ਮੁੱਖ ਮੰਤਰੀ ਭਗਵੰਤ ਮਾਨ ਦੀ ’ਕਿੱਕਲੀ‘ ਬਠਿੰਡਾ ਲੋਕ ਸਭਾ ਸੀਟ ਤੋ ਸ੍ਰੀਮਤੀ ਬਾਦਲ ਦੀ ਜਿੱਤ ਨੂੰ ਰੋਕ ਨਾ ਸਕੀ
ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ੍ਰੀਮਤੀ ਬਾਦਲ ਨੇ ਵੱਕਾਰੀ ਬਠਿੰਡਾ ਲੋਕ ਸਭਾ ਸੀਟ ’ਤੇ ਜਿੱਤ ਦਰਜ ਕੀਤੀ
ਬਠਿੰਡਾ, 4 ਜੂਨ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਪੰਜਾਬ ਦੀ ਬਹੁਚਰਚਿਤ ਅਤੇ ਸ੍ਰੋਮਣੀ ਅਕਾਲੀ ਦਲ ਲਈ ਵੱਕਾਰ ਵਜੋ ਵੇਖੀ ਜਾਣ ਵਾਲੀ ਲੋਕ ਸਭਾ ਬਠਿੰਡਾ ਸੀਟ ਨੂੰ ਆਖਿਰ ਸ੍ਰੋਮਣੀ ਅਕਾਲੀ ਦਲ ਜਿੱਤਣ ਵਿਚ ਸਫਲ ਰਿਹਾ, ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਚੋਥੀ ਵਾਰ ਸੰਸਦ ਮੈਂਬਰ ਬਣੀ ਸਾਬਕਾ ਕੇਂਦਰੀ ਵਜੀਰ ਹਰਸਿਮਰਤ ਕੌਰ ਬਾਦਲ ਨੇ ਪੰਜ ਕੋਣੇ ਮੁਕਾਬਲੇ ਵਿਚ ਆਪਣੇ ਸਿਆਸੀ ਵਿਰੋਧੀ ਮੌਜੂਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੂੰ 50 ਹਜਾਰ ਤੋ ਵਧੇਰੇ ਵੋਟਾਂ ਨਾਲ ਚੋਣ ਹਰਾਇਆ। ਤਿੰਨ ਜਿਲ੍ਹਿਆਂ ਵਿਚਲੇ 9 ਵਿਧਾਨ ਸਭਾ ਹਲਕਿਆਂ ਵਿਚੋ 5 ਅੰਦਰੋ ਸ੍ਰੀਮਤੀ ਬਾਦਲ ਨੇ ਲੀਡ ਲਈ ਜਦਕਿ ਆਪਣੀ ਜੱਦੀ ਹਲਕੇ ਲੰਬੀ ’ਚ ਸਭ ਤੋ ਵੱਧ ਵੋਟਾਂ ਅਕਾਲੀ ਦਲ ਦੀ ਉਮੀਦਵਾਰ ਸ੍ਰੀਮਤੀ ਬਾਦਲ ਨੂੰ ਪਈਆ। ਫਸਵੇਂ ਮੁਕਾਬਲੇ ਵਿਚ ਸ੍ਰੀਮਤੀ ਬਾਦਲ ਦਾ ਮੁਕਾਬਲਾ ਹਰੇਕ ਥਾਂ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਨਾਲ ਹੋਇਆ ਜਦਕਿ ਕਾਂਗਰਸ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਤੀਜੇ ਸਥਾਨ ’ਤੇ ਰਹੇ, ਜਿਹੜੇ ਕਿਸੇ ਵੀ ਹਲਕੇ ਵਿਚ ਵੱਡੀ ਲੀਡ ਹਾਸਿਲ ਨਾ ਕਰ ਸਕੇ। ਉਧਰ ਭਾਜਪਾ ਦੀ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਦੀ ਨੂੰਹ ਸ੍ਰੀਮਤੀ ਪਰਮਪਾਲ ਕੌਰ ਮਲੂਕਾ ਮਹਿਜ ਬਠਿੰਡਾ ਸ਼ਹਿਰੀ ਹਲਕੇ ਤੋ ਲੀਡ ਲੈਣ ਵਿਚ ਸਫਲ ਰਹੀ, ਪਰ ਜਿਆਦਾਤਰ ਹਲਕਿਆਂ ਵਿਚ ਚੋਥੇ ਨੰਬਰ ’ਤੇ ਹੀ ਵਿਖਾਈ ਦਿੱਤੀ। ਸ੍ਰੋਮਣੀ ਅਕਾਲੀ ਦਲ (ਅ) ਦੇ ਚੋਣ ਚਿੰਨ੍ਹ ’ਤੇ ਚੋਣ ਲੜਣ ਵਾਲੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਵੀ ਇਸ ਚੋਣ ਵਿਚ 85000 ਦੇ ਕਰੀਬ ਵੋਟ ਹਾਸਿਲ ਕਰਕੇ ਪੰਜਵੇਂ ਸਥਾਨ ’ਤੇ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਆਸੀ ਨਿਸ਼ਾਨੇ ’ਤੇ ਬਾਦਲ ਪਰਿਵਾਰ ਹੀ ਰਿਹਾ, ਜਿਸ ਨੇ ਆਪਣੀ ਪਸੰਦੀਦਾ ’ ਕਿੱਕਲੀ ਕਲੀਰ ਦੀ ’ ਜਿਆਦਾਤਰ ਲੋਕ ਸਭਾ ਹਲਕਾ ਬਠਿੰਡਾ ਦੇ ਲਗਭਗ ਸਾਰੇ ਹਲਕਿਆਂ ਵਿਚ ਗਾ ਕੇ ਬਾਦਲਾਂ ਦੀ ਸਿਆਸੀ ਤੌਰ ’ਤੇ ਭੰਡੀ ਕਰਨ ਦਾ ਪੂਰਾ ਜੋਰ ਲਗਾਇਆ, ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਕਮ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਗਾਤਾਰ ਭਗਵੰਤ ਮਾਨ ਦੇ ਹਰੇਕ ਸਿਆਸੀ ਬਿਆਨ ਦਾ ਮੋੜਵਾਂ ਜਵਾਬ ਦਿੰਦੇ ਰਹੇ। ਜਿਨ੍ਹਾਂ ਨੇ ਆਖਿਰੀ ਵੇਲੇ ਤੱਕ ਪੂਰਨ ਵਿਉਤਬੰਦੀ ਨਾਲ ਆਪਣੇ ਵਿਰੋਧੀਆਂ ਨੂੰ ਘੇਰ ਕੇ ਰੱਖਿਆ ਜਦਕਿ ਬਠਿੰਡਾ ਅਜਿਹੀ ਸੀਟ ਸੀ, ਜਿੱਥੇ ਸ਼ਹਿਰੀ ਖੇਤਰ ਅੰਦਰੋ ਵੀ ਅਕਾਲੀ ਦਲ ਨੇ ਆਪਣੀ ਸਿਆਸੀ ਪਕੜ੍ਹ ਨਹੀ ਛੱਡੀ ਸੀ। ਸ੍ਰੀਮਤੀ ਬਾਦਲ ਨੂੰ ਬਠਿੰਡਾ ਸ਼ਹਿਰੀ ਹਲਕੇ ਵਿਚੋ 35769, ਬਠਿੰਡਾ ਦਿਹਾਤੀ 41423, ਮੋੜ 34959, ਭੁੱਚੋ 46863, ਤਲਵੰਡੀ ਸਾਬੋ 34045, ਲੰਬੀ 54337, ਮਾਨਸਾ 41062, ਬੁਢਲਾਡਾ 47233, ਸਰਦੂਲਗੜ੍ਹ 39338 ਤੋ ਵੋਟਾਂ ਹਾਸਿਲ ਕੀਤੀਆ, ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਨੇ ਬਠਿੰਡਾ ਸ਼ਹਿਰੀ ਹਲਕੇ ਵਿਚੋ 32786, ਬਠਿੰਡਾ ਦਿਹਾਤੀ 30548, ਮੋੜ 35211, ਭੁੱਚੋ 32124, ਤਲਵੰਡੀ ਸਾਬੋ 30762, ਲੰਬੀ 31073, ਮਾਨਸਾ 48008, ਬੁਢਲਾਡਾ 40039, ਸਰਦੂਲਗੜ੍ਹ 44474 ਵੋਟਾਂ ਹਾਸਿਲ ਕੀਤੀਆ। ਉਧਰ ਕਾਂਗਰਸ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਬਠਿੰਡਾ ਸ਼ਹਿਰੀ ਹਲਕੇ ਵਿਚੋ 30420, ਬਠਿੰਡਾ ਦਿਹਾਤੀ 41423, ਮੋੜ 18201, ਭੁੱਚੋ 22154, ਤਲਵੰਡੀ ਸਾਬੋ 22630, ਲੰਬੀ 17371, ਮਾਨਸਾ 23769, ਬੁਢਲਾਡਾ 22943, ਸਰਦੂਲਗੜ੍ਹ 25619 ਵੋਟਾਂ ਹਾਸਿਲ ਕਰਕੇ ਤੀਜੇ ਨੰਬਰ ’ਤੇ ਰਹੇ। ਭਾਜਪਾ ਦਾ ਨਾਹਰਾ ਲੈ ਕੇ ਸਿਆਸੀ ਪਿੜ੍ਹ ਮੱਲਣ ਵਾਲੀ ਸ੍ਰੀਮਤੀ ਪਰਮਪਾਲ ਕੌਰ ਮਲੂਕਾ ਬਠਿੰਡਾ ਸ਼ਹਿਰੀ ਹਲਕੇ ਵਿਚੋ 36287, ਬਠਿੰਡਾ ਦਿਹਾਤੀ 6651, ਮੋੜ 8278, ਭੁੱਚੋ 10216, ਤਲਵੰਡੀ ਸਾਬੋ 6694, ਲੰਬੀ 6416, ਮਾਨਸਾ 16856, ਬੁਢਲਾਡਾ 10331, ਸਰਦੂਲਗੜ੍ਹ 8526 ਵੋਟਾਂ ਹਾਸਿਲ ਕਰਕੇ ਚੋਥੇ ਸਥਾਨ ’ਤੇ ਰਹੇ। ਬਠਿੰਡਾ ਲੋਕ ਸਭਾ ਸੀਟ ਦੇ ਜਿੱਤਣ ਤੋ ਬਾਅਦ ਇੱਕਲੀ ਬੀਬੀ ਬਾਦਲ ਹੀ ਨਹੀ ਬਲਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋ ਲੈ ਕੇ ਪੂਰੀ ਪਾਰਟੀ ਦੇ ਆਗੂ/ਵਰਕਰ ਲੋਕਾਂ ਵਿਚ ਜਾਣ ਯੋਗ ਰਹਿ ਗਏ ਹਨ, ਕਿਉਕਿ ਇਸ ਚੋਣ ਵਿਚ ਸਮੁੱਚੇ ਵਿਰੋਧੀਆਂ ਦਾ ਸਿਆਸੀ ਬਿਆਨਬਾਜੀ ਨੂੰ ਲੈ ਕੇ ਬਾਦਲ ਪਰਿਵਾਰ ’ਤੇ ਹੀ ਵੱਡਾ ਹਮਲਾ ਹੁੰਦਾ ਸੀ, ਜੋ ਬਾਦਲ ਪਰਿਵਾਰ ਨੂੰ ਸਿਆਸੀ ਦੇ ਨਾਲੋ ਨਾਲ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਕਰਦਾ ਸੀ, ਜਦਕਿ ਬਾਦਲ ਪਰਿਵਾਰ ਵਿਰੁੱਧ ਚੋਣ ਲੜਣ ਵਾਲੇ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ/ਪਰਿਵਾਰ ਇਨ੍ਹਾਂ ਦੀ ਹੀ ਪਾਰਟੀ ਦੇ ਕੁਝ ਦਿਨ ਪਹਿਲਾ ਤੱਕ ਸਰਗਰਮ ਆਗੂ ਸਨ, ਪਰ ਐਨ ਆਖਿਰੀ ਵੇਲੇ ਇਨ੍ਹਾਂ ਦਾ ਪਾਲਾ ਬਦਲ ਕੇ ਵਿਰੋਧੀ ਧਿਰ ’ਚ ਜਾ ਮਿਲਣ ਕਾਰਨ ਇਹ ਵੀ ਬਾਦਲ ਪਰਿਵਾਰ ਲਈ ਵੱਡੀ ਸਿਆਸੀ ਸਿਰਦਰਦੀ ਬਣੇ ਹੋਏ ਸਨ। ਪਰ ਅੰਤ ਤੱਕ ਚਲੀ ਇਸ ਸਿਆਸੀ ਲੜਾਈ ਵਿਚ ਚੰਦ ਆਗੂਆਂ ਨੂੰ ਨਾਲ ਲੈ ਕੇ ਬਾਦਲ ਪਰਿਵਾਰ ਨੇ ਇਹ ਕਿਲਾ ਫਤਿਹ ਕੀਤਾ, ਜਦਕਿ ਪਹਿਲੀ ਵਾਰ ਬਾਦਲ ਪਰਿਵਾਰ ਦੇ ਨਿਆਣਿਆਂ ਨੂੰ ਵੀ ਆਪਣੀ ਮਾਤਾ ਸ੍ਰੀਮਤੀ ਬਾਦਲ ਦੀ ਚੋਣ ਮੁਹਿੰਮ ਵਿਚ ਹਿੱਸਾ ਲੈਂਦੇ ਵੇਖਿਆ ਗਿਆ।
ਨੂੰਹ ਸ੍ਰੀਮਤੀ ਬਾਦਲ ਨੇ ਕੈਬਨਿਟ ਮੰਤਰੀ ਖੁੱਡੀਆ ਨੂੰ ਹਰਾ ਕੇ ਸਹੁਰੇ ਦੀ ਹਾਰ ਦਾ ਬਦਲਾ ਲਿਆ
ਆਮ ਆਦਮੀ ਪਾਰਟੀ ਨੇ ਕਰੀਬ ਦੋ ਵਰ੍ਹੇਂ ਪਹਿਲਾ ਹੀ ਸਿਆਸਤ ਦੇ ਬਾਬਾ ਬੋਹੜ੍ਹ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਵਿਧਾਨ ਸਭਾ ਹਲਕੇ ਤੋ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕਰਕੇ ਸਿਆਸਤ ਵਿਚ ਐਂਟਰੀ ਲੈਣ ਵਾਲੇ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੂੰ ਪਾਰਟੀ ਉਮੀਦਵਾਰ ਬਣਾ ਕੇ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਚੋਣ ਲੜਾਉਣ ਦਾ ਮਨ ਬਣਾਇਆ ਤਾਂ ਜੋ ਸਹੁਰੇ ਵਾਂਗ ਖੁੱਡੀਆ ਹੱਥੋ ਬੀਬਾ ਬਾਦਲ ਨੂੰ ਵੀ ਹਰਾਇਆ ਜਾ ਸਕੇ, ਪਰ ਦੋ ਵਰ੍ਹਿਆਂ ਵਿਚ ਹੀ ਲੰਬੀ ਹਲਕੇ ਦੇ ਲੋਕ ਕੈਬਨਿਟ ਮੰਤਰੀ ਖੁੱਡੀਆ ਤੋ ਨਰਾਜ ਨਜਰ ਆਏ, ਜਿਨ੍ਹਾਂ ਨੇ ਸ੍ਰੀਮਤੀ ਬਾਦਲ ਨੂੰ ਇਸ ਚੋਣ ਵਿਚ ਰੱਜ ਕੇ ਵੋਟਾਂ ਪਾਈਆ, ਕਿਉਕਿ ਲੰਬੀ ਹਲਕੇ ਅੰਦਰੋ ਵਜੀਰ ਖੁੱਡੀਆ 23264 ਵੋਟਾਂ ਦੇ ਫਰਕ ਨਾਲ ਸ੍ਰੀਮਤੀ ਬਾਦਲ ਤੋ ਸਿਆਸੀ ਤੌਰ ’ਤੇ ਪਛੜ ਗਏ, ਜੋ ਇਸ ਹਾਰ ਦਾ ਮੁੱਢ ਬੰਨ੍ਹ ਗਏ।
ਭਿ੍ਰਸ਼ਟਾਚਾਰ ’ਚ ਫਸੇ ਆਪ ਵਿਧਾਇਕ ਵਿਜੈ ਸਿੰਗਲਾ ਦੀ ਹਲਕਾ ਮਾਨਸਾ ਅੰਦਰ ਸਿਆਸੀ ਚੜ੍ਹਤ ਬਰਕਰਾਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋ ਸੰਗਰੂਰ ਲੋਕ ਸਭਾ ਦੀ ਜੂਨ 2022 ਵਿਚ ਹੋਈ ਜਿ੍ਰਮਣੀ ਚੋਣ ਤੋ ਪਹਿਲਾ ਭਿ੍ਰਸ਼ਟਾਚਾਰ ਦਾ ਦਾਗ ਲਗਾ ਕੇ ਮਾਨਸਾ ਦੇ ਆਪਣੀ ਹੀ ਪਾਰਟੀ ਦੇ ਵਿਧਾਇਕ ਵਿਜੈ ਸਿੰਗਲਾ ਖਿਲਾਫ ਮੁੱਕਦਮਾ ਦਰਜ ਕਰਕੇ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਹਾਸ਼ੀਏ ’ਤੇ ਧੱਕ ਦਿੱਤਾ ਸੀ ਪਰ ਮਾਨਸਾ ਹਲਕੇ ਅੰਦਰ ਅੱਜ ਵੀ ਇਨ੍ਹਾਂ ਚੋਣਾਂ ਵਿਚ ਵਿਧਾਇਕ ਸਿੰਗਲਾ ਦੀ ਸਿਆਸੀ ਤੂਤੀ ਬੋਲਦੀ ਨਜਰ ਆਈ ਕਿਉਕਿ ਮਾਨਸਾ ਹਲਕੇ ਅੰਦਰੋ ਆਪ ਉਮੀਦਵਾਰ ਖੁੱਡੀਆ 7000 ਦੇ ਕਰੀਬ ਵੱਧ ਵੋਟਾਂ ਲੈ ਕੇ ਪਹਿਲੇ ਨੰਬਰ ’ਤੇ ਰਹੇ ਕਿਉਕਿ ਆਪ ਉਮੀਦਵਾਰ ਖੁੱਡੀਆ ਨੂੰ ਹਲਕੇ ਅੰਦਰੋ 48008 ਜਦਕਿ ਸ੍ਰੀਮਤੀ ਬਾਦਲ ਨੂੰ ਮਹਿਜ 41062 ਵੋਟਾਂ ਹੀ ਮਿਲੀਆ।
ਕਾਂਗਰਸ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੂੰ ਤਲਵੰਡੀ ਹਲਕੇ ਨੇ ਨਰਾਜ ਕੀਤਾ
ਕਾਂਗਰਸ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਆਪਣੇ ਜੱਦੀ ਹਲਕੇ ਤਲਵੰਡੀ ਸਾਬੋ ਅੰਦਰ ਕੋਈ ਖਾਸ ਸਿਆਸੀ ਛਾਪ ਨਹੀ ਛੱਡ ਸਕੇ, ਜਦਕਿ ਤਲਵੰਡੀ ਸਾਬੋ ਤੋ ਕਈ ਵਾਰ ਵਿਧਾਇਕ ਰਹੇ ਸਿੱਧੂ ਨੂੰ ਇਥੋ ਬੜੀਆ ਆਸਾਂ ਸਨ, ਕਿਉਕਿ ਹਲਕੇ ਤੋ ਚਾਰ ਵਾਰ ਵਿਧਾਇਕ ਰਹੇ ਜੀਤਮਹਿੰਦਰ ਸਿੰਘ ਸਿੱਧੂ ਨਾਲ ਲਗਭਗ ਅਕਾਲੀ ਦਲ ਦੀ ਵੱਡੀ ਗਿਣਤੀ ਵਿਚ ਲੋਕਲ ਲੀਡਰਸ਼ਿਪ ਨੇ ਕੁਝ ਮਹੀਨੇ ਪਹਿਲਾ ਹੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸਿਆਸੀ ਤੌਰ ’ਤੇ ਰਲੇਵਾਂ ਕਰ ਲਿਆ ਸੀ। ਜਿਸ ਤੋ ਬਾਅਦ ਇਨ੍ਹਾਂ ਦੇ ਇਥੋ ਵੱਡੀ ਲੀਡ ਲੈਣ ਦੇ ਅਸਾਰ ਸਨ, ਪਰ ਪਤਾ ਨੀ ਲੱਗ ਸਕਿਆ ਕਿ ਪਾਰਟੀ ਦੀ ਇਥੇ ਧੜੇਬੰਦੀ ਖਤਮ ਹੀ ਨਹੀ ਹੋਈ ਜਾਂ ਫੇਰ ਆਉਦੇਂ ਦਿਨਾਂ ਵਿਚ ਹੋਰ ਤੱਥ ਸਾਹਮਣੇ ਆਉਣਗੇ।