ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ
ਬਠਿੰਡਾ 8 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਮੌੜ ਅੰਦਰ ਪਿਛਲੇ ਡੇਢ ਦਹਾਕੇ ਤੋ ਕਾਂਗਰਸੀਆਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣ ਵਾਲੇ ਜਮੀਨੀ ਪੱਧਰ ਦੇ ਜੁੜੇ ਆਗੂ ਨੂੰ ਸਿਆਸੀ ਤੌਰ ’ਤੇ ਆਪਣੇ ਨਾਲ ਜੋੜ ਕੇ ਵੱਡਾ ਝਟਕਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਿਆਸੀ ਰਲੇਵਾਂ ਕਰਨ ਵਾਲੇ ਹਲਕਾ ਮੌੜ ਦੇ ਕਾਂਗਰਸ ਆਗੂ ਅਤੇ ਪਾਰਟੀ ਦੇ ਕਿਸਾਨ ਸੈੱਲ ਦੇ ਅਹੁਦੇਦਾਰ ਗਗਨਦੀਪ ਸਿੰਘ ਸਿੱਪੀ ਭਾਕਰ ਨੇ ਬੀਤੇ ਕੱਲ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਝੰਡਾ ਚੁੱਕ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਠਿੰਡਾ ਅੰਦਰ ਪਾਰਟੀ ਉਮੀਦਵਾਰ ਕਮ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੀ ਜਿੱਤ ਯਕੀਨੀ ਹੈ ਕਿਉਕਿ ਜੋ ਉਤਸ਼ਾਹ ਬਠਿੰਡਾ ਹਲਕੇ ਦੇ ਲੋਕਾਂ ਵਿਚ ਵੇਖਿਆ ਜਾ ਰਿਹਾ ਹੈ, ਹੁਣ ਤੱਕ ਆਪਣੇ ਆਪ ਵਿਚ ਮਿਸਾਲ ਹੈ। ਉਧਰ ਕਾਂਗਰਸ ਤੋ ਆਪ ਪਾਰਟੀ ਨਾਲ ਜੁੜਣ ਵਾਲੇ ਸਿੱਪੀ ਭਾਕਰ ਨੇ ਆਪਣੀ ਸਿਆਸੀ ਤਬਦੀਲੀ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਿਰ ਮੜਦਿਆਂ ਕਿਹਾ ਕਿ ਉਹ 2009 ਤੋ ਹਲਕਾ ਮੌੜ ਅੰਦਰ ਪਾਰਟੀ ਸੇਵਾਵਾਂ ਨਿਭਾ ਰਹੇ ਹਨ, ਜਿਸ ਦਾ ਹੀ ਅਸਰ ਸੀ ਕਿ ਪਿਛਲੀ 2019 ਦੀ ਲੋਕ ਸਭਾ ਚੋਣ ਜਿਸ ਵਿਚ ਖੁਦ ਰਾਜਾ ਵੜਿੰਗ ਬਠਿੰਡਾ ਤੋ ਪਾਰਟੀ ਉਮੀਦਵਾਰ ਸਨ ਮੌੜ ਹਲਕੇ ਤੋ 5000 ਹਜਾਰ ਦੇ ਕਰੀਬ ਵੋਟ ਨਾਲ ਲੀਡ ਲਈ ਸੀ, ਪਰ ਅਫਸੋਸ ਸਾਡੀ ਮਿਹਨਤ ਅਤੇ ਈਮਾਨਦਾਰੀ ਦਾ ਇਹ ਮੁੱਲ ਪਾਇਆ ਕਿ ਉਨ੍ਹਾਂ ਹਲਕਾ ਮੌੜ ਅੰਦਰ ਅਨੇਕਾਂ ਫੇਰੀਆ ਦੌਰਾਨ ਸਾਨੂੰੂ ਬੁਲਾਉਣਾ ਤੱਕ ਵੀ ਮੁਨਾਸਿਬ ਨਹੀ ਸਮਝਿਆ, ਬਲਕਿ ਜਿਨ੍ਹਾਂ ਲੋਕਾਂ ਨੇ ਹਮੇਸ਼ਾਂ ਕਾਂਗਰਸ ਦੀ ਪਿੱਠ ਵਿਚ ਛੁਰੇ ਮਾਰੇ, ਉਨ੍ਹਾਂ ਨੂੰ ਅਹੁਦੇਦਾਰੀਆਂ ਨਾਲ ਨਿਵਾਜਿਆ ਗਿਆ। ਸਿੱਪੀ ਭਾਕਰ ਨੇ ਅੱਗੇ ਕਿਹਾ ਕਿ ਆਮ ਘਰਾਂ ਦੇ ਨੌਜਵਾਨ ਹਾਂ ਅਤੇ ਹੁਣ ਆਮ ਆਦਮੀ ਪਾਰਟੀ ਅੰਦਰ ਹੀ ਸਮੂਲੀਅਤ ਕਰ ਲਈ ਹੈ, ਪਾਰਟੀ ਅਤੇ ਇਸ ਦੇ ਉਮੀਦਵਾਰ ਲਈ ਦਿਨ ਰਾਤ ਮਿਹਨਤ ਕਰਕੇ ਜਿੱਤ ਵਿਚ ਆਪਣਾ ਬਣਦਾ ਯੋਗਦਾਨ ਪਾਵਾਗੇਂ। ਜਿਕਰਯੋਗ ਹੈ ਕਿ ਸਿੱਪੀ ਭਾਕਰ ਲਗਾਤਾਰ 2009 ਤੋ
ਹਲਕਾ ਮੌੜ ਅੰਦਰ ਵਿਚਰਦਾ ਆ ਰਿਹਾ ਹੈ। ਜਿਸ ਨੇ ਪਹਿਲਾ 2017 ਤੱਕ ਭੂਪਿੰਦਰ ਸਿੰਘ ਗੋਰਾ ਸਾਬਕਾ ਹਲਕਾ ਇੰਚਾਰਜ ਨਾਲ ਮਿਲ ਕੇ ਅਕਾਲੀਆਂ ਦੇ ਰਾਜ ਦੌਰਾਨ ਕਾਂਗਰਸ ਦਾ ਝੰਡਾ ਚੁੱਕੀ ਰੱਖਿਆ, ਫੇਰ 2017 ਵਿਚ ਡੇਰਾ ਸਿਰਸਾ ਮੁੱਖੀ ਦੇ ਕੁੜਮ ਅਤੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਨੂੰ 2017 ਦੀਆ ਵਿਧਾਨ ਸਭਾ ਚੋਣਾਂ ਵਿਚ ਟਿਕਟ ਮਿਲ ਜਾਣ ’ਤੇ ਉਨ੍ਹਾਂ ਨਾਲ ਮਿਲ ਕੇ ਲਗਾਤਾਰ 2020 ਤੱਕ ਹਲਕਾ ਮੌੜ ਅੰਦਰ ਪਾਰਟੀ ਦੀਆ ਸਿਆਸੀ ਗਤੀਵਿਧੀਆਂ ਨੂੰ ਅੱਗੇ ਤੋਰਦਿਆਂ ਹੋਈਆਂ ਪੰਚਾਇਤੀ ਅਤੇ ਜਿਲਾ ਪ੍ਰੀਸ਼ਦ ਦੀਆ ਚੋਣਾਂ ਵਿਚ ਹਲਕੇ ਅੰਦਰ ਕਾਂਗਰਸੀ ਸਰਪੰਚ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਹਲਕੇ ਦੇ ਨੌਜਵਾਨ ਕਾਂਗਰਸ ਆਗੂ ਜਗਸੀਰ ਸਿੰਘ ਜਿਉਦ ਨੇ ਕਿਹਾ ਕਿ ਸਿੱਪੀ ਭਾਕਰ ਵਾਕਇ ਹੀ ਪਾਰਟੀ ਦਾ ਸਿਪਾਹੀ ਸੀ। ਜਿਸ ਨੇ ਪਾਰਟੀ ਦੇ ਹਰ ਮੋਰਚੇ ’ਤੇ ਕੰਮ ਕਰਕੇ ਕਾਂਗਰਸੀਆਂ ਨੂੰ ਹਮੇਸ਼ਾਂ ਚੜਦੀ ਕਲਾ ਵਿਚ ਰੱਖਿਆ। ਜਿਸ ਦਾ ਸਿਆਸੀ ਅਸਰ ਆਉਦੇਂ ਦਿਨਾਂ ਵਿਚ ਪਾਰਟੀ ਨੂੰ ਸੁਣਾਈ ਅਤੇ ਵਿਖਾਈ ਦੇਵੇਗਾ।