ਕੱਚਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨਗੀ ਪਦ ਲਈ ਸਰਬਸੰਮਤੀ ਨਾਲ ਚੋਣ ਹੋਣ ਦੀਆ ਸੁਰਾਂ ਉੱਠਣ ਲੱਗੀਆ
7ਡੇਅ ਨਿੳੂਜ ਸਰਵਿਸ
- ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੇ ਕੱਚਾ ਆੜਤੀਆਂ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕ ਭਰਵੀਂ ਮੀਟਿੰਗ ਐਤਵਾਰ ਨੂੰ ਹੋਈ। ਜਿਸ ਵਿਚ ਆੜਤੀਆਂ ਦੇ ਕਈ ਮੂੰਹ ਅੱਡੀ ਖੜੇ ਮਸਲਿਆਂ ਸਬੰਧੀ ਖੁੱਲੀ ਵਿਚਾਰ ਚਰਚਾ ਹੋਈ। ਮੀਟਿੰਗ ਦੌਰਾਨ ਸਾਹਮਣੇ ਆਇਆ ਕਿ ਕੱਚਾ ਆੜਤੀਆਂ ਐਸੋਸੀਏਸ਼ਨ ਦੇ ਨੁੰਮਾਇਦਿਆਂ ਅਤੇ ਖਾਸ ਕੁਰ ਪ੍ਰਧਾਨਗੀ ਪਦ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਜਿਸ ਲਈ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਜਾਵੇ, ਜਿਸ ਲਈ ਅਗਲੇਰੀ ਮੀਟਿੰਗ ਭਾਵੇਂ 28 ਜੁਲਾਈ ਦੀ ਤੈਅ ਹੋ ਗਈ ਹੈ। ਜਿਸ ਵਿਚ ਹੋਣ ਵਾਲੀ ਚੋਣ ਸਬੰਧੀ ਮੈਂਬਰਾਂ ਦੀ ਖੁੱਲੇ ਤੌਰ ’ਤੇ ਰਾਇਸੁਮਾਰੀ ਜਾਣੀ ਜਾਵੇਗੀ। ਮੀਟਿੰਗ ਉਪਰੰਤ ਤਪਾ ਦੇ ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਮੈਂਬਰ ਕੱਚਾ ਆੜਤੀਆ ਐਸੋਸੀਏਸ਼ਨ ਤੇਲੂ ਰਾਮ ਤਾਜੋਕੇ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਮੁੱਢਲੇ ਦੌਰ ਵਿਚ ਐਸੋਸੀਏਸ਼ਨ ਦੇ ਪ੍ਰਧਾਨਗੀ ਪਦ ਲਈ ਦੋ ਉਮੀਦਵਾਰ ਸਾਹਮਣੇ ਆ ਗਏ ਹਨ ਪਰ ਕਾਰੋਬਾਰ ਪੱਖ ਅਤੇ ਮੰਡੀ ਵਿਚ ਆਪਿਸੀ ਭਾਈਚਾਰਕ ਸਾਂਝ ਨੂੰ ਵੇਖਦੇ ਹੋਏ ਸਮੂਹ ਮੈਂਬਰਾਂ ਨੂੰ ਇਹੋ ਆਪੀਲ ਕਰਾਂਗੇ ਕਿ ਉਕਤ ਚੋਣ ਸਰਬਸੰਮਤੀ ਨਾਲ ਕੀਤੀ ਜਾਵੇ ਤਾਂ ਜੋ ਕਾਰੋਬਾਰ ਨੂੰ ਰਾਜਸੀ ਅਖਾੜੇ ਬਣਨ ਤੋ ਰੋਕਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਆੜਤ੍ਹ ਦਾ ਕਾਰੋਬਾਰ ਕਾਫੀ ਹੱਦ ਤੱਕ ਪਛੜਿਆ ਪਿਆ ਹੈ। ਜਿਸ ਲਈ ਉਕਤ ਕਾਰੋਬਾਰ ਵਿਚ ਇਕਜੁਟਤਾ ਦੀ ਲੋੜ ਹੈ। ਸ਼ਹਿਰ ਦੇ ਆਰੀਆ ਹਾਈ ਸਕੂਲ ਦੇ ਮੀਤ ਪ੍ਰਧਾਨ ਅਤੇ ਪ੍ਰਸਿੱਧ ਕਾਰੋਬਾਰੀ ਸੱਤਪਾਲ ਮੌੜ ਨੇ ਕਿਹਾ ਕਿ ਸਮੁੱਚੇ ਆੜਤੀਏ ਇਕ ਪਰਿਵਾਰ ਵਾਂਗ ਹਨ, ਜਦਕਿ ਉਕਤ ਐਸੋਸੀਏਸ਼ਨ ਦੀ ਨੁੰਮਾਇਦਗੀ ਕਰਨ ਵਾਲਾ ਇਸ ਨੂੰ ਵਪਾਰਿਕ ਸੇਵਾ ਸਮਝ ਕੇ ਕਰਨ ਦੇ ਯਤਨਾਂ ਨੂੰ ਪਹਿਲ ਦੇਣ ਨਾ ਕਿ ਕਿਸੇ ਰਾਜਸੀ ਧਿਰ ਵਜੋ ਮਾਨਤਾ ਦਿੱਤੀ ਜਾਵੇ ਅਤੇ ਸਮੁੱਚੇ ਆੜਤੀਏ ਸਰਬਸੰਮਤੀ ਨਾਲ ਚੁਣੀ ਹੋਈ ਐਸੋਸੀਏਸ਼ਨ ਦਾ ਸਾਥ ਦਿੰਦੇ ਹਨ, ਜਿਸ ਕਾਰਨ ਅਜਿਹੀਆ ਚੋਣਾਂ ਵਿਚ ਰਾਜਸੀ ਖਟਾਸ ਪਾਉਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ, ਸਗੋ ਸੁਖਾਲੇ ਢੰਗ ਨਾਲ ਇਸ ਦੀ ਚੋਣ ਸਰਬਸੰਮਤੀ ਨਾਲ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਾਰੋਬਾਰ ਅਤੇ ਐਸੋਸੀਏਸ਼ਨ ਤਰੱਕੀ ਕਰੇ। ਜਿਸ ਲਈ ਸਾਨੂੰ ਸਾਰੇ ਕਾਰੋਬਾਰ ਨਾਲ ਜੁੜੇ ਆੜਤੀਆਂ ਨੂੰ ਇਸ ਲਈ ਹੰਭਲਾ ਮਾਰਨਾ ਚਾਹੀਦਾ ਹੈ। ਪ੍ਰਸਿੱਧ ਸਮਾਜ ਸੇਵੀ ਜਵਾਹਰ ਲਾਲ ਬਾਂਸਲ ਚੇਅਰਮੈਨ ਅੱਗਰਵਾਲ ਸਭਾ ਅਤੇ ਸੀਨੀਅਰ ਮੈਂਬਰ ਆੜਤੀਆਂ ਐਸੋਸੀਏਸ਼ਨ ਨੇ ਕਿਹਾ ਕਿ ਮੰਡੀ ਅੰਦਰ ਕਈ ਦਹਾਕਿਆਂ ਤੋ ਕਾਰੋਬਾਰੀ ਭਰਾਵਾਂ ਅਤੇ ਪਰਿਵਾਰ ਵਾਂਗ ਕੰਮ ਕਰਦੇ ਹਨ, ਜਦਕਿ ਉਕਤ ਐਸੋਸੀਏਸ਼ਨ ਆੜਤੀਆਂ ਦੇ ਮਸਲੇ ਸੁਲਝਾਉਣ ਸਣੇ ਮੰਗਾਂ ਅਤੇ ਮੁਸ਼ਕਿਲਾਵਾਂ ਦੇ ਹੱਲ ਲਈ ਬਣੀ ਹੈ। ਜਿਸ ਕਾਰਨ ਇਥੇ ਚੋਣ ਸਰਬਸੰਮਤੀ ਨਾਲ ਹੋਣੀ ਚਾਹੀਦੀ ਹੈ, ਜਿਸ ਲਈ ਐਸੋਸੀਏਸ਼ਨ ਦੇ ਸੀਨੀਅਰ ਮੈਂਬਰਾਂ ਅਤੇ ਕਾਰੋਬਾਰੀਆਂ ਨੂੰ ਉਕਤ ਚੋਣ ਨੂੰ ਸਰਬਸੰਮਤੀ ਵੱਲ ਲਿਜਾਣ ਲਈ ਸਾਰਥਿਕ ਕਦਮ ਪੁੱਟਣੇ ਚਾਹੀਦੇ ਹਨ। ਉਧਰ ਮੌਜੂਦਾ
ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋਕੇ ਨੇ ਕਿਹਾ ਕਿ ਸਮੁੱਚੀ ਐਸੋਸੀਏਸ਼ਨ ਦੇ ਮੈਂਬਰ ਹੀ ਸਰਬਸੰਮਤੀ ਚਾਹੁੰਦੇ ਹਨ ਜਦਕਿ ਉਨ੍ਹਾਂ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਇਕ ਵੀ ਆੜਤੀਏ ਨੂੰ ਸ਼ਿਕਾਇਤ ਦਾ ਮੌਕਾ ਤੱਕ ਨਹੀ ਦਿੱਤਾ ਕਿਉਕਿ ਆੜਤੀਆਂ ਦੇ ਵਟਸਐਪ ਗਰੁੱਪ ਵਿਚ ਕਿਸੇ ਵੀ ਆੜਤੀਏ ਨੇ ਆਪਣੀ ਕਾਰੋਬਾਰ ਨਾਲ ਜੁੜੀ ਨਿੱਜੀ ਜਾਂ ਸਾਂਝੀ ਮੁਸ਼ਕਿਲ ਪਾ ਦਿੱਤੀ ਹੋਵੇ ਤਦ ਉਨ੍ਹਾਂ ਨੇ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੇ ਯਤਨ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੋਈ ਇਕ ਆੜਤੀਆਂ ਹੱਥ ਖੜਾ ਕਰਕੇ ਦੱਸ ਦੇਵੇ ਕਿ ਉਨ੍ਹਾਂ ਨੇ ਗਰੁੱਪ ਵਿਚ ਕੋਈ ਸੁਨੇਹਾ ਪਾਇਆ ਹੋਵੇ ਤੇ ਉਸ ਦਾ ਹੱਲ ਨਾ ਹੋਇਆ ਹੋਵੇ ਤਦ ਉਹ ਕੱਚੇ ਘੜੇ ਪਾਣੀ ਭਰਨ ਨੂੰ ਤਿਆਰ ਹਨ। ਹੁਣ ਵੇਖਣਾ ਹੋਵੇਗਾ ਕਿ ਹਰੇਕ ਪੱਖ ਤੋ ਸਮਝਦਾਰ ਕਾਰੋਬਾਰੀ ਇਸ ਚੋਣ ਮਸਲੇ ਨੂੰ ਕਿਵੇਂ ਸੁਲਝਾਉਣਗੇ।