ਵੋਟ ਪਾਉਣਾ ਮੇਰਾ ਹੱਕ ਐ- ਪਰ ਕੀਹਨੂੰ ਪਾਵਾਂ?
ਅੱਜ ਲੋੜ ਹੈ ਸਾਨੂੰ, ਪੜਚੋਲ ਕਰਨ ਦੀ ਕਿਉਂਕਿ ਹੁਣ ਦਿਨ ਨਹੀ ਬਲਕਿ ਘੰਟੇ ਰਹਿ ਗਏ ਹਨ ਤੇ ਤੈਅ ਕੀਤਾ ਜਾਣਾ ਹੈ ਕਿ ਕਿਸ ਵਿਅਕਤੀ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਜਾਵੇ ਜੋ ਕੇਂਦਰ ਵਿੱਚ ਜਾ ਕੇ ਪੰਜਾਬ ਦੀ ਗੱਲ ਕਰੋ, ਪਰੰਤੂ ਅਚੰਭਾ ਇਹ ਹੈ ਕਿ ਨਜਰ ਵੱਜਦੇ ਸਾਰ ਅਸੀਂ ਆਪਣੇ ਆਪ ਵਿੱਚ ਉਲਝ ਕੇ ਰਹਿ ਜਾਂਦੇ ਹਾਂ ਤੇ ਕਹਿੰਦੇ ਹਾਂ ਕਿ ਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਇਕੱਠੇ ਹੋਏ ਨੇ ਵਿਸ਼ਵਾਸ਼ ਕਿਸ ਤੇ ਕਰੀਏ ਪਰ ਅਜਿਹਾ ਨਹੀ,' ਕੁਝ ਅਜਿਹੇ ਵੀ ਹਨ ਜੋ ਸਿਰਫ ਪੰਜਾਬ ਦੀ ਧਰਤੀ, ਪੰਜਾਬ ਦੇ ਪਾਣੀ, ਪੰਜਾਬ ਦੀ ਵਿਰਾਸਤ, ਪੰਜਾਬ ਦੀ ਸ਼ਾਨੋ ਸ਼ੌਕਤ ਬਰਕਰਾਰ ਰੱਖਣ ਦੀ ਵੀ ਗੱਲ ਕਰਦੇ ਹਨ ਪਰ ਅਸੀਂ ਚੋਣ ਕਰਨ ਵਿੱਚ ਗਲਤੀ ਨਾ ਕਰੀਏ। ਪੰਜਾਬੀਅਤ ਦੀ ਗੱਲ ਕਰਨ ਵਾਲਾ ਵੀ ਝੂਠਾ, ਫਰੇਬੀ, ਮੱਕਾਰ, ਗਦਾਰ, ਚੋਰ, ਧੋਖੇਬਾਜ ਹੋ ਸਕਦੈ, ਪਰ ਪਹਿਚਾਣ ਕਰਨੀ ਐ ਕਿ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ, ਪੰਜਾਬੀਅਤ ਨਾਲ ਇਸ਼ਕ ਕਰਨ ਵਾਲਾ, ਸੱਚੀ ਤੇ ਪਾਕ ਰੂਹ ਵਾਲਾ ਇਨਸਾਨ ਹੀ ਬੇੜੀ ਪਾਰ ਲਾ ਸਕਦਾ ਹੈ। ਇਹ ਨਾ ਕਹਿਣਾ ਕਿ ਅਜਿਹਾ ਮਿਲਦਾ ਨਹੀਂ, ਹੈਗੇ ਨੇ, ਪਰ ਅਸੀਂ ਟੋਲੇ ਨਹੀਂ, ਕਿਉਂਕਿ ਲਕੀਰ ਦੇ ਫਕੀਰ ਹਾਂ ਕਿਤੇ ਪਾਰਟੀ ਦੀ ਗੱਲ, ਕਿਤੇ ਰੁਤਬੇ ਦੀ ਗੱਲ, ਕਿਤੇ ਖਾਨਦਾਨ ਦੀ ਗੱਲ, ਕਿਤੇ ਤਜੁਰਬੇ ਦੀ ਗੱਲ ਤੇ ਕਿਤੇ ਅਮੀਰੀ ਦੀ ਗੋਲ ਕਰਕੇ ਸਾਨੂੰ ਭਰਮਾ ਲੈਂਦੇ ਹਨ, ਹਾਂ, ਇਹ ਲੋਕ ਅਜਿਹਾ ਸਭ ਕਰ ਲੈਂਦੇ ਹਨ ਪਰ ਇਹਨਾਂ ਕੋਲ ਦਿਲ ਦੀ ਅਮੀਰੀ, ਸੱਚ ਦੀ ਅਮੀਰੀ, ਦਰਦ ਦੀ ਅਮੀਰੀ, ਅਪਣੱਤ ਦੀ ਅਮੀਰੀ, ਮਜਲੂਮ ਦੀ ਰੱਖਿਆ ਦੀ ਅਮੀਰੀ, ਕੁਦਰਤ ਦੇ ਪਿਆਰ ਦੀ ਅਮੀਰੀ ਭਾਲੀ ਵੀ ਨਹੀਂ ਥਿਆਉਂਦੀ ਤੇ ਨਾ ਹੀ ਕਿਸੇ ਦੇ ਕੁਝ ਪੱਲੇ ਪਾਉਂਦੇ ਨੇ ਫਿਰ ਰੂਹ ਦਾ ਸਕੂਨ ਕਿਥੋਂ ਭਾਲਦੇ ਐ ਇਹ ਬਾਘੜ ਬਿੱਲੇ ।
ਅਸੀ ਲੋਕਾਂ ਨੇ ਬਿਨਾ ਤਰਾਜੂ ਤੋਂ ਫੈਸਲੇ/ ਫਤਵੇ ਇਹਨਾਂ ਦੇ ਹੱਕ ਵਿੱਚ ਫਿਰ ਦੇ ਦੇਣੇ ਅਤੇ ਪੰਜ ਸਾਲ ਬਿਨਾ ਪਛਤਾਵੇ ਤੋਂ ਬਾਅਦ ਵਿੱਚ ਕੁਝ ਵੀ ਪੱਲੇ ਨਹੀਂ ਪੈਂਦਾ ਪਰ ਅਜਿਹਾ ਨਹੀਂ, ਅਜੇ ਉਹ ਸੱਚ ਨੂੰ ਪਿਆਰ ਕਰਨ ਵਾਲੇ, ਰੱਬ ਨੂੰ ਮੰਨਣ ਵਾਲੇ, ਰੱਬ ਦੀ ਮਾਰ ਤੋਂ ਡਰਣ ਵਾਲੇ ਲੋਕ, ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਮਰੇ ਨਹੀਂ ਬਿਲਕੁਲ ਜਿੰਦਾ ਹਨ ਤੇ ਸਮਾਜ ਦੇ ਵਿੱਚ ਹੀ ਰਹਿ ਰਹੇ ਹਨ, ਉਹ ਦਿਨ ਦੂਰ ਨਹੀਂ ਜਦ ਉਹ ਅੱਗੇ ਆਉਣਗੇ ਤੇ ਉਹਨਾਂ ਨੂੰ ਅਸੀਂ ਖੁਦ ਲੈ ਕੇ ਆਵਾਂਗੇ ਕਿਉਂਕਿ ਸੋਨੇ ਦੀ ਪਰਖ ਬਿਨਾ ਕਸਵੱਟੀ ਤੋਂ ਨਹੀ ਹੋ ਸਕਦੀ ਤੇ ਉਹ ਕਸਵੱਟੀ ਸਾਡੇ ਕੋਲ ਹੈ। ਵੋਟ ਦੇ ਰੂਪ ਵਿੱਚ ਉਸਦਾ ਯੋਗ ਇਸਤੇਮਾਲ ਕਰਕੇ ਅਸੀਂ ਆਪਣੇ ਮਨ ਦੀ ਰੀਝ ਪੂਰੀ ਕਰਕੇ ਮਨ ਪਸੰਦੀ ਦਾ ਸਮਾਜ ਸਿਰਜ ਸਕਦੇ ਹਾਂ ਤੇ ਆਪਣਾ ਆਵਦਾ ਕਿਹਾ ਜਾਣ ਵਾਲਾ ਸਿਸਟਮ ਵੀ ਬਣਾ ਸਕਦੇ ਹਾਂ।
ਪੈਸੇ ਦੀ ਪਾਵਰ (ਸ਼ਕਤੀ) ਦੇ ਜੋਰ ਤੇ ਚੋਣ ਜਿੱਤੀ ਜਾ ਸਕਦੀ ਹੈ ਪਰ ਉਸ ਗਰੀਬ / ਮਜਲੂਮ ਦਾ ਦਿਲ ਨਹੀਂ ਜਿਤਿਆ ਜਾ ਸਕਦਾ ਜਿਸ ਕੋਲ ਇੱਕ ਟਾਮਿ ਦੀ ਰੋਟੀ ਨਹੀ ਨਸੀਬ ਹੁੰਧੀ, ਉਸ ਬਾਪ ਦਾ ਜਿਸਦੀ ਵਿਆਹੁਣ ਵਾਲੀ ਧੀ ਘਰ ਬੈਠੀ ਹੈ ਤੇ ਮਜਬੂਰੀ ਕਰਕੇ ਵਿਆਹ ਨੀ ਕਰ ਸਕਿਆ। ਉਸ ਮਾਂ ਦਾ ਜਿਸਦਾ ਕੜੀ ਵਰਗਾ ਜਵਾਨ ਪੁੱਤ ਨਸ਼ੇ ਦੀ ਮਾਰ ਦਾ ਸ਼ਿਕਾਰ ਹੋ ਗਿਆ ਤੇ ਭੈਣ ਬੈਠੀ ਭਰਾ ਨੂੰ ਉਡੀਕਦੀ ਸਾਰੀ ਉਮਰ ਰਾਹਾਂ ਤਕਦੀ ਰਹਿੰਦੀ ਹੈ ।
ਜਰਾ ਸੋਚੋ ਤੇ ਸਹੀ? ਕੀ ਨਸ਼ਾ-ਕਰਾਇਮ- ਬੇਰੁਜਗਾਰੀ- ਅਨਪੜਤਾ ਨੇ ਸਿਸਟਮ ਦੀਆਂ ਜੜਾਂ ਖੋਖਲੀਆਂ ਨੀ ਕਰ ਦਿੱਤੀਆਂ, ਲੋਕ ਮਰ ਰਹੇ ਐ, ਜੇਲਾਂ ਭਰੀਆਂ ਪਈਆਂ ਨੇ, ਪੰਜਾਬ ਦੀ ਜਵਾਨੀ ਰੁਲਦੀ ਵੇਖ ਰਹੇ ਹਾਂ। ਕੀ ਕਸੂਰ ਹੈ ਲੋਕਾਂ ਦਾ? ਕਰਨ ਵੀ ਕੀ ਕਿਉਂਕਿ ਸਿਸਟਮ ਨੂੰ ਚਲਾਉਣ ਵਾਲੇ ਵਿਕ ਰਹੇ ਨੇ, ਸਿਸਟਮ ਨੂੰ ਹਲਾਉਣ ਵਾਲੇ ਵਿਕੇ ਹੋਏ ਨੇ। ਅੱਜ ਜਰੂਰਤ ਹੈ, ਇਹਨਾਂ ਨੂੰ ਸਮਝ ਕੇ ਪੰਜਾਬ ਨੂੰ ਬਚਾਉਣਦੀ ਜਿਸ ਵਾਸਤੇ ਜਾਗਦੀਆਂ ਜਮੀਰਾਂ ਵਾਲਿਆਂ ਨੂੰ ਇਕੱਠੇ ਹੋਕੇ ਸਿਸਟਮ ਵਿੱਚ ਆਉਣ ਦੀ ਤੇ ਪੰਜਾਬ ਅਤੇ ਪੰਜਾਬੀਅਤ ਨੂੰ ਮੁੜ ਸੁਰਜੀਤ ਕਰਕੇ 'ਸੋਨੇ ਦੀ ਚਿੜੀ' ਬਣਾਉਣ ਦੀ ਜੋ ਕਿ ਸਿਰਫ ਜਾਗਦੀਆਂ ਜਮੀਰਾਂ ਹੀ ਕਰ ਸਕਦੀਆਂ ਹਨ, ਦੂਸਰਿਆਂ ਨੂੰ ਤਾਂ ਇਹ ਜਜਬਾਤ ਸਮਝ ਵੀ ਨਹੀਂ ਆਉਣੇ ਤੇ ਪੜ ਕੇ ਸਿਰਫ ਕਹਾਣੀ ਦੀ ਤਰਾਂ ਹੀ ਮੰਨੇ ਜਾਣਗੇ। ਤਾਂ ਆਉ ਸੂਝ ਬੂਝ ਤੋਂ ਕੰਮ ਲੈਂਦੇ ਹੋਏ ਅੰਤਰਆਤਮਾ ਦੀ ਆਵਾਜ ਸੁਣ ਕੇ ਵੋਟ ਦਾ ਇਸਤੇਮਾਲ ਕਰੀਏ ਨਾ ਕਿ ਕਿਸੇ ਦੇ ਦਬਾਅ ਵਿੱਚ ਜਾਂ ਪੈਸੇ ਦੇ ਲਾਲਚ ਵਿੱਚ ਕਿਉਂਕਿ ਵੋਟ ਸਾਡਾ ਹੱਕ ਹੈ ਜਿਸਨੂੰ ਅਸੀਂ ਮਰਜੀ ਦੇਈਏ।
ਵੋਟ ਪਾਉਣ ਜਰੂਰ ਜਾਇਓ- ਜੇ ਕੋਈ ਨਾ ਚੰਗਾ ਲੱਗੇ - ਭਾਵੇਂ NOTA ਨੂੰ ਹੀ ਪਾ ਆਇਉ ।
ਮਾਸਟਰ ਬਲਜਿੰਦਰ ਸਿੰਘ ਕੋਟਭਾਈ।
ਜਿਲ੍ਹਾ: ਸ਼੍ਰੀ ਮੁਕਤਸਰ ਸਾਹਿਬ।
ਫੋਨ ਨੰ: 98768-64070