ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਵਜਾਰਤ ਦਾ ਹਿੱਸਾ ਬਣਾਉਣ ’ਤੇ ਰਾਮਪੁਰਾ ’ਚ ਖੁਸ਼ੀ ਦਾ ਮਾਹੋਲ
7ਡੇਅ ਨਿਊਜ ਸਰਵਿਸ
ਰਾਮਪੁਰਾ ਫੂਲ 11 ਜੂਨ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਦੇਸ਼ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵਿਚ ਲੁਧਿਆਣਾ ਲੋਕ ਸਭਾ ਹਲਕਾ ਤੋ ਭਾਜਪਾ ਦੇ ਚਿੰਨ ’ਤੇ ਚੋਣ ਲੜਣ ਵਾਲੇ ਉਮੀਦਵਾਰ ਕਮ ਤਿੰਨ ਵਾਰ ਦੇ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਵਜਾਰਤ ਵਿਚ ਬਤੌਰ ਮੰਤਰੀ ਸਾਮਲ ਕਰਨ ਦੀ ਖੁਸ਼ੀ ਵਿਚ ਹਲਕਾ ਰਾਮਪੁਰਾ ਫੂਲ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਅਥਾਹ ਖੁਸ਼ੀ ਪਾਈ ਗਈ। ਜਿਨਾਂ ਨੇ ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਵਜੀਰ ਬਣਨ ’ਤੇ ਖੁਸ਼ੀ ਵਿਚ ਲੱਡੂ ਵੰਡੇ ਅਤੇ ਪਟਾਕੇ ਚਲਾਏ। ਭਾਜਪਾ ਆਗੂਆਂ ਵੱਲੋ ਹੱਥੀ ਫੜੇ ਬੈਨਰਾਂ ਵਿਚ ਪਹਿਲੀ ਵਾਰ ਵੇਖਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਸਵੀਰ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਕਾਂਗਰਸ ਦੇ ਹੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਉਨਾਂ ਦੀ ਵਜਾਰਤ ਦੇ ਹੀ ਹਲਕਾ ਫੂਲ ਤੋ ਜਿੱਤ ਪ੍ਰਾਪਤ ਕਰਨ ਵਾਲੇ ਸਾਬਕਾ ਕਾਂਗਰਸੀ ਮੰਤਰੀ ਹਰਬੰਸ ਸਿੰਘ ਸਿੱਧੂ ਦੀ ਤਸਵੀਰ ਵੀ ਛਪੀ ਹੋਈ ਸੀ। ਇਸ ਮੋਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਮੱਖਣ ਜਿੰਦਲ, ਗੁਰਤੇਜ ਰਾਣਾ ਫੂਲ ਸਾਬਕਾ ਮੀਤ ਪ੍ਰਧਾਨ, ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਭਾਰਤ ਭੂਸ਼ਨ ਗਰਗ ਅਤੇ ਰਾਹੁਲ ਸਿੱਧੂ ਮਹਿਰਾਜ ਸੀਨੀਅਰ ਭਾਜਪਾ ਆਗੂ ਨੇ ਸਾਂਝੇਂ ਤੋਰ ’ਤੇ ਕਿਹਾ ਕਿ ਮੋਦੀ ਸਰਕਾਰ ਵਿਚ ਪੰਜਾਬ ਦੇ ਨੁੰਮਾਇੰਦੇ ਵਜੋ ਰਵਨੀਤ ਸਿੰਘ ਬਿੱਟੂ ਨੂੰ ਵਜਾਰਤ ਦਾ ਹਿੱਸਾ ਬਣਨ ਨਾਲ ਅੱਜ ਪੂਰੇ ਸੂਬੇ ਅੰਦਰ ਖੁਸ਼ੀ ਦਾ ਮਾਹੋਲ ਹੈ ਕਿਉਕਿ ਸੂਬੇ ਦੇ ਲੋਕਾਂ ਨੂੰ ਕੇਂਦਰ ਸਰਕਾਰ ਤੋ ਭਾਰੀ ਆਸਾਂ ਹਨ। ਉਨਾਂ ਅੱਗੇ ਕਿਹਾ ਕਿ ਦੇਸ਼ ਅੰਦਰ ਭਾਜਪਾ ਸਰਕਾਰ ਨੇ ਹਮੇਸ਼ਾਂ ਹੀ ਕਿਸਾਨ ਅਤੇ ਕਿਸਾਨੀ ਨੂੰ ਪ੍ਰਫੁੱਲਤ ਕਰਨ ਲਈ ਬਣਦੇ ਯਤਨ ਕੀਤੇ ਹਨ ਜਦਕਿ ਵਜਾਰਤ ਨੇ ਆਪਣਾ ਕੰਮ ਸੰਭਾਲਦਿਆਂ ਹੀ ਸਭ ਤੋ ਪਹਿਲਾ ਕਿਸਾਨ ਨਿਧੀ ਯੋਜਨਾ ਨੂੰ ਕਿਸ਼ਤ ਪਾਈ ਹੈ। ਉਨਾਂ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਵਜੀਰ ਬਿੱਟੂ ਕੇਂਦਰ ਅਤੇ ਪੰਜਾਬ ਵਿਚਕਾਰ ਪੁੱਲ ਦਾ ਕੰਮ ਕਰਕੇ ਸੂਬੇ ਦੇ ਲਟਕਦੇ ਮਸਲਿਆਂ ਨੂੰ ਹੱਲ ਕਰੇਗਾ। ਉਧਰ
ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਸ਼ਹਿਰੀਆਂ ਨੇ ਭਾਜਪਾ ਦੇ ਝੰਡੇ ਫੜ ਕੇ ਨਵੀਂ ਸਰਕਾਰ ਦੇ ਹੱਕ ਵਿਚ ਨਾਹਰੇਬਾਜੀ ਕੀਤੀ। ਇਸ ਮੋਕੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜਰ ਸਨ।