ਤਾਜੋਕੇ ’ਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਬੂਥ ਪੁੱਟਣਾ ਮਹਿੰਗਾ ਪਿਆ, ਮਾਮਲਾ ਦਰਜ
ਸੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ/ਗੁਰਪ੍ਰੀਤ ਸਿੰਘ
7ਡੇਅ ਨਿੳੂਜ ਸਰਵਿਸ
ਜਿਲਾ ਬਰਨਾਲਾ ਦੀ ਸਬ ਡਵੀਜਨ ਤਪਾ ਅਧੀਨ ਪੈਂਦੇ ਪਿੰਡ ਤਾਜੋਕੇ ਵਿਖੇ ਪਹਿਲੀ ਜੂਨ ਭਾਵ ਚੋਣਾਂ ਵਾਲੇ ਦਿਨ ਪਿੰਡ ਦੇ ਅੱਡੇ ’ਤੇ ਭਾਜਪਾ ਦਾ ਬੂਥ ਪੁੱਟਣ ਅਤੇ ਬੂਥ ’ਤੇ ਬੈਠੇ ਭਾਜਪਾ ਵਰਕਰ ਨਾਲ ਲੜਾਈ ਕਰਨ ਦੇ ਮਾਮਲੇ ਵਿਚ ਆਖਿਰ ਭਾਜਪਾ ਵਰਕਰ ਦੀ ਸੁਣੀ ਗਈ ਅਤੇ ਬੂਥ ਪੁੱਟਣ ਵਾਲੇ ਕਿਸਾਨ ਜੱਥੇਬੰਦੀ ਦੇ ਵਰਕਰ ਕਮ ਪਿੰਡ ਵਾਸੀ ’ਤੇ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਤਪਾ ਵਿਖੇ ਮਾਮਲਾ ਦਰਜ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪੁਲਿਸ ਤੋ ਮਿਲੀ ਜਾਣਕਾਰੀ ਅਨੁਸਾਰ ਬੀਤੇ ਪਹਿਲੀ ਜੂਨ ਨੂੰ ਤਾਜੋਕੇ ਵਿਖੇ ਭਾਜਪਾ ਦੇ ਵਰਕਰਾਂ ਵੱਲੋ ਲੋਕ ਸਭਾ ਹਲਕਾ ਸੰਗਰੂਰ ਤੋ ਪਾਰਟੀ ਉਮੀਦਵਾਰ ਅਰਵਿੰਦ ਖੰਨਾ ਦੇ ਚੋਣ ਪ੍ਰੀਕ੍ਰਿਆ ਹੇਠ ਵੋਟਰਾਂ ਲਈ ਵੋਟ ਪਰਚੀ ਅਤੇ ਪਾਰਟੀ ਦੇ ਬੂਥ ਲਗਾ ਕੇ ਬੈਠੇ ਭਾਜਪਾ ਵਰਕਰ ਲਾਜਪਤ ਰਾਏ ਪੁੱਤਰ ਸੱਤਪਾਲ ਸ਼ਰਮਾ ਨੇ ਆਪਣੇ ਨਾਲ ਹੱਡਬੀਤੀ ਨੂੰ ਬਿਆਨਾਂ ਰਾਹੀ ਪੁਲਿਸ ਨੂੰ ਦੱਸਿਆਂ ਕਿ ਜਦ ਉਹ ਪਾਰਟੀ ਦਾ ਬੂਥ ਲਗਾ ਕੇ ਬੈਠੇ ਸਨ ਤਦ ਕੁਝ ਵਿਅਕਤੀਆਂ ਨੇ ਉਸ ਦੇ ਤੰਬੂ (ਟੈਂਟ) ਨੂੰ ਫਾੜ ਦਿੱਤਾ ਅਤੇ ਉਸ ਨਾਲ ਕੁੱਟਮਾਰ ਕੀਤੀ। ਜਿਸ ਤੋ ਬਾਅਦ ਉਸ ਨੂੰ ਹਾਜਰੀਨ ਨੇ ਛੁਡਵਾਇਆ। ਪੀੜਿਤ ਲਾਜਪਤ ਰਾਏ ਸਰਕਾਰੀ ਹਸਪਤਾਲ ਤਪਾ ਅੰਦਰ ਜੇਰੇ ਇਲਾਜ ਹੋਣ ’ਤੇ ਪੁਲਿਸ ਨੇ ਪਿੰਡ ਦੇ ਹੀ ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਅਨ ਤਾਜੋਕੇ ਖਿਲਾਫ ਭਾਰਤੀ ਦੰਡਵਾਲੀ ਕਾਨੂੰਨ 341, 323 ਸਣੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਭਾਜਪਾ ਉਮੀਦਵਾਰਾਂ ਦਾ ਪੰਜਾਬ ਅੰਦਰ ਕਿਸਾਨ ਜੱਥੇਬੰਦੀਆਂ ਵੱਲੋ ਕੀਤੇ ਵਿਰੋਧ ਸਦਕਾ ਜਦ ਪਿੰਡ ਤਾਜੋਕੇ ਅੰਦਰ ਪਾਰਟੀ ਉਮੀਦਵਾਰ ਅਰਵਿੰਦ ਖੰਨਾ ਦਾ ਬੂਥ ਪਿੰਡ ਅੰਦਰ ਲੱਗਿਆ ਤਦ ਖੁਦ ਨੂੰ ਜੱਥੇਬੰਦੀ ਨਾਲ ਜੁੜੇ ਇਕਾ ਦੁੱਕਾ ਵਿਅਕਤੀਆਂ ਨੇ ਆ ਕੇ ਬੂਥ ’ਤੇ ਬੈਠੇ ਵਿਅਕਤੀ ਨੂੰ ਇਸ ਨੂੰ ਹਟਾਉਣ ਲਈ ਕਿਹਾ ਪਰ ਦੋਵਾਂ ਵਿਚਕਾਰ ਹੋਏ ਤਕਰਾਰ ਵਿਚ ਹੱਥੋਪਾਈ ਤੱਕ ਨੋਬਤ ਆ ਪਹੁੰਚੀ ਜਦਕਿ ਬੂਥ ਨੂੰ ਵੀ ਉਖਾੜ ਦਿੱਤਾ ਗਿਆ। ਜਿਸ ਦਾ ਪਤਾ ਲੱਗਦਿਆਂ ਹੀ ਹਲਕਾ ਉਮੀਦਵਾਰ ਅਰਵਿੰਦ ਖੰਨਾ ਨੇ ਵੀ ਆਪਣੀਆ ਗੱਡੀਆਂ ਦੀ ਮੁਹਾਰਾਂ ਪਿੰਡ ਤਾਜੋਕੇ ਵੱਲ ਨੂੰ ਮੋੜ ਦਿੱਤੀਆ ਸਨ, ਜਿਸ ਨੇ ਆਪਣੇ ਵਰਕਰ ਦੇ ਘਰ ਪੁੱਜ ਕੇ ਉਨ੍ਹਾਂ ਦਾ ਹਾਲ ਜਾਣਿਆ ਅਤੇ ਘਟਨਾ ਦੀ ਨਿਖੇਧੀ ਵੀ ਕੀਤੀ। ਦੂਜੇ ਪਾਸੇ ਦੂਜੀ ਧਿਰ ਦੀਆ ਔਰਤਾਂ ਵੀ ਸਿਵਲ ਹਸਪਤਾਲ ਅੰਦਰ ਇਹ ਕਹਿ ਕੇ ਦਾਖਿਲ ਹੋ ਗਈਆ ਸਨ ਕਿ ਉਨ੍ਹਾਂ ਨਾਲ ਵੀ ਘਰ ਆ ਕੇ ਕੁੱਟਮਾਰ ਕੀਤੀ ਗਈ ਹੈ। ਪਰ ਪੁਲਿਸ ਨੇ ਫਿਲਹਾਲ ਇਸ ਮਾਮਲੇ ਵਿਚ ਇਕ ਹੀ ਪਰਚਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਪਰ ਆਉਦੇਂ ਦਿਨਾਂ ਵਿਚ ਉਕਤ ਮਾਮਲੇ ਦੇ ਕੁਝ ਨਵੇਂ ਤੱਥ ਵੀ ਸਾਹਮਣੇ ਆਉਣ ਦੀ ਸੰਭਾਵਨਾ ਤੋ ਇਨਕਾਰ ਨਹੀ ਕੀਤਾ ਜਾ ਸਕਦਾ।