ਹਲਕਾ ਰਾਮਪੁਰਾ ਫੂੁਲ ਅੰਦਰ ਅਕਾਲੀ ਦਲ ਵਿਚ ਇਕ ਸਿਆਸੀ ਸੁੰਨ ਜਿਹੀ ਪਸਰੀ, ਭਗਵੇਂ ਵੱਲ ਅਕਾਲੀਆਂ ਦੇ ਵਧਣ ਦੇ ਆਸਾਰ
ਰਾਮਪੁਰਾ ਫੂਲ (ਬਠਿੰਡਾ) 19 ਅਪ੍ਰੈਲ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੁੂਲ ਨਾਲ ਲੰਬੀ ਸਿਆਸੀ ਸਾਂਝ ਰੱਖਣ ਵਾਲੇ ਸਿੰਕਦਰ ਸਿੰਘ ਮਲੂਕਾ ਦੇ ਪੁੱਤਰ ਅਤੇ ਜਿਲਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਦੇ ਭਾਜਪਾ ਵਿਚ ਸਿਆਸੀ ਰਲੇਵਾਂ ਅਤੇ ਭਾਜਪਾ ਵੱਲੋ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਨੂੰ ਲੋਕ ਸਭਾ ਹਲਕਾ ਬਠਿੰਡਾ ਤੋ ਪਾਰਟੀ ਉਮੀਦਵਾਰ ਬਣਾਏ ਜਾਣ ਤੋ ਬਾਅਦ ਰਾਮਪੁਰਾ ਫੂਲ ਹਲਕੇ ਅੰਦਰਲੇ ਅਕਾਲੀ ਦਲ ਦੇ ਇਕ ਧੜੇ ਵਿਚ ਸਿਆਸੀ ਸੁੰਨ ਜਿਹੀ ਪਸਰ ਗਈ ਹੈ, ਭਾਵੇਂ ਹਲਕਾ ਫੂਲ, ਲੋਕ ਸਭਾ ਹਲਕਾ ਫਰੀਦਕੋਟ ਦਾ ਸਿਆਸੀ ਤੌਰ ’ਤੇ ਹਿੱਸਾ ਹੈ ਪਰ ਰਾਮਪੁਰਾ ਦੇ ਲੋਕਾਂ ਦਾ ਜਿਆਦਾਤਰ ਸਿਆਸੀ ਅਤੇ ਸਮਾਜਿਕ ਲੈਣ ਦੇਣ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਦੇ ਲੋਕਾਂ ਨਾਲ ਹੀ ਹੈ। ਜਿਸ ਕਾਰਨ ਸ੍ਰੀਮਤੀ ਮਲੂਕਾ ਦੇ ਚੋਣ ਲੜਣ ਦਾ ਅਸਰ ਰਾਮਪੁਰਾ ਫੂਲ ਦੀ ਸਿਆਸਤ ’ਤੇ ਪੈਣਾ ਸੁਭਾਵਿਕ ਹੈ, ਉਪਰ ਦੀ ਅਕਾਲੀ ਦਲ ਨੇ ਸਿੰਕਦਰ ਸਿੰਘ ਮਲੂਕਾ ਨੂੰ ਗੁਆਂਢੀ ਹਲਕੇ ਮੌੜ ਦੀ ਸਿਆਸੀ ਵਾਂਗਡੋਰ ਤੋ ਵਾਂਝਾ ਕਰ ਦਿੱਤਾ। ਜਿਸ ਕਾਰਨ ਮਲੂਕਾ ਪਰਿਵਾਰ ਦੇ ਹਰੇਕ ਜੀਅ ਦਾ ਇਨ੍ਹਾਂ ਚੋਣਾਂ ਵਿਚ ਆਪਣੀ ਮਰਜੀ ਨਾਲ ਕੰਮ ਕਰਨ ਦਾ ਰਾਹ ਪੱਧਰਾ ਹੋ ਗਿਆ। ਹਲਕਾ ਫੂਲ ਅਤੇ ਖਾਸਕਰ ਰਾਮਪੁਰਾ ਸ਼ਹਿਰ ਦੇ ਜਿਆਦਾਤਰ ਅਕਾਲੀ ਦਲ ਦੇ ਮੂਹਰਲੀ ਕਤਾਰ ਦੇ ਆਗੂਆਂ ਦੇ ਸ਼ੋਸ਼ਲ ਮੀਡੀਆ ਖਾਤਿਆਂ ’ਤੇ ਜੇਕਰ ਝਾਤ ਮਾਰ ਲਈ ਜਾਵੇ ਤਦ ਉਨ੍ਹਾਂ ਉਪਰ ਸ੍ਰੀਮਤੀ ਮਲੂਕਾ ਦੀਆ ਪੋਸਟਾਂ ਅਕਸਰ ਹੀ ਘੁੰਮਦੀਆ ਵਿਖਾਈ ਦੇ ਰਹੀਆ ਹਨ, ਭਾਵੇਂ ਇਹ ਧਾਰਮਿਕ ਪੱਖ ਜਾਂ ਸਿਆਸੀ ਪੱਖ ਦੇ ਨਜਰੀਏ ਨਾਲ ਹੋਵੇ ਜਦਕਿ ਮਲੂਕਾ ਜੋੜੀ ਨੇ ਵੀ ਪਾਰਟੀ ਵਿਚ ਸਿਆਸੀ ਰਲੇਵਾਂ ਕਰਨ ਤੋ ਬਾਅਦ ਸਭ ਤੋ ਪਹਿਲੀ ਸਿਆਸੀ ਫੇਰੀ ਰਾਮਪੁਰਾ ਦੀ ਹੀ ਲਗਾਈ, ਜਿੱਥੇ ਇਕ ਭਾਜਪਾ ਆਗੂ ਦੇ ਦਫਤਰ ਵਿਖੇ ਭਾਜਪਾਈਆਂ ਦੇ ਨਾਲੋ ਨਾਲ ਕੁਝ ਅਕਾਲੀ ਆਗੂਆਂ ਨੇ ਵੀ ਇਨ੍ਹਾਂ ਦਾ ਖੁੱਲ ਦਿਲੀ ਨਾਲ ਸਵਾਗਤ ਕੀਤਾ। ਸ਼ਾਇਦ ਇਨ੍ਹਾਂ ਕਾਰਨਾਂ ਕਰਕੇ ਹੀ ਅਕਾਲੀ ਦਲ ਲੋਕ ਸਭਾ ਹਲਕਾ ਬਠਿੰਡਾ ਅੰਦਰ ਪਾਰਟੀ ਉਮੀਦਵਾਰ ਐਲਾਣਨ ਵਿਚ ਦੇਰੀ ਕਰ ਰਿਹਾ ਹੈ। ਰਾਮਪੁਰਾ ਫੁੂਲ ਹਲਕੇ ਦੀ ਸਿਆਸੀ ਸਥਿਤੀ ਇਸ ਵੇਲੇ ਕਾਫੀ ਰੋਚਕ ਭਰੇ ਮੋੜ ਵਿਚ ਹੈ ਕਿਉਕਿ ਜਿੱਥੇ ਆਪ ਪਾਰਟੀ ਦੇ ਉਮਦਵਾਰ ਕਰਮਜੀਤ ਅਨਮੋਲ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ, ਪਰ ਇਨ੍ਹਾਂ ਦੇ ਭਾਸ਼ਣਾਂ ਵਿਚ ਜਿਆਦਾਤਰ ਗਾਣੇ ਹੀ ਹੁੰਦੇ ਹਨ, ਲੋਕ ਪੱਖੀ ਗੱਲਾਂ ਤੋ ਅਜੇ ਸ਼ਾਇਦ ਇਨ੍ਹਾਂ ਨੇ ਦੂਰੀ ਬਣਾਈ ਹੋਈ ਹੈ। ਜਿਸ ਦਾ ਪ੍ਰਮੁੱਖ ਕਾਰਨ ਵਿਰੋਧੀ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵੀ ਕਰਮਜੀਤ ਅਨਮੋਲ ਖਿਲਾਫ ਨਿੱਜੀ ਜਾਂ ਸਿਆਸੀ ਬਿਆਨਬਾਜੀ ਨਹੀ ਕਰ ਰਹੇ। ਪਰ ਕਰਮਜੀਤ ਅਨਮੋਲ ਦੇ ਹੱਕ ਵਿਚ ਹੋਏ ਹੁਣ ਤੱਕ ਦੇ ਰਾਮਪੁਰਾ ਫੂਲ ਇਲਾਕੇ ਅੰਦਰਲੇ ਇੱਕਠਾਂ ਵਿਚ ਸੱਤਾਧਾਰੀ ਧਿਰ ਵਾਲਾ ਜਲਬਾ ਵਿਖਾਈ ਨਹੀ ਦਿੱਤਾ ਜਦਕਿ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਹਲਕਾ ਫੁੂਲ ਅੰਦਰਲੀ ਫੇੋਰੀ ਵੇਲੇ ਕਿਸਾਨਾਂ ਵੱਲੋ ਕੀਤੇ ਵਿਰੋਧ ਦੇ ਬਾਵਜੂਦ ਪਾਰਟੀ ਦੀ ਆਸ ਅਨੁਸਾਰ ਇੱਕਠ ਵਿਖਾਈ ਦਿੱਤਾ, ਪਰ ਹੁਣ ਹੰਸ ਰਾਜ ਹੰਸ ਦੀ ਹਲਕਾ ਫੂੁਲ ਅੰਦਰਲੀ ਅਗਲੀ ਫੇਰੀ ਵਿਚ ਕਈ ਪੁਰਾਣੇ ਸਿਆਸੀ ਗਠਜੋੜ ਪਾਰਟੀ ਦੇ ਆਗੂਆਂ/ਵਰਕਰਾਂ ਦੇ ਵੀ ਉਮੀਦਵਾਰ ਦਾ ਸਵਾਗਤ ਕਰਦੇ ਮਿਲਣ ਦੀ ਸੰਭਾਵਨਾ ਬਣ ਗਈ ਹੈ।