ਰਾਮਪੁਰਾ ਵਿਖੇ ਸਾਬਕਾ ਕੈਬਨਿਟ ਮੰਤਰੀ ਕਾਂਗੜ ਨੇ ਕਾਂਗਰਸ ਉਮੀਦਵਾਰ ਬੀਬੀ ਸਾਹੋਕੇ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ
ਰਾਮਪੁਰਾ ਫੂਲ (ਬਠਿੰਡਾ) 25 ਮਈ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) - ਲੋਕ ਸਭਾ ਹਲਕਾ ਫਰੀਦਕੋਟ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਦੇ ਰਾਮਪੁਰਾ ਵਿਖੇ ਚੋਣ ਦਫਤਰ ਦਾ ਉਦਘਾਟਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਫੂਲ ਦੀ ਕਈ ਵਾਰ ਲਗਾਤਾਰ ਪ੍ਰਤੀਨਿਧਤਾ ਕਰਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ ਨੇ ਕੀਤਾ। ਦਫਤਰੀ ਉਦਘਾਟਨ ਵੇਲੇ ਵੱਡੀ ਗਿਣਤੀ ਵਿਚ ਸ਼ਹਿਰੀਆਂ ਸਣੇ ਕਾਂਗਰਸੀ ਜੁੜੇ ਹੋਏ ਸਨ। ਸਾਬਕਾ ਮੰਤਰੀ ਕਾਂਗੜ ਨੇ ਬੋਲਦਿਆਂ ਕਿਹਾ ਕਿ ਭਾਜਪਾ ਦਾ ਪੰਜਾਬ ਵਿਚ ਕੋਈ ਜਨ ਅਧਾਰ ਨਹੀ, ਜਿਸ ਵਿਚੋ ਆਮ ਲੋਕਾਂ ਨੂੰ ਕੱਢਣ ਪਾਉਣ ਨੂੰ ਕੁਝ ਨਹੀ ਕਿਉਕਿ ਜੁਮਲਿਆਂ ਵਾਲੀ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਨਹੀ ਕਰ ਸਕਦੀ। ਕਾਂਗੜ ਨੇ ਸੱਤਾਧਾਰੀ ਪਾਰਟੀ ਆਪ ਦੇ ਉਮੀਦਵਾਰ ਦਾ ਨਾਂਅ ਲਏ ਬਿਨ੍ਹਾਂ ਕਿਹਾ ਕਿ ਮੁੰਬਈ ਵਿਖੇ ਫਿਲਮਾਂ ਵਿਚ ਕੰਮ ਕਰਨ ਵਾਲੇ ਕਲਾਕਾਰ ਕਦੇ ਵੀ ਆਮ ਆਦਮੀ ਨਹੀ ਹੁੰਦੇ। ਜਿਸ ਕਾਰਨ ਇਹ ਆਮ ਲੋਕਾਂ ਦੀਆ ਮੁਸ਼ਕਿਲਾਵਾਂ ਨੂੰ ਨਹੀ ਸਮਝ ਸਕਦੇ ਜਦਕਿ ਇਸ ਵਿਆਕਤੀ ਦਾ ਤਾਂ ਪੱਕਾ ਪਤਾ ਜਾਂ ਰਿਹਾਇਸ਼ ਵੀ ਇਥੇ ਨਹੀ ਹੈ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਹੋਏ ਹਲਕੇ ਦੇ ਵਿਕਾਸ ਅਤੇ ਤਰੱਕੀ ਦਾ ਵੀ ਵਿਸ਼ੇਸ ਤੌਰ ’ਤੇ ਜਿਕਰ ਕਰਨ ਦੇ ਨਾਲੋ ਨਾਲ ਮੌਜੂਦਾ ਹਾਲਾਤਾਂ ’ਤੇ ਵੀ ਚਰਚਾ ਕੀਤੀ। ਜਿਸ ਵਿਚ ਅਮਨ ਕਾਨੂੰਨ ਅਤੇ ਵਿਕਾਸ ਦੀ ਸਥਿਤੀ ਡਾਵਾਡੋਲ ਦਾ ਵਿਸ਼ੇਸ ਜਿਕਰ ਕੀਤਾ ਗਿਆ। ਉਨ੍ਹਾਂ ਕਾਂਗਰਸ ਉਮੀਦਵਾਰ ਬੀਬੀ ਸਾਹੋਕੇ ਦੇ ਹੱਕ ਵਿਚ ਹਰੇਕ ਹਲਕਾ ਵਾਸੀ ਨੂੰ ਭੁਗਤਣ ਦੀ ਆਪੀਲ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਕਾਂਗਰਸ ਅਤੇ ਉਹ ਨਿੱਜੀ ਤੌਰ ’ਤੇ ਹਮੇਸ਼ਾਂ ਲੋਕਾਂ ਨਾਲ ਖੜੇ ਹਨ। ਇਸ ਮੌਕੇ ਸੀਰਾ ਮੱਲੂਆਣਾ, ਰਾਜੂ ਜੇਠੀ ਸਾਬਕਾ ਪ੍ਰਧਾਨ ਸਬਜੀ ਮੰਡੀ, ਆਰ.ਐਸ.ਜੇਠੀ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜਰ ਸਨ।