹਿਲਾ ਬਠਿੰਡਾ ਸ਼ਹਿਰੀ ਹਲਕੇ ਤੋ ਬਾਬੂ ਸਰੂਪ ਚੰਦ ਸਿੰਗਲਾ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਜਿਨ੍ਹਾਂ ਦਾ ਬਠਿੰਡਾ ਸ਼ਹਿਰ ਅੰਦਰ ਕਾਫੀ ਪ੍ਰਭਾਵ ਹੈ, ਪਰ ਉਸ ਨੇ ਪਾਰਟੀ ਛੱਡਣ ਵੇਲੇ ਅਜਿਹੇ ਬੋਲ ਕੁਬੋਲ ਬੋਲੇ, ਜੋ ਅੱਜ ਵੀ ਲੋਕਾਂ ਦੀਆ ਕੰਨਾਂ ਵਿਚ ਰੜਕ ਰਹੇ ਹਨ ਭਾਵੇਂ ਸਿਆਸੀ ਤੌਰ ’ਤੇ ਆਪਣੇ ਵਿਰੋਧੀ ਅਤੇ ਬਾਦਲਾਂ ਦੇ ਸ਼ਰੀਕ ਮਨਪ੍ਰੀਤ ਬਾਦਲ ਦੀ ਹਮਾਇਤ ਕਰਨ ਦਾ ਇਲਜਾਮ ਉਨ੍ਹਾਂ ਪਹਿਲਾ ਹੀ ਪਾਰਟੀ ਉਪਰ ਇਕ ਜਨ ਸਭਾ ਵਿਚ ਲਾ ਦਿੱਤਾ ਸੀ। ਜਿਸ ’ਤੇ ਉਨ੍ਹਾਂ ਸਪੱਸਟ ਕੀਤਾ ਸੀ ਕਿ ਜੇਕਰ ਅਜਿਹਾ ਸਾਬਿਤ ਹੋ ਜਾਂਦਾ ਹੈ ਤਦ ਉਹ ਚਲਦੀ ਚੋਣ ਛੱਡ ਕੇ ਹੀ ਚਲੇ ਜਾਣਗੇ, ਪਰ ਉਹ ਚੋਣਾਂ ਖਤਮ ਹੁੰਦਿਆਂ ਸਾਰ ਹੀ ਪਾਰਟੀ ਨੂੰ ਅਲਵਿਦਾ ਆਖ ਗਏ। ਬਠਿੰਡਾ ਦਿਹਾਤੀ ਹਲਕੇ ਤੋ ਗੁਆਂਢੀ ਜਿਲ੍ਹੇਂ ਵਿਚੋ ਲਿਆਂਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਵੀ ਚੋਣਾਂ ਖਤਮ ਹੁੰਦਿਆਂ ਹੀ ਲੱਡੂ ਮੁੱਕ ਗਏ, ਯਰਾਨੇ ਟੁੱਟ ਗਏ ਦੀ ਕਹਾਵਤ ਅਨੁਸਾਰ ਮੁੜ ਕਦੇ ਹਲਕਾ ਬਠਿੰਡਾ ਦਿਹਾਤੀ ’ਚ ਨਜਰ ਨਾ ਆਏ। ਜਿਸ ਕਾਰਨ ਵਰਕਰ ਦੀ ਬਾਂਹ ਕਿਸੇ ਨੇ ਨਾ ਫੜੀ। ਸਭ ਤੋ ਮਹਿਫੂੁਜ ਹਲਕੇ ਲੰਬੀ ਤੋ ਚੋਣ ਲੜਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਹਾਨ ਤੋ ਹੀ ਰੁਖਸਤ ਹੋ ਗਏ ਜਦਕਿ ਦੂਜੀ ਇਸ ਹਲਕੇ ਦੀ ਵੱਡੀ ਗੱਲ ਕਿ ਹਲਕੇ ਤੋ ਜੈਤੂ ਵਿਧਾਇਕ ਕਮ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਖੁਦ ਬਤੌਰ ਸੱਤਾਧਾਰੀ ਧਿਰ ਦੇ ਉਮੀਦਵਾਰ ਵਜੋ ਚੋਣ ਮੈਦਾਨ ਵਿਚ ਹਨ। ਭੁੱਚੋ ਵਿਧਾਨ ਸਭਾ ਹਲਕੇ ਅੰਦਰੋ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਵੀ ਘਰ ਨੂੰ ਚਲਦੇ ਬਣੇ, ਜਿਨ੍ਹਾਂ ਦੀ ਥਾਂ ਇਕ ਇੰਚਾਰਜ ਭਾਵੇਂ ਪਾਰਟੀ ਨੇ ਹਲਕੇ ਅੰਦਰ ਲਗਾਇਆ ਹੈ, ਪਰ ਕਾਰੁਗਜਾਰੀ ਉਸ ਦੀ ਵੀ ਅਜੇ ਚੋਣਾਂ ਅਨੁਸਾਰ ਢੁੱਕਵੀ ਨਹੀ। ਸਭ ਤੋ ਚਰਚਿਤ ਹਲਕਾ ਮੌੜ ਅੰਦਰੋ ਪਾਰਟੀ ਦੇ ਇਕ ਨਹੀ ਬਲਕਿ ਦੋ ਹਲਕਾ ਇੰਚਾਰਜ ਬਦਲ ਗਏ। ਤੇਜ ਤਰਾਰ ਦਲੀਲ ਅਪੀਲ ਵਾਲੇ ਜਗਮੀਤ ਸਿੰਘ ਬਰਾੜ ਨੇ ਜਿਥੇ ਚੋਣ ਹਾਰਨ ਤੋ ਤੁਰੰਤ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਹੀ ਘੇਰਣਾ ਸ਼ੁਰੂ ਕੀਤਾ ਸੀ, ਉਥੇ ਦੂਜੀ ਵਾਰ ਹਲਕਾ ਇੰਚਾਰਜ ਲਗਾਏ ਸਿੰਕਦਰ ਸਿੰਘ ਮਲੂਕਾ ਦੇ ਪੁੱਤਰ-ਨੂੰਹ ਦੇ ਭਾਜਪਾ ਵਿਚ ਜਾਣ ਨੇ ਤਾਂ ਪਾਰਟੀ ਦੀਆ ਸਿਆਸੀ ਚੂਲਾ ਹੀ ਹਿਲਾ ਕੇ ਰੱਖ ਦਿੱਤੀਆ। ਹਲਕਾ ਤਲਵੰਡੀ ਸਾਬੋ ਤੋ ਪਾਰਟੀ ਅਤੇ ਲੋਕਾਂ ਵਿਚ ਕਾਫੀ ਅਧਾਰ ਰੱਖਣ ਵਾਲੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਪਿਛਲੇ ਦਿਨੀ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ਵਿਚ ਸਮੂਲੀਅਤ ਕਰ ਲਈ, ਜਿਸ ਦੇ ਸਿਆਸੀ ਘਾਟੇ ਨੂੰ ਸ਼ਾਇਦ ਪਾਰਟੀ ਕਾਫੀ ਸਮਾਂ ਪੂਰ ਨਹੀ ਕਰ ਸਕੇਗੀ। ਉਧਰ ਮਾਨਸਾ ਵਿਧਾਨ ਸਭਾ ਹਲਕੇ ਤੋ ਦੋ ਚੋਣਾਂ ਲੜਣ ਵਾਲੇ ਪਾਰਟੀ ਪ੍ਰਧਾਨ ਬਾਦਲ ਦੇ ਹਮਜਮਾਤੀ ਜਗਦੀਪ ਸਿੰਘ ਨਕਈ ਨੇ ਵੀ ਪਾਰਟੀ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸਮੂਲੀਅਤ ਕਰ ਲਈ, ਜਦਕਿ ਰਹਿੰਦੇ ਖੂਹੰਦੇ ਇਕ ਅੱਧ ਹਲਕੇ ਵਿਚ ਪਾਰਟੀ ਦਾ ਇੰਚਾਰਜ ਰਹਿ ਗਿਆ ਹੋਵੇ, ਪਰ ਸਭ ਤੋ ਵੱਡੀ ਸਿਆਸੀ ਸੱਟ ਪਿਛਲੇ ਦਿਨੀ ਮਲੂਕਾ ਪਰਿਵਾਰ ਦੇ ਪੁੱਤ ਨੂੰਹ ਨੇ ਭਾਜਪਾ ਦੀ ਝੰਡੀ ਫੜ੍ਹ ਕੇ ਕੱਢ ਦਿੱਤੀ। ਜਿਨ੍ਹਾਂ ਨਾਲ ਸਿਆਸੀ ਮੁਕਾਬਲਾ ਕਰਨ ਬਾਰੇ ਕਦੇ ਬਾਦਲਾਂ ਨੇ ਸੁਪਨੇ ਵਿਚ ਵੀ ਨਹੀ ਸੋਚਿਆ ਹੋਵੇਗਾ।