ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ
ਬਠਿੰਡਾ/ਭਗਤਾ ਭਾਈ 8 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- - ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਹੱਕ ਵਿਚ ਬੀਤੇ ਦਿਨੀ ਪਾਰਟੀ ਦੇ ਕੌ-ਆਰਡੀਨੇਟਰ ਡਾ. ਅਮਰਜੀਤ ਸਰਮਾ ਵੱਲੋ ਆਪਣੇ ਗ੍ਰਹਿ ਵਿਖੇ ਰੱਖੇ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਆਖਿਰ ਅਨੇਕਾਂ ਰੋਕਾਂ ਦੇ ਬਾਵਜੂਦ ਵੀ ਪਾਰਟੀ ਉਮੀਦਵਾਰ ਸੰਬੋਧਨ ਕਰਕੇ ਗਏ। ਜਿਸ ਦੀ ਚਰਚਾ ਪੂਰੇ ਹਲਕੇ ਵਿਚ ਸੁਣਾਈ ਦੇ ਰਹੀ ਹੈ ਕਿਉਕਿ ਇਸ ਵੇਲੇ ਭਾਜਪਾ ਦੇ ਚਲ ਰਹੇ ਕਿਸਾਨੀ ਵਿਰੋਧ ਕਾਰਨ ਕੋਈ ਵੀ ਸ਼ਹਿਰੀ ਭਾਜਪਾ ਉਮੀਦਵਾਰਾਂ ਨੂੰ ਜਿੱਥੇ ਘਰਾਂ ਬੁਲਾਉਣਾ ਤਾਂ ਛੱਡੋ, ਭਾਜਪਾ ਦੇ ਹੱਕ ਵਿਚ ਖੁੱਲੇ ਤੌਰ ’ਤੇ ਬੋਲਣ ਤੋ ਵੀ ਕੰਨੀ ਕਤਰਾਉਦਾ ਹੈ, ਉਥੇ ਹਲਕਾ ਫੂਲ ਦੇ ਭਾਜਪਾ ਆਗੂ ਅਮਰਜੀਤ ਸ਼ਰਮਾ ਭਗਤਾ ਭਾਈਕਾ ਨੇ ਆਪਣੇ ਗ੍ਰਹਿ ਵਿਖੇ ਲੋਕਾਂ ਦੇ ਵੱਡੇ ਇਕਠ ਨੂੰ ਰੱਖ ਕੇ ਇਹ ਧਾਰਨਾ ਤੋੜ ਦਿੱਤੀ ਹੈ। ਭਗਤਾ ਭਾਈਕਾ ਮੂਲ ਪੱਖ ਤੋ ਪੇਂਡੂ ਅਤੇ ਖੇਤੀ ਅਧਾਰਿਤ ਕਸਬਾ ਹੈ, ਪਰ ਕਿਸੇ ਭਾਜਪਾ ਆਗੂ ਨੇ ਜੁਰੱਅਤ ਕਰਕੇ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਵੱਡੀ ਗਿਣਤੀ ਵਿਚ ਅਮਰਜੀਤ ਸ਼ਰਮਾ ਦੀ ਅਗਵਾਈ ਵਿਚ ਇਕਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆ ਪ੍ਰਾਪਤੀਆ ਦਾ ਜਿਕਰ ਕੀਤਾ ਕਿ ਕਿਵੇ ਦੇਸ਼ ਨੂੰ ਆਰਥਿਕ ਪੱਖ ਤੋ ਮਜਬੂਤ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅਤੇ ਕਿਸਾਨੀ ਲਈ ਕਿਸਾਨ ਨਿਧੀ ਯੋਜਨਾ ਵਰਗੀਆ ਅਨੇਕਾਂ ਸਕੀਮਾਂ ਚਲਾ ਕੇ ਸਰਕਾਰ ਨੇ ਕਿਸਾਨ ਨੂੰ ਆਰਥਿਕ ਪੱਖ ਤੋ ਮਜਬੂਤ ਕੀਤਾ ਹੈ। ਜਿਸ ਦਾ ਦੇਸ਼ ਦੇ ਕਰੋੜਾ ਕਿਸਾਨ ਲਾਹਾ ਲੈ ਰਹੇ ਹਨ। ਉਨ੍ਹਾਂ ਫਰੀਦਕੋਟ ਹਲਕੇ ਤੋ ਉਨ੍ਹਾਂ ਨੂੰ ਸੰਸਦ ਵਿਚ ਪਹੁੰਚਾਉਣ ਦੀ ਜੁੰਮੇਵਾਰੀ ਲੋਕਾਂ ’ਤੇ ਛੱਡਦਿਆਂ ਕਿਹਾ ਕਿ ਫੇਰ ਵੇਖਣਾ ਫਰੀਦਕੋਟ ਲੋਕ ਸਭਾ ਹਲਕੇ ਦੇ ਕਾਇਆ ਕਲਪ ਕਰਕੇ ਆਪਣਾ ਫਰਜ ਬਾਖੂਬੀ ਨਿਭਾਇਆ ਜਾਵੇਗਾ। ਉਧਰ ਡਾ ਅਮਰਜੀਤ ਸ਼ਰਮਾ ਨੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਤੋ ਸੰਸਦ ਮੈਂਬਰ ਬਣਨ ’ਤੇ ਭਗਤਾ ਭਾਈਕਾ ਨੂੰ ਰੇਲਵੇ ਲਾਇਨ ਨਾਲ ਜੋੜਣ ਦੀ ਮੰਗ ਕੀਤੀ ਤਾਂ ਜੋ ਰੇਲ ਦੀ ਸਹੂਲਤ ਤੋ ਸਾਰੀ ਉਮਰ ਦੇ ਵਾਝੇਂ ਲੋਕ ਇਸ ਦਾ ਫਾਇਦਾ ਲੈ ਸਕਣ। ਉਧਰ ਵੱਡੀ ਗਿਣਤੀ ਵਿਚ ਹਾਜਰ ਲੋਕਾਂ ਨੇ ਭਾਜਪਾ ਦੇ ਹੱਕ ਵਿਚ ਭੁਗਤਣ ਦਾ ਵਾਅਦਾ ਕੀਤਾ। ਇਸ ਮੌਕੇ
ਪਾਰਟੀ ਵਰਕਰ ਵੀ ਹਾਜਰ ਸਨ। ਉਧਰ ਹੰਸ ਰਾਜ ਹੰਸ ਦੀ ਆਮਦ ਦੀ ਭਿਣਕ ਲਗਦਿਆਂ ਕਿਸਾਨ ਜੱਥੇਬੰਦੀਆਂ ਦੇ ਨੁੰਮਾਇਦਿਆਂ ਨੇ ਵੀ ਭਾਜਪਾ ਦੇ ਖਿਲਾਫ ਨਾਹਰੇਬਾਜੀ ਕੀਤੀ।