ਮੇਰੇ ਬਾਰੇ ਅਕਾਲੀ ਦਲ ਚ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿਰੋਧੀਆਂ ਦੀਆਂ ਚਾਲਾਂ; ਕਾਂਗਰਸ ਪਾਰਟੀ ਦਾ ਹਾਂ ਵਫ਼ਾਦਾਰ ਸਿਪਾਹੀ : ਸਾਬਕਾ ਵਜ਼ੀਰ ਕਾਂਗੜ
ਰਾਮਪੁਰਾ ਫੂਲ, 16 ਅਪਰੈਲ ( ) - ਸਾਬਕਾ ਵਜ਼ੀਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੇ ਉਹਨਾਂ ਬਾਬਤ ਅਕਾਲੀ ਦਲ ਵਿਚ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ, ਉਹਨਾਂ ਕਿਹਾ ਕਿ ਉਹ ਕਿਸੇ ਅਕਾਲੀ ਦਲ ਵਿਚ ਨਹੀਂ ਜਾ ਰਹੇ,ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ਚ ਮਿਹਨਤ ਅਤੇ ਨਿਸ਼ਠਾ ਨਾਲ ਰਾਮਪੁਰਾ ਫੂਲ ਹਲਕੇ ਸਮੇਤ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਜਾਰੀ ਰੱਖਣਗੇ। ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਲੈਕੇ ਦੇਣ ਅਤੇ ਫਿਰਕੂ ਇਕਸੁਰਤਾ ਕਾਇਮ ਰੱਖਣ ਲਈ ਅਥਾਹ ਕੁਰਬਾਨੀਆਂ ਦਿੱਤੀਆਂ ਹਨ,ਇਸ ਕਰਕੇ ਕਾਂਗਰਸ ਪਾਰਟੀ ਛੱਡਕੇ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਪਿਛਲੇ ਸਮੇਂ ਚ ਜਾਣੇ ਅਣਜਾਣੇ ਵਿੱਚ ਉਹ ਭਾਜਪਾ ਚ ਜਾਣ ਦੀ ਗਲਤੀ ਜ਼ਰੂਰ ਕਰ ਗਏ ਸਨ,ਪ੍ਰੰਤੂ ਹਲਕੇ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰਖਦਿਆਂ ਉਹ ਆਪਣੀ ਪੁਰਾਣੀ ਪਾਰਟੀ ਚ ਪਰਤਕੇ ਕਾਂਗਰਸ ਦਾ ਝੰਡਾ ਬੁਲੰਦ ਕਰ ਰਹੇ ਹਨ। ਕਾਂਗੜ ਨੇ ਆਪਣੇ ਵਰਕਰਾਂ/ ਹਲਕੇ ਦੇ ਲੋਕਾਂ ਨੂੰ ਖਾਸ ਤੌਰ ਤੇ ਸੰਬੋਧਤ ਹੁੰਦਿਆਂ ਸੁਚੇਤ ਕੀਤਾ ਕਿ ਉਹ ਪਾਰਟੀ ਬਦਲਣ ਬਾਰੇ ਫੈਲਾਈਆਂ ਜਾ ਰਹੀਆਂ ਮਨਘੜਤ ਗੱਲਾਂ/ਅਫਵਾਹਾਂ ਤੋਂ ਗੁੰਮਰਾਹ ਨਾ ਹੋਣ। ਸਾਬਕਾ ਵਜ਼ੀਰ ਨੇ ਅੱਗੇ ਕਿਹਾ ਕਿ ਨੌਜਵਾਨਾਂ ਦੀ ਪਸੰਦ ਬਣੇ ਰਾਹੁਲ ਗਾਂਧੀ, ਸੀਨੀਅਰ ਆਗੂ ਸੋਨੀਆ ਗਾਂਧੀ, ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਪ੍ਰਦੇਸ਼ ਲੀਡਰਸ਼ਿਪ ਬਿਹਤਰੀਨ ਅਗਵਾਈ ਕਰ ਰਹੀ ਹੈ ਅਤੇ ਅਜਿਹੇ ਸੁਚੱਜੇ ਪ੍ਰਬੰਧਨ ਹੇਠ ਹੀ ਪਾਰਟੀ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਸਮੇਤ ਜ਼ੋ ਚਾਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ,ਉਹ ਸੱਚਮੁੱਚ ਹੀ ਪ੍ਰਸੰਸਾ ਯੋਗ ਫੈਸਲਾ ਹੈ,ਜਿਸ ਲਈ ਉਹ ਹਾਈਕਮਾਂਡ ਦਾ ਧੰਨਵਾਦ ਵੀ ਕਰਦੇ ਹਨ। ਕਾਂਗੜ ਨੇ ਚੋਣਾਂ ਦੇ ਅਜੋਕੇ ਸੰਦਰਭ ਵਿਚ ਕਿਹਾ ਕਿ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ਵਿਚ ਹੈ,ਨਿਰੋਲ ਤਾਨਾਸ਼ਾਹੀ ਰਾਜ ਚੱਲ ਰਿਹਾ ਹੈ ਬੇਰੁਜ਼ਗਾਰੀ ਅਤੇ ਮਹਿੰਗਾਈ ਸਿਖਰਾਂ ਤੇ ਹੈ। ਇਸੇ ਕਰਕੇ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੇ ਕਾਂਗਰਸ ਸਰਕਾਰ ਆਉਣ ਤੇ ਕੇਂਦਰ ਪੱਧਰ ਤੇ 30 ਲੱਖ ਸਰਕਾਰੀ ਨੌਕਰੀਆਂ ਦੇਣ , ਐੱਮਐੱਸਪੀ ਦੀ ਕਾਨੂੰਨੀ ਗਰੰਟੀ ਦੇਣ, ਲੋੜਵੰਦ ਔਰਤਾਂ ਨੂੰ ਸਲਾਨਾ ਇੱਕ ਲੱਖ ਰੁਪਏ ਦੇਣ ਜਿਹੇ ਕੀਤੇ ਠੋਸ ਵਾਅਦਿਆਂ ਸਮੇਤ ਸੰਵਿਧਾਨਕ ਸੰਸਥਾਵਾਂ ਬਚਾਉਣ ਦੀ ਹਾਮੀ ਭਰੀ ਹੈ। ਕਾਂਗੜ ਨੇ ਕਿਹਾ ਪਾਰਟੀ ਹਾਈਕਮਾਨ ਜ਼ੋ ਵੀ ਡਿਊਟੀ ਲਾਏਗੀ ਉਸਦੀ ਪੂਰਤੀ ਹਿਤ ਉਹ ਹਰ ਥਾਂ ਜਾਣਗੇ। ਉਹਨਾਂ ਕਿਹਾ ਕਿ ਹੁਣ ਤੱਕ ਐਲਾਨੇ ਚਾਰੇ ਕਾਂਗਰਸੀ ਉਮੀਦਵਾਰ ਵਿਰੋਧੀ ਪਾਰਟੀਆਂ ਦਾ ਸੂਫੜਾ ਸਾਫ ਕਰ ਦੇਣਗੇ, ਬਠਿੰਡਾ ਹਲਕੇ ਤੋਂ ਜੀਤ ਮਹਿੰਦਰ ਸਿੱਧੂ ਰਿਕਾਰਡ ਫਰਕ ਨਾਲ ਜਿੱਤ ਹਾਸਲ ਕਰਨਗੇ,ਜਿਸ ਲਈ ਉਹ ਸਿੱਧੂ ਦਾ ਡਟਵਾਂ ਸਾਥ ਦੇਣਗੇ।