ਮਾਲਵੇ ਦੇ ਵੱਡੇ ਪਿੰਡ ਮਹਿਰਾਜ ’ਚ ਭਾਜਪਾ ਵੱਡੀ ਸਿਆਸੀ ਰੈਲੀ ਕਰਨ ’ਚ ਸਫਲ ਹੋਈ।
ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਪਾਰਟੀ ਉਮੀਦਵਾਰ ਹੰਸ ਰਾਜ ਹੰਸ ਲਈ ਚੋਣ ਪ੍ਰਚਾਰ ਕੀਤਾ
ਰਾਮਪੁਰਾ ਫੂਲ (ਬਠਿੰਡਾ) 25 ਮਈ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) - ਮਾਲਵੇ ਦੇ ਵੱਡੇ ਪਿੰਡ ਹਲਕਾ ਰਾਮਪੁਰਾ ਫੂਲ ਦੇ ਵਿਚਲੇ ਮਹਿਰਾਜ ਵਿਖੇ ਲੋਕ ਸਭਾ ਹਲਕਾ ਫਰੀਦਕੋਟ ਤੋ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੇ ਹੱਕ ਵਿਚ ਪਾਰਟੀ ਨੇ ਇਕ ਵੱਡੀ ਸਿਆਸੀ ਰੈਲੀ ਕੀਤੀ। ਜਿਸ ਵਿਚ ਰਾਜਸਥਾਨ ਤੋ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਮਹਿਰਾਜ ਰੈਲੀ ਵਿਚ ਵੱਡੀ ਗਿਣਤੀ ਵਿਚ ਆਮ ਲੋਕਾਂ ਨੇ ਸਿਰਕਤ ਕੀਤੀ। ਭਜਨ ਲਾਲ ਸ਼ਰਮਾ ਮੁੱਖ ਮੰਤਰੀ ਨੇ ਰੈਲੀ ਦੌਰਾਨ ਕਾਂਗਰਸ ਅਤੇ ਇੰਡੀਆ ਗਠਜੋੜ ’ਤੇ ਵਰਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਹਮੇਸ਼ਾਂ ਘਪਲੇ ਹੀ ਹੋਏ ਹਨ, ਦੇਸ਼ ਨੂੰ ਲੁੱਟਿਆ ਅਤੇ ਪੁੱਟਿਆ ਗਿਆ, ਜਿਸ ਨੂੰ ਜੇਕਰ ਗਿਣਨ ਲੱਗ ਜਾਈਏ ਤਦ ਐਨੀ ਲੰਬੀ ਕਤਾਰ ਬਣ ਜਾਵੇਗੀ ਕਿ ਗਿਣਤੀ ਕਰਨੀ ਔਖੀ ਹੋ ਜਾਵੇਗੀ ਕਿਉਕਿ 2014 ਤੋ ਪਹਿਲਾ ਕਾਂਗਰਸ ਦੇ ਰਾਜ ਵਿਚ ਇਕ ਤੋ ਇਕ ਵੱਡੇ ਘਪਲੇ ਹੋਏ।
ਸ਼ਰਮਾ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਗਰੀਬੀ ਹਟਾਉਣ ਦੀ ਥਾਂ ਹਮੇਸ਼ਾਂ ਗਰੀਬ ਹਟਾਉਣ ਦੀ ਕੋਸ਼ਿਸ ਕੀਤੀ ਪਰ 2014 ਵਿਚ ਭਾਜਪਾ ਦੀ ਅਗਵਾਈ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਅਜਿਹੀਆ ਲੋਕ ਪੱਖੀ ਨੀਤੀਆ ਬਣਾਈਆ ਕਿ ਦੇਸ਼ ਅਤੇ ਦੇਸ਼ ਵਾਸੀ ਦੋਵੇ ਖੁਸ਼ਹਾਲ ਹੋਏ। ਉਨ੍ਹਾਂ ਭਾਜਪਾ ਸਰਕਾਰ ਦੀਆ ਪ੍ਰਾਪਤੀਆ ਗਿਣਾਉਦਿਆਂ ਕਿਹਾ ਕਿ ਅੱਜ ਗੁਜਰਾਤ, ਉੱਤਰ ਪ੍ਰਦੇਸ, ਮੱਧ ਪ੍ਰਦੇਸ,
ਹਰਿਆਣਾ ਅਤੇ ਭਾਜਪਾ ਦੀ ਅਗਵਾਈ ਵਾਲੇ ਹੋਰ ਰਾਜ ਵਿਕਾਸ ਦੇ ਮਾਮਲੇ ਵਿਚ ਪੰਜਾਬ ਤੋਂ ਕਈ ਗੁਣਾ ਅੱਗੇ ਨਿਕਲ ਗਏ ਹਨ ਪਰ ਅਫਸੋਸ ਪੰਜਾਬ ਵਿਚ ਆਪ ਪਾਰਟੀ ਦੇ ਬਦਲਾਅ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਅਤੇ ਆਪਣਾ ਕੋਈ ਵਾਅਦਾ ਪੂਰਾ ਨਹੀ ਕੀਤਾ। ਉਨ੍ਹਾਂ ਭਾਜਪਾ ਉਮੀਦਵਾਰ ਦੇ ਹੱਕ ਵਿਚ ਡੱਟਣ ਲਈ ਲੋਕਾਂ ਨੂੰ ਅਪੀਲ ਕੀਤੀ ਤਾਂ ਜੋ ਭਾਜਪਾ ਦੇ 400 ਤੋ ਪਾਰ ਨਾਹਰੇ ਨੂੰ ਪੂਰਾ ਕੀਤਾ ਜਾ ਸਕੇ। ਰੈਲੀ ’ਚ ਪਾਰਟੀ ਉਮੀਦਵਾਰ ਹੰਸ ਰਾਜ ਹੰਸ ਨੇ ਠੰਡੀ ਠੰਡੀ ਹਵਾ ਨਾਲ ਗਰਮੀ ਦੀ ਰੁੱਤ ਬਦਲਣ ਦੀ ਕੋਸ਼ਿਸ ਕੀਤੀ। ਰੈਲੀ ’ਚ ਸਾਬਕਾ ਵਿਧਾਇਕ ਹਰਜੋਤ ਕਮਲ, ਮੱਖਣ ਲਾਲ ਜਿੰਦਲ ਸੂਬਾ ਕਾਰਜਕਾਰਨੀ ਮੈਂਬਰ, ਅਮਰਜੀਤ ਸ਼ਰਮਾ ਹਲਕਾ ਕੌ-ਆਰਡੀਨੇਟਰ, ਰਾਹੁਲ ਸਿੱਧੂ ਮਹਿਰਾਜ ਭਾਜਪਾ ਆਗੂ, ਭਾਰਤ ਭੂਸ਼ਨ ਗਰਗ ਸੂਬਾ ਕਾਰਜਕਾਰਨੀ ਮੈਂਬਰ, ਚੰਦਨ ਗਰਗ ਕਾਲਾ ਮਹਿਰਾਜ ਜਿਲਾ ਮੀਤ ਪ੍ਰਧਾਨ, ਦਿਨੇਸ਼ ਗਰਗ ਮੰਡਲ ਪ੍ਰਧਾਨ, ਮੇਜਰ ਸਿੰਘ ਸਣੇ ਵੱਡੀ ਗਿਣਤੀ ਵਿਚ ਪਾਰਟੀ ਆਗੂ/ਵਰਕਰ ਹਾਜਰ ਸਨ।
ਬਾਕਸਕਿਸਾਨਾਂ ਨਾਲ ਨਜਿੱਠਣ ਲਈ ਭਾਜਪਾ ਦੀ ਨਵੀਂ ਵਿੱਢੀ ਸਿਆਸੀ ਵਿਉਤਬੰਦੀ ਮਹਿਰਾਜ ’ਚ ਸਫਲ ਰਹੀਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਭਾਜਪਾ ਦੀ ਸਿਆਸੀ ਰੈਲੀ ਦੀ ਭਿਣਕ ਜਿਉ ਹੀ ਕਿਸਾਨ ਜੱਥੇਬੰਦੀਆਂ ਨੂੰ ਪਈ, ਤਿਉ ਹੀ ਵਿਰੋਧ ਲਈ ਉਥੇ ਇਕਠ ਹੋਣਾ ਸ਼ੁਰੂੁ ਹੋਇਆ, ਪਰ ਇਸ ਵਾਰ ਭਾਜਪਾ ਦੇ ਹੱਕ ਵਿਚ ਵੀ ਇਕ ਨੀਤੀ ਤਹਿਤ ਐਸ.ਸੀ ਵਰਗ ਦੇ ਲੋਕ ਰੈਲੀ ਵਾਲੀ ਥਾਂ ’ਤੇ ਇਕਠੇ ਹੋਏ ਸਨ। ਜਿਨ੍ਹਾਂ ਨੂੰ ਮੀਡੀਆ ਵੱਲੋ ਕਈ ਸਵਾਲ ਵੀ ਕੀਤੇ ਗਏ। ਜਿਸ ’ਤੇ ਉਨ੍ਹਾਂ ਸਪੱਸਟ ਕੀਤਾ ਕਿ ਉਹ ਭਾਜਪਾ, ਨਜਿੰਦਰ ਮੋਦੀ ਪ੍ਰਧਾਨ ਮੰਤਰੀ ਅਤੇ ਹੰਸ ਰਾਜ ਹੰਸ ਦੇ ਸਮੱਰਥਕ ਹਨ। ਜਿਸ ਕਾਰਨ ਜੇਕਰ ਕੋਈ ਵਿਅਕਤੀ ਰੈਲੀ ਵਿਚ ਖੱਲਲ ਪਾਵੇਗੀ ਤਦ ਬਣਦਾ ਜਵਾਬ ਦਿੱਤਾ ਜਾਵੇਗਾ। ਜਿਨ੍ਹਾਂ ਭਾਜਪਾ ਦੇ ਹੱਕ ਵਿਚ ਨਾਹਰੇਬਾਜੀ ਕੀਤੀ। ਰੈਲੀ ਸਮੇਂ ਪ੍ਰਸਾਸ਼ਨ ਦੀ ਜਾਨ ਕੁੜਿੱਕੀ ’ਚ ਫਸੀ ਨਜਰ ਆਈ। ਜਿਨ੍ਹਾਂ ਨੇ ਰੈਲੀ ਦੀ ਸਮਾਪਤੀ ਤੋ ਬਾਅਦ ਸੁੱਖ ਦਾ ਸਾਹ ਲਿਆ।