ਰਾਮਪੁਰਾ ਫੂਲ ਵਿਖੇ ਡਾਕਟਰ ਦਾ ਹਸਪਤਾਲ ਬਣਨ ਤੋ ਪਹਿਲਾ ਹੀ ਆਇਆ ਵਿਵਾਦਾਂ ਦੇ ਘੇਰੇ ’ਚ
ਰਾਮਪੁਰਾ ਫੂਲ, (ਘੀਚਰ ਸਿੰਘ ਸਿੱਧੂ) : - ਨਗਰ ਕੌਂਸਲ ਰਾਮਪੁਰਾ ਫੂਲ ਦਾ ਅਖਬਾਰਾਂ ਦੀਆਂ ਸੁਰਖੀਆਂ ਦਾ ਸਿੰਗਾਰ ਬਨਣਾ ਕੋਈ ਨਵੀਂ ਗੱਲ ਨਹੀਂ ਕਿਉਂਕਿ ਇੱਥੇ ਹੋ ਰਹੇ ਘਪਲਿਆਂ ਅਤੇ ਗਲਤ ਕੰਮਾਂ ਕਰਕੇ ਇਹ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ ਇੱਥੇ ਅਕਸਰ ਹੀ ਵੱਡੀ ਪੱਧਰ ਤੇ ਧਾਂਦਲੀਆਂ ਹੁੰਦੀਆਂ ਆਈਆਂ ਹਨ, ਪਰ ਹੁਣ ਭਾਵੇਂ ਆਮ ਜਨਤਾ ਨੂੰ ਉਮੀਦ ਸੀ ਕਿ ਦੋਹਾਂ ਪਾਰਟੀਆਂ ਦੀ ਲੁੱਟ ਖਸੁੱਟ ਤੋਂ ਬਾਅਦ ਸੱਤਾ ਵਿੱਚ ਬਦਲਾਅ ਦੇ ਨਾਮ ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਇੰਨਾਂ ਧਾਂਦਲੀਆਂ ਨੂੰ ਠੱਲ ਜ਼ਰੂਰ ਪਵੇਗੀ ਪ੍ਰੰਤੂ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਇਹ ਲੁੱਟ ਖਸੁੱਟ ਪਹਿਲਾਂ ਵਾਲਿਆਂ ਨਾਲੋਂ ਵੀ ਵੱਧ ਜਾਵੇਗੀ,ਜਦ ਕਿ ਚਾਹੀਦਾ ਇਹ ਸੀ ਕਿ ਪਹਿਲੀਆਂ ਸਰਕਾਰਾਂ ਸਮੇਂ ਹੋਏ ਗਲਤ ਕੰਮਾਂ ਦੀ ਜਾਂਚ ਕਰਵਾਈ ਜਾਂਦੀ ਅਤੇ ਨਵੇਂ ਕੰਮਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾਂਦਾ ਪ੍ਰੰਤੂ ਹੁਣ ਵਾਲੀ ਸਰਕਾਰ ਦੇ ਸਮੇਂ ਹੋਏ ਕੰਮਾਂ ਵਿੱਚ ਵੀ ਵੱਡੀ ਪੱਧਰ ਤੇ ਧਾਂਦਲੀਆਂ ਹੋਈਆਂ ਹਨ ਅਤੇ ਹੋ ਰਹੀਆਂ ਹਨ । ਪਤਾ ਲੱਗਿਆ ਹੈ ਕਿ ਨਗਰ ਕੌਂਸਲ ਦੇ ਛੋਟੇ ਅਹੁਦਿਆਂ ਤੇ ਤਾਇਨਾਤ ਮੁਲਾਜ਼ਮ ਹੀ ਬਾਹਰ ਜਨਤਾ ਨੂੰ ਆਪਣੇ ਆਪ ਨੂੰ ਵੱਡੇ ਅਹੁਦਿਆਂ ਤੇ ਦੱਸ ਕੇ ਅਤੇ ਕੌਂਸਲ ਦੇ ਰਿਟਾਇਰਡ ਮੁਲਾਜ਼ਮ ਜੋਕਿ ਦੁਬਾਰਾ ਕਾਨਟ੍ਰੈਕਟ ਤੇ ਰੱਖੇ ਹੋਏ ਹਨ ਸੱਤਾਧਾਰੀ ਧਿਰ ਦੇ ਆਹੁਦੇਦਾਰਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਗਰ ਕੌਂਸਲ ਵਿੱਚ ਵੱਡੀ ਪੱਧਰ ਤੇ ਜਾਅਲੀ ਬਿੱਲਾਂ ਰਾਹੀਂ ਨਗਰ ਕੌਂਸਲ ਨੂੰ ਵੱਡੀ ਪੱਧਰ ਤੇ ਚੂਨਾ ਲਗਾ ਰਹੇ ਹਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਗਰ ਕੌਂਸਲ ਦੇ ਜਨਰਲ ਕੋਟੇ ਨਾਲ ਸਬੰਧਤ ਮੁਲਾਜ਼ਮਾਂ ਨੂੰ ਪੱਛੜੀਆਂ ਸ਼੍ਰੇਣੀਆਂ ਦੇ ਕੋਟੇ ਅਧੀਨ ਪਦ ਉੱਨਤ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਦੀ ਆਮਦਨ ਦਾ ਮੁੱਖ ਸਰੋਤ ਨਕਸ਼ੇ ਅਤੇ ਪ੍ਰਾਪਰਟੀ ਟੈਕਸ ਹੁੰਦੇ ਹਨ ਪਰ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗਲਤ ਨਕਸ਼ੇ ਪਾਸ ਕਰਕੇ ਅਤੇ ਬਣਦਾ ਪ੍ਰਾਪਰਟੀ ਟੈਕਸ ਵਸੂਲ ਨਾਂ ਕਰਨ ਕਾਰਣ, ਇਸ ਨੂੰ ਬਾਹਰ ਦੀ ਬਾਹਰ ਪ੍ਰਾਪਤ ਕਰਕੇ ਨਗਰ ਕੌਂਸਲ ਨੂੰ ਵੱਡੀ ਪੱਧਰ ਤੇ ਵਿੱਤੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਜਿਵੇਂ ਕਿ
ਬਾਈਪਾਸ ਤੇ ਬਣ ਰਹੇ ਹਸਪਤਾਲਾਂ ਦੇ ਨਕਸ਼ਿਆਂ ਵਿੱਚ ਵੱਡੀ ਪੱਧਰ ਤੇ ਊਣਤਾਈਆਂ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਸਿਆਸੀ ਪ੍ਭਾਵ ਹੇਠ ਨਕਸ਼ੇ ਪਾਸ ਕੀਤੇ ਗਏ ਹਨ ਜਦੋਂ ਕਿ ਇਹ ਨਕਸ਼ੇ ਕਾਨੂੰਨ ਮੁਤਾਬਕ ਪਾਸ ਹੋਣ ਯੋਗ ਨਹੀਂ ਸਨ। ਬਾਈਪਾਸ ਤੇ ਇੱਕ ਡਾਕਟਰ ਵੱਲੋਂ ਜ਼ੋ ਹਸਪਤਾਲ ਦੀ ਬਿਲਡਿੰਗ ਬਣਾਈ ਜਾ ਰਹੀ ਹੈ ਉਸ ਦੀ ਬੇਸਮੈਂਟ ਬਿਲਕੁਲ ਫੂਲ ਰਜਵਾਹੇ ਦੀ ਪਟੜੀ ਦੇ ਨਾਲ ਬਣਾਈ ਗਈ ਹੋਣ ਕਰਕੇ ਨਹਿਰੀ ਮਹਿਕਮੇ ਦੀ ਕੁੱਝ ਸਰਕਾਰੀ ਜਗ੍ਹਾ ਤੇ ਵੀ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਜਦੋਂ ਕਿ ਇਸ ਦਾ ਨਕਸ਼ਾ ਸਿੰਚਾਈ ਵਿਭਾਗ ਦੇ ਇਤਰਾਜ਼ਹੀਣਤਾ ਸਰਟੀਫਿਕੇਟ ਤੋਂ ਬਾਅਦ ਹੀ ਪਾਸ ਕੀਤਾ ਜਾ ਸਕਦਾ ਸੀ ਕਿਉਂਕਿ ਕੈਨਾਲ ਐਕਟ ਦੇ ਮੁਤਾਬਿਕ ਰਜਵਾਹੇ ਦੇ ਬਿਲਕੁਲ ਨਾਲ ਬੇਸਮੈਂਟ ਨਹੀਂ ਬਣ ਸਕਦੀ । ਇਸ ਸਬੰਧੀ ਜਦੋਂ ਸਿੰਚਾਈ ਵਿਭਾਗ ਦੇ ਉੱਪ ਮੰਡਲ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਹਸਪਤਾਲ ਦੀ ਬੇਸਮੈਂਟ ਸਬੰਧੀ ਮਹਿਕਮੇ ਤੋਂ ਕੋਈ ਵੀ ਇਤਰਾਜ਼ਹੀਣਤਾ ਸਰਟੀਫਿਕੇਟ ਨਹੀਂ ਲਿਆ ਗਿਆ, ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਤੋਂ ਇੰਨਾਂ ਨਕਸ਼ਿਆਂ ਅਤੇ ਧਾਂਦਲੀਆਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ, ਜਦੋਂ ਨਗਰ ਕੌਂਸਲ ਦੇ ਪ੍ਰਬੰਧਕ ਐਸ ਡੀ ਐਮ ਫੂਲ ਤੋਂ ਇਸ ਸਬੰਧੀ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਪਰੰਤੂ ਇਸ ਸਬੰਧ ਵਿੱਚ ਜਦੋਂ ਸਮਾਜਸੇਵੀ ਜਨ ਕਲਿਆਣ ਸਭਾ ਰਾਮਪੁਰਾ ਫੂਲ ਦੇ ਪ੍ਰਧਾਨ ਸੀਤਾਰਾਮ ਦੀਪਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਗਰ ਕੌਂਸਲ ਦੇ ਕਰੋੜਾਂ ਦੇ ਘਪਲਿਆਂ ਸਬੰਧੀ ਅਨੇਕਾਂ ਲਿਖਤੀ ਦਰਖਾਸਤਾਂ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਹੋਈਆਂ ਹਨ ਪ੍ਰੰਤੂ ਅਫ਼ਸੋਸ ਮਹਿਕਮੇ ਦੇ ਉੱਚ ਅਧਿਕਾਰੀ ਅਤੇ ਮਹਿਕਮੇ ਦਾ ਚੌਕਸੀ ਵਿਭਾਗ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ। ਉਸ ਨੂੰ ਕਦੇ ਵੀ ਲੱਖਾਂ ਰੁਪਏ ਦਾ ਘਪਲਾ ਇਸ ਨਗਰ ਕੌਂਸਲ ਵਿੱਚੋਂ ਨਜਰੀ ਨਹੀਂ ਆਇਆ ਜੋ ਕਿ ਭਗਵੰਤ ਮਾਨ ਸਰਕਾਰ ਦੀ ਪਾਰਦਰਸ਼ਤਾ ਤੇ ਵੱਡਾ ਸੁਆਲੀਆ ਚਿੰਨ੍ਹ ਹੈ।