ਇਤਿਹਾਸ ਗਵਾਹ :- ਗਾਇਕਾ ਨੂੰ ਪੰਜਾਬੀਆਂ ਨੇ ਪਹਿਲੀ ਚੋਣ ਵਿਚ ਜਿਆਦਾਤਰ ਨਕਾਰਿਆ, ਭਗਵੰਤ ਮਾਨ, ਸਿੱਧੂ ਮੂਸੇਵਾਲਾ, ਮਾਣਕ, ਹੰਸ, ਬਲਕਾਰ, ਬਿੱਟੀ, ਜੱਸੀ ਵਰਗੀਆ ਕਈ ਉਦਹਾਰਣਾਂ
7ਡੇਅ ਨਿੳੂਜ ਸਰਵਿਸ, ਪੰਜਾਬ ਅੰਦਰ ਗਾਇਕਾਂ ਨੂੰ ਲੋਕਾਂ ਨੇ ਆਪਣਾ ਰੋਲ ਮਾਡਲ ਵੀ ਮੰਨਿਆ। ਜਿਨ੍ਹਾਂ ਵਰਗੇ ਕੱਪੜੇ ਪਾਉਣਾ, ਹੇਅਰ ਸਟਾਇਲ ਜਾਂ ਫੇਰ ਰਹਿਣ ਸਹਿਣ ਦਾ ਜੀਵਨ ਜਿਉਣਾ ਆਮ ਲੋਕਾਂ ਸਣੇ ਖਾਸ ਲੋਕਾਂ ਦੇ ਸ਼ੌਕ ਰਹੇ ਹਨ। ਜਿਨ੍ਹਾਂ ਵਿਚ ਨੌਜਵਾਨਾਂ ਪਹਿਲ ਦੇ ਅਧਾਰ ’ਤੇ ਹਨ। ਪੰਜਾਬ ਦੀ ਗਾਇਕੀ ਦੀ ਅੰਤਰਰਾਸ਼ਟਰੀ ਪੱਧਰ ’ਤੇ ਧਮਾਲ ਪੈਂਦੀ ਹੈ, ਕਿਉਕਿ ਭਾਵੇਂ ਵਿਦੇਸ਼ ਵਿਚ ਪਾਰਟੀ ਚਲ ਰਹੀ ਹੋਵੇ ਪਰ ਉਥੇ ਗਾਣਾ ਪੰਜਾਬੀ ਹੀ ਵੱਜਦਾ ਹੁੰਦਾ ਹੈ। ਜਿਸ ’ਤੇ ਹਾਜਰੀਨ ਥਿਰਕਦੇ ਹਨ, ਪਰ ਇਸ ਸਭ ਕੁਝ ਦੇ ਬਾਵਜੂਦ ਪੰਜਾਬ ਦੇ ਲੋਕ ਗਾਇਕਾਂ ਨੂੰ ਸੂਬੇ ਦੇ ਲੋਕ ਰਾਜਨੀਤੀ ਵਿਚ ਪਸੰਦ ਨਹੀ ਕਰਦੇ, ਖਾਸ ਕੁਰ ਜਦੋ ਤੱਕ ਉਨ੍ਹਾਂ ਨੂੰ ਅਜਮਾ ਨਹੀ ਲੈਂਦੇ, ਬੇਸ਼ੱਕ ਪੰਜਾਬ ਦੀ ਵਾਂਗਡੋਰ ਇਸ ਵੇਲੇ ਇਕ ਹਾਸ ਕਲਾਕਾਰ ਦੇ ਨਾਲੋ ਨਾਲ ਗਾਇਕ ਭਗਵੰਤ ਮਾਨ ਦੇ ਹੱਥ ਵਿਚ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀ ਕਿ ਭਗਵੰਤ ਮਾਨ ਨੇ ਆਪਣੀ ਪਲੇਠੀ ਕੈਸਟ ’ ਕੁਲਫੀ ਗਰਮਾ ਗਰਮ ‘ ਤੋ ਲੈ ਕੇ ’ ਜੁਗਨੂੰ ਹਾਜਰ ਹੋ ’ ਜਾਂ ਫੇਰ ਹੋਰ ਵੀ ਆਈਆ ਦਰਜਣਾਂ ਕੈਸਟਾਂ ਅਤੇ ਲੜੀਵਾਰਾਂ ਵਿਚ ਪੰਜਾਬ ਦੀ ਗੰਧਲੀ ਰਾਜਨੀਤੀ ’ਤੇ ਵਿਲੱਖਣ ਚੋਟਾਂ ਕੀਤੀਆ ਹਨ। ਜਿਸ ਕਾਰਨ ਹੀ ਇਹ ਪੰਜਾਬੀਆਂ ਦੇ ਪਸੰਦੀਦਾ ਕਲਾਕਾਰਾਂ ਵਿਚੋ ਇਕ ਹਨ। ਜਿਨ੍ਹਾਂ ਦੀ ਇਕ ਝਲਕ ਪਾਉਣ ਲਈ ਪੰਜਾਬੀ ਦੀਵਾਨੇ ਹੁੰਦੇ ਸਨ, ਪਰ ਇਸ ਸਭ ਦੇ ਬਾਵਜੂਦ ਵੀ ਇਨ੍ਹਾਂ ਦੀ ਰਾਜਨੀਤੀ ਵਿਚਲੀ ਸ਼ੁਰੂਆਤ ਹਾਰ ਨਾਲ ਹੋਈ ਸੀ ਅਤੇ ਇਸ ਵਾਰ ਵੀ ਕਈ ਕਲਾਕਾਰ ਹੰਸ ਰਾਜ ਹੰਸ ਅਤੇ ਕਰਮਜੀਤ ਅਨਮੋਲ ਦੋਵੇ ਹੀ ਲੋਕ ਸਭਾ ਹਲਕਾ ਫਰੀਦਕੋਟ ਤੋ ਚੋਣ ਲੜ ਰਹੇ ਹਨ।
ਭਗਵੰਤ ਮਾਨ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮਿਲ ਕੇ ਪੀਪਲਜ ਪਾਰਟੀ ਆਫ ਪੰਜਾਬ ਨੂੰ ਹੌਂਦ ਵਿਚ ਲਿਆਂਦੀ ਸੀ, ਜਿਸ ਦੇ ਚੋਣ ਨਿਸ਼ਾਨ ’ਤੇ ਇਨ੍ਹਾਂ ਨੇ ਲਹਿਰਾਗਾਗਾ ਵਿਧਾਨ ਸਭਾ ਤੋ ਬੀਬੀ ਰਾਜਿੰਦਰ ਕੌਰ ਭੱਠਲ ਖਿਲਾਫ ਚੋਣ ਲੜੀ ਸੀ। ਜਿਸ ਵਿਚ ਉਨ੍ਹਾਂ ਨੂੰ ਹਾਰ ਦਾ ਮੂੰਹ ਹੀ ਨਹੀ ਵੇਖਣਾ ਪਿਆ ਸੀ ਬਲਕਿ ਇਹ ਤੀਜੇ ਨੰਬਰ ’ਤੇ ਰਹੇ ਸਨ। ਜਿਨ੍ਹਾਂ ਨੂੰ 26136 ਵੋਟਾਂ ਨਾਲ ਸਬਰ ਕਰਕੇ ਮਹਿਜ 21.79 ਫੀਸਦੀ ਵੋਟ ਪਈ ਸੀ ਜਦਕਿ ਕਾਂਗਰਸ ਦੇ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਨੂੰ 44706 ਹਜਾਰ ਵੋਟ ਅਤੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵੰਤ ਸਿੰਘ ਨੂੰ 41351 ਵੋਟਾਂ ਪਈਆ ਸਨ। ਜਿਸ ਤੋ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵਿਚ ਸਿਆਸੀ ਤੌਰ ’ਤੇ ਰਲੇਵਾਂ ਕਰਕੇ ਮੁੜ 2014 ਵਿਚ ਸੰਗਰੂੁਰ ਲੋਕ ਸਭਾ ਹਲਕੇ ਤੋ ਇਕ ਵੱਡੀ ਜਿੱਤ ਦਰਜ ਕੀਤੀ ਸੀ। ਜਿਨ੍ਹਾਂ ਨੇ ਮੁੜ ਪਿੱਛੇ ਨਹੀ ਵੇਖਿਆ ਅਤੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਤੱਕ ਇਹ ਤੀਜੀ ਜਿੱਤ ਹੈ।
ਕੁਲਦੀਪ ਮਾਣਕ :- ਕਲੀਆ ਦੇ ਬਾਦਸ਼ਾਹ ਕਹਾਉਣ ਵਾਲੇ ਪੰਜਾਬੀਆਂ ਦੇ ਦਿਲ ’ਤੇ ਲੰਬਾਂ ਸਮਾਂ ਰਾਜ ਕਰਨ ਵਾਲੇ ਗਾਇਕ ਕੁਲਦੀਪ ਮਾਣਕ ਨੇ ਵੀ ਪੰਜਾਬ ਵਿਚ ਰਾਂਖਵੇਂ ਹਲਕਾ ਬਠਿੰਡਾ ਤੋ 1996 ਵਿਚ ਆਜਾਦ ਉਮੀਦਵਾਰ ਵਜੋ ਚੋਣ ਲੜੀ, ਪਰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਿੰਦਰ ਸਿੰਘ ਨਾਰਵੇ ਤੋ ਚੋਣ ਹਾਰੇ, ਜੋ ਪਿਛਲੇ ਸਮੇਂ ਆਮ ਆਦਮੀ ਪਾਰਟੀ ਦੇ 2014 ਵਿਚ ਫਤਿਹਗੜ੍ਹ ਸਾਹਿਬ ਤੋ ਸੰਸਦ ਮੈਂਬਰ ਰਹੇ ਹਨ।
ਸ਼ੁਭਦੀਪ ਸਿੰਘ ਮੂਸੇਵਾਲਾ- ਪੰਜਾਬੀ ਗਾਣਿਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਦਿਵਾਉਣ ਵਾਲੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਬੇਸ਼ੱਕ ਅਰਬਾਂ ਵਿਚ ਪ੍ਰਸੰਸਕ ਸਨ, ਜਿਸ ਦੀ ਇਕ ਝਲਕ ਪਾਉਣ ਲਈ ਲੋਕ ਦੀਵਾਨੇ ਸਨ, ਪਰ ਉਹ ਡੇਢ ਲੱਖ ਵੋਟਰਾਂ ਵਾਲੀ ਮਾਨਸਾ ਵਿਧਾਨ ਸਭਾ ਤੋ ਚੋਣ ਨਹੀ ਜਿੱਤ ਸਕੇ। ਜਿਨ੍ਹਾਂ ਨੇ ਸਾਲ 2022 ਵਿਚਲੀਆ ਚੋਣਾਂ ਵਿਚ ਮਾਨਸਾ ਵਿਧਾਨ ਸਭਾ ਹਲਕੇ ਤੋ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਚੋਣ ਲੜੀ ਸੀ ਪਰ ਇਕ ਦੰਦਾਂ ਦੇ ਡਾ ਵਿਜੈ ਸਿੰਗਲਾ ਨੇ ਸਿਆਸੀ ਮੈਦਾਨ ਵਿਚ ਸਿੱਧੂ ਮੂਸੇਵਾਲਾ ਨੂੰ ਚਾਰੋ ਖਾਨੇ ਚਿਤ ਕਰ ਦਿੱਤਾ ਸੀ ਅਤੇ ਮੂਸੇਵਾਲਾ ਵੀ ਆਪਣੀ ਪਲੇਠੀ ਚੋਣ ਹੋਰਨਾਂ ਕਲਾਕਾਰਾਂ ਵਾਂਗ ਹਾਰ ਗਿਆ ਜਦਕਿ ਮੂਸੇਵਾਲਾ ਦੇ ਕਤਲ ਨੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਸਰਕਾਰ ਨੂੰ ਬੇਕਫੁੱਟ ’ਤੇ ਧੱਕ ਦਿੱਤਾ ਹੈ।
ਹੰਸ ਰਾਜ ਹੰਸ :- ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਹੰਸ ਰਾਜ ਹੰਸ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂੁਆਤ 2009 ਵਿਚ ਸ੍ਰੋਮਣੀ ਅਕਾਲੀ ਦਲ ਤੋ ਕੀਤੀ। ਜਿਸ ਨੇ 2009 ਦੀਆ ਲੋਕ ਸਭਾ ਚੋਣਾਂ ਵਿਚ ਜਲੰਧਰ ਰਾਂਖਵੇਂ ਹਲਕੇ ਤੋ 2009 ਵਿਚ ਚੋਣ ਲੜੀ, ਜਦਕਿ ਸਾਹਮਣੇ ਪਾਸੇ ਕਾਂਗਰਸ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਸਨ। ਪੰਜਾਬ ਵਿਚ ਬਾਦਲਾਂ ਦਾ ਰਾਜ ਹੋਣ ਅਤੇ ਖੁਦ ਦੇ ਅੰਤਰਰਾਸ਼ਟਰੀ ਪੱਧਰ ਦੇ ਗਾਇਕ ਹੋਣ ਦੇ ਮਾਣ ਕਾਰਨ ਹੰਸ ਰਾਜ ਹੰਸ ਖੁਦ ਨੂੰ ਜੈਤੂ ਸਮਝ ਰਹੇ ਸਨ, ਪਰ ਆਪਣੀ ਪਲੇਠੀ ਸਿਆਸੀ ਪਾਰੀ ਸਦਕਾ ਸਿਆਸਤ ਦੇ ਅਖਾੜੇ ਵਿਚ ਖੁਦ ਨੂੰ ਸਥਾਪਿਤ ਕਰਨ ਤੋ ਹੰਸ ਰਾਜ ਹੰਸ ਖੁੰਝ ਗਏ, ਚੋਣ ਨਤੀਜਾ ਹੈਰਾਨੀਜਨਕ ਆਇਆ। ਜਿਸ ਵਿਚ ਕਾਂਗਰਸ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਨੂੰ 408103 ਵੋਟਾਂ ਪਈਆ ਜਦਕਿ ਹੰਸ ਰਾਜ ਹੰਸ 371658 ਵੋਟਾਂ ’ਤੇ ਸਿਮਟ ਗਏ।
ਸਤਵਿੰਦਰ ਕੌਰ ਬਿੱਟੀ- ਔਰਤ ਕਲਾਕਾਰ ਅਤੇ ਗਾਇਕਾ ਸਤਵਿੰਦਰ ਕੌਰ ਬਿੱਟੀ ਨੇ ਵੀ ਸਿਆਸੀ ਮੈਦਾਨ ਵਿਚ ਮਲ ਮਾਰਨੀ ਚਾਹੀ ਪਰ ਆਪਣੀ ਪਲੇਠੀ ਚੋਣ ਵਿਚ ਹੀ ਸਾਹਣੇਵਾਲ ਵਿਧਾਨ ਸਭਾ ਹਲਕੇ ਤੋ ਮੂਧੜੇ ਮੂੰਹ ਡਿੱਗੀ। ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਵਗਦੀ ਸਿਆਸੀ ਹਵਾ ਵੀ ਜਿਤਾ ਨਾ ਸਕੀ ਅਤੇ 2017 ਦੀਆ ਚੋਣਾਂ ਵਿਚ ਸਿਆਸੀ ਪਿੜ੍ਹ ਵਿਚ ਹਾਰ ਗਏ। ਉਧਰ ਪੰਜਾਬੀ ਗਾਇਕ ਜਸਰਾਜ ਜੱਸੀ ਨੇ ਵੀ ਹੱਥ ਵਿਚ ਪਾਵਾ ਫੜ੍ਹ ਕੇ ਚੋਣ ਮੈਦਾਨ ਵਿਚ ਕਈ ਗੇੜੇ ਕੱਢੇ, ਪਰ ਪੱਲੇ ਨਿਰਾਸ਼ਾ ਹੀ ਪਈ। ਆਪਣੀ ਪਲੇਠੀ ਚੋਣ ਲੜਣ ਵਾਲੇ ਰਾਮਪੁਰਾ ਤੋ ਵਿਧਾਇਕ ਬਲਕਾਰ ਸਿੱਧੂ ਨੇ ਵੀ ਤਲਵੰਡੀ ਸਾਬੋ ਹਲਕੇ ਤੋ ਜਿਮਣੀ ਚੋਣ 2014 ਵਿਚ ਆਜਾਦ ਚੋਣ ਲੜ੍ਹ ਕੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਸਾਬਕਾ ਵਿਧਾਇਕ ਅਤੇ ਬਠਿੰਡਾ ਤੋ ਮੌਜੂਦਾ ਚੋਣਾਂ ਵਿਚ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਥੋ ਉਸ ਵੇਲੇ ਹਾਰ ਗਏ ਸਨ, ਕਿਉਕਿ ਜੀਤਮਹਿੰਦਰ ਸਿੰਘ ਸਿੱਧੂ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਜਾ ਰਲੇ ਸਨ, ਜਿਨ੍ਹਾਂ ਨੇ ਆਪਣੇ ਵਿਧਾਇਕੀ ਪਦ ਤੋ ਅਸਤੀਫਾ ਦੇ ਦਿੱਤਾ ਸੀ ਅਤੇ ਮੁੜ ਜਿਮਣੀ ਚੋਣ ਰਾਹੀ ਉਹ ਮੁੜ ਵਿਧਾਇਕ ਚੁਣੇ ਗਏ ਸਨ।
ਜਨਾਬ ਮੁਹੰਮਦ ਸਦੀਕ :- ਇਨ੍ਹਾਂ ਸਭ ਗਾਇਕੀ ਤੋ ਸਿਆਸਤ ਵਿਚ ਨਿਤਰੇ ਗਾਇਕਾ ਵਿਚ ਮਹਿਜ ਮੁਹੰਮਦ ਸਦੀਕ ਹੀ ਅਜਿਹੇ ਗਾਇਕ ਹਨ, ਜਿਨ੍ਹਾਂ ਆਪਣੀ ਪਲੇਠੀ 2012 ਵਿਚਲੀ ਭਦੌੜ ਵਿਧਾਨ ਸਭਾ ਚੋਣ ਵਿਚ ਜਿੱਤ ਦਰਜ ਕੀਤੀ ਸੀ ਭਾਵੇਂ 2017 ਵਿਚ ਜਨਾਬ ਮੁਹੰਮਦ ਸਦੀਕ ਨੂੰ ਭਦੌੜ ਦੀ ਵਜਾਇ ਜੈਤੋ ਰਾਂਖਵੇ ਹਲਕੇ ਤੋ ਕਾਂਗਰਸ ਪਾਰਟੀ ਨੇ ਚੋਣ ਲੜਾਈ ਸੀ, ਪਰ ਉਥੇ ਮੁਹੰਮਦ ਸਦੀਕ ਮਾਸਟਰ ਬਲਦੇਵ ਸਿੰਘ ਦੇ ਹੱਥੋ ਵਿਧਾਨ ਸਭਾ ਚੋਣ ਹਾਰ ਗਏ ਸਨ, ਪਰ ਨਾਲ ਹੀ 2019 ਦੀਆ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਮੁੜ ਮੁਹੰਮਦ ਸਦੀਕ ’ਤੇ ਲੋਕ ਸਭਾ ਉਮੀਦਵਾਰ ਬਣਾ ਕੇ ਦਾਅ ਖੇਡਿਆ ਅਤੇ ਉਨ੍ਹਾਂ ਨੇ ਪੰਜਾਬ ਵਿਚ ਕੈਪਟਨ ਸਰਕਾਰ ਦਾ ਸਿਆਸੀ ਲਾਹਾ ਲੈਦਿਆਂ ਇਹ ਚੋਣ ਸਿਟਿੰਗ ਐਮ.ਪੀ ਪ੍ਰੋ ਸਾਧੂ ਸਿੰਘ ਹਰਾ ਕੇ ਜਿੱਤ ਲਈ ਸੀ ਜਦਕਿ ਇਸ ਵਾਰ ਵਧੇਰੀ ਉਮਰ ਕਾਰਨ ਫਰੀਦਕੋਟ ਹਲਕੇ ਤੋ ਮੁਹੰਮਦ ਸਦੀਕ ਦੀ ਥਾਂ ਪਾਰਟੀ ਨੇ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦਿੱਤੀ ਹੈ।
ਕਰਮਜੀਤ ਅਨਮੋਲ - ਹੁਣ ਫਰੀਦਕੋਟ ਲੋਕ ਸਭਾ ਹਲਕੇ ਤੋ ਪਹਿਲੀ ਵਾਰ ਕਰਮਜੀਤ ਅਨਮੋਲ ਚੋਣ ਲੜ ਰਹੇ ਹਨ, ਬੇਸ਼ੱਕ ਇਨ੍ਹਾਂ ਨੇ ਵੀ ਆਪਣੀ ਕਲਾਕਾਰੀ ਅਤੇ ਗਾਇਕੀ ਖੇਤਰ ਵਿਚ ਬੜੇ ਮਕਬੂਲ ਡਾਇਲਾਗ ਅਤੇ ਸਾਰਾ ਪਿੰਡ ਵਿਕਾੳੂ ਹੈ, ਵਰਗੇ ਸੱਚ ਵਾਲੇ ਗੀਤ ਗਾ ਕੇ ਆਪਣਾ ਲੋਹਾ ਮੰਨਵਾਇਆ ਹੈ। ਪਰ ਹੁਣ ਉਹ ਵੀ ਫਰੀਦਕੋਟ ਤੋ ਸੱਤਾਧਾਰੀ ਧਿਰ ਆਪ ਵੱਲੋ ਉਮੀਦਵਾਰ ਹਨ, ਆਪਣੀ ਪਲੇਠੀ ਚੋਣ ਜਿੱਤਦੇ ਹਨ ਜਾਂ ਜਿਆਦਾਤਰ ਕਲਾਕਾਰਾਂ ਵਾਂਗ ਉਨ੍ਹਾਂ ਦੇ ਪੱਲੇ ਵੀ ਨਿਰਾਸ਼ਾ ਹੀ ਪੈਂਦੀ ਹੈ, ਇਹ ਤਾਂ ਹੁਣ ਵਕਤ ਹੀ ਦੱਸੇਗਾ।