ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ
ਤਪਾ ਮੰਡੀ :- ਸਾਦਾ ਜੀਵਨ ਹਮੇਸ਼ਾਂ ਇਨਸਾਨ ਨੂੰ ਤੰਦਰੁਸਤੀ ਅਤੇ ਸੰਤੁਸ਼ਟੀ ਬਖਸ਼ਦਾ ਹੈ। ਜਿਸ ਦੀ ਉਦਹਾਰਣ ਸ਼ਾਮ ਲਾਲ ਬਾਂਸਲ (ਤਾਜੋਕੇ ਵਾਲਿਆਂ ਤੋ) ਤੋ ਲਈ ਜਾ ਸਕਦੀ ਹੈ। ਜਿਨ੍ਹਾਂ ਨੇ ਆਪਣਾ ਜੀਵਨ ਅਨੇਕਾਂ ਸਹੂਲਤਾਂ ਦੇ ਬਾਵਜੂਦ ਵੀ ਸਾਦਗੀ ਭਰੇ ਢੰਗ ਨਾਲ ਬਿਤਾਇਆ। ਸ਼ਾਮ ਲਾਲ ਬਾਂਸਲ ਜੀ ਦਾ ਜਨਮ 5 ਜੁਲਾਈ 1942 ਨੂੰ ਪਿਤਾ ਭਗਵਾਨ ਦਾਸ ਬਾਂਸਲ ਜੀ ਦੇ ਘਰ ਮਾਤਾ ਅਮਰ ਦੇਵੀ ਦੀ ਕੁੱਖੋ ਹੋਇਆ। ਪ੍ਰਾਇਮਰੀ ਸਿੱਖਿਆ ਆਰੀਆ ਸਕੂਲ ਵਿਚ ਲਈ ਜਦਕਿ ਮੁੱਢ ਤੋ ਹੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਖੇਡਣ ਦੇ ਸ਼ੋਕੀਨ ਰਹੇ। ਇਨ੍ਹ੍ਾਂ ਵੱਲੋ ਭਗਵਾਨ ਸ੍ਰੀਰਾਮ ਜੀ ਦੇ ਜੀਵਨ ’ਤੇ ਅਧਾਰਿਤ ਖੇਡੀ ਜਾਂਦੀ ਸ੍ਰੀ ਰਾਮਲੀਲਾ ਵਿਚ ਵੀ ਰਾਵਨ ਦੇ ਨਿਭਾਏ ਰੋਲ ਨੂੰ ਤਪਾ ਦੇ ਲੋਕ ਅੱਜ ਵੀ ਯਾਦ ਕਰਦੇ ਹਨ। ਉਨ੍ਹਾਂ ਹਮੇਸ਼ਾਂ ਹੀ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਿਆ ਅਤੇ ਮਾਨਸਿਕ ਸ਼ਾਂਤੀ ਅਤੇ ਆਤਮਿਕ ਗਿਆਨ ਲਈ ਉਹ ਡੇਰਾ ਰਾਧਾ ਸੁਆਮੀ ਜੀ ਦੇ ਪੈਰੋਕਾਰ ਸਨ। ਕਰਿਆਣੇ ਦੇ ਕਾਰੋਬਾਰ ਰਾਹੀ ਆਪਣੀ ਆਰਥਿਕਤਾ ਦੀ ਗੱਡੀ ਨੂੰ ਲੀਹ ’ਤੇ ਚਾੜਿਆ ਅਤੇ ਆਪਣੀ ਹਮਸਫਰ ਸ੍ਰੀਮਤੀ ਬਿਮਲਾ ਦੇਵੀ ਨਾਲ ਮਿਲ ਕੇ ਆਪਣੇ ਦੋਵੇ ਪੁੱਤਰਾਂ ਅਤੇ ਦੋਵੇ ਧੀਆਂ ਵਾਲੀ ਕਬੀਲਦਾਰੀ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਣ ਲਈ ਹਰ ਸੰਭਵ ਯਤਨ ਕੀਤੇ। ਇਨ੍ਹਾਂ ਆਪਣੇ ਧੀਆਂ ਪੁੱਤਰਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਉਨ੍ਹਾਂ ਨੂੰ ਸਿੱਖਿਆਂ ਗ੍ਰਹਿਣ ਕਰਨ ’ਤੇ ਜੋਰ ਦਿੱਤਾ। ਵੱਡੇ ਪੁੱਤਰ ਰਾਵਿੰਦਰ ਬਾਂਸਲ ਅੱਜ ਸ਼ੈਲਰ ਉਦਯੋਗ ਦੇ ਕਾਰੋਬਾਰ ਵਿਚ ਇਕ ਸਫਲ ਕਾਰੋਬਾਰੀ ਵਜੋ ਜਿੱਥੇ ਜਾਣੇ ਜਾਂਦੇ ਹਨ, ਉਥੇ ਇਨ੍ਹਾਂ ਦੇ ਛੋਟੇ ਪੁੱਤਰ ਅਤੇ ਡਾਕਟਰ’ਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ ਨਰੇਸ਼ ਬਾਂਸਲ ਅਤੇ ਉਨ੍ਹਾਂ ਦੀ ਪਤਨੀ ਡਾ ਮੁਕਤਾ ਬਾਂਸਲ ਇਲਾਕੇ ਦੇ ਮੰਨੇ ਪ੍ਰਮੰਨੇ ਡਾਕਟਰਾਂ ਵਿਚ ਗਿਣੇ ਜਾਂਦੇ ਹਨ ਜਦਕਿ ਇਨ੍ਹਾਂ ਦੇ ਵੱਡੇ ਪੋਤਰੇ ਇੰਜ: ਰੋਹਿਤ ਬਾਂਸਲ ਅਤੇ ਗੌਰਵ ਬਾਂਸਲ ਆਪਣੇ ਪਿਤਾ ਰਾਵਿੰਦਰ ਬਾਂਸਲ ਨਾਲ ਕਾਰੋਬਾਰ ਵਿਚ ਹੱਥ ਵਟਾ ਰਹੇ ਹਨ, ਉਥੇ ਡਾ ਨਰੇਸ਼ ਬਾਂਸਲ ਦੇ ਪੁੱਤਰ ਡਾ ਆਰੁਸ਼ ਬਾਂਸਲ ਡਾਕਟਰੀ ਲਾਇਨ ਵਿਚ ਐਮ.ਡੀ ਕਰ ਰਹੇ ਹਨ। ਸ਼ਾਮ ਲਾਲ ਬਾਂਸਲ ਜੀ ਦੇ ਪਰਿਵਾਰ ਦੀ ਫੁਲਵਾੜੀ ਅੱਜ ਖੂਬ ਮਹਿਕ ਰਹੀ ਹੈ। ਚੰਗੀ ਸਿਹਤ ਅਤੇ ਸੁਭਾਅ ਦੇ ਧਾਰਨੀ ਸ਼ਾਮ ਲਾਲ ਬਾਂਸਲ ਜੀ ਆਪਣਾ ਜੀਵਨ ਬਤੀਤ ਕਰਕੇ ਬੀਤੇ ਦਿਨੀ ਪ੍ਰਭੂ ਚਰਨਾਂ ’ਚ ਜਾ ਬਿਰਾਜੇ। ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੜ ਪ੍ਰਾਣ ਪਾਠ ਜੀ ਦਾ ਭੋਗ 17 ਮਈ ਦਿਨ ਸ਼ੁੱਕਰਵਾਰ ਨੂੰ ਸ਼ਾਂਤੀ ਹਾਲ ਨੇੜੇ ਬਾਬਾ ਮੱਠ ਵਿਖੇ ਪਵੇਗਾ। ਜਿੱਥੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਜੱਥੇਬੰਦੀਆਂ ਦੇ ਨੁੰਮਾਇੰਦੇ ਭੋਗ ਉਪਰੰਤ ਇਨ੍ਹ੍ਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।