ਤਪਾ ਵਿਚ ਗੰੁਡਾਗਰਦੀ ਦਾ ਨੰਗਾ ਨਾਚ, ਫਲ ਫਰੂਟ ਵੇਚਣ ਵਾਲੇ ਰੇਹੜੀ ਵਾਲੇ ਦਾ ਕਤਲ
ਤਪਾ ਮੰਡੀ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ, ਸਥਾਨਕ ਸ਼ਹਿਰ ਅੰਦਰ ਪਿਛਲੇ ਕੁਝ ਦਿਨ ਤੋ ਗੁੰਡਾਗਰਦੀ ਦਾ ਨੰਗਾ ਨਾਚ ਚਲ ਰਿਹਾ ਹੈ, ਜਿਸ ਕਾਰਨ ਅੱਧੀ ਦਰਜਣ ਦੇ ਕਰੀਬ ਲੜਾਈਆ ਝਗੜਿਆਂ ਦੇ ਚਲਦਿਆਂ ਬੀਤੇ ਕੱਲ ਕੌਮੀ ਮਾਰਗ ‘ਤੇ ਸਥਿਤ ਬਾਜੀਗਰ ਬਰਾਦਰੀ ਨਾਲ ਸਬੰਧਤ ਇਕ ਫਲ ਫਰੂਟ ਦੀ ਰੇਹੜੀ ਲਾਉਣ ਵਾਲੇ ਨੌਜਵਾਨ ਨੂੰ ਦਿਨ ਦਿਹਾੜੇ ਕੁਝ ਬਾਹਰਲੇ ਨੌਜਵਾਨਾਂ ਨੇ ਤੇਜਧਾਰ ਮਾਰੁੂ ਹਥਿਆਰਾਂ ਨਾਲ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ, ਜਿਹੜਾ ਜਖਮਾਂ ਦੀ ਤਾਬ ਨਾ ਝਲਦਾ ਹੋਇਆ ਆਖਿਰ ਦਮ ਤੋੜ ਗਿਆ। ਸ਼ਹਿਰ ਦੇ ਐਨ ਵਿਚਕਾਰ ਦੀ ਲੰਘਣ ਵਾਲੇ ਨਾਮਦੇਵ ਰੋਡ (ਮੋਗਾ ਸਿਰਸਾ) ਸੜਕ ’ਤੇ ਪੀੜਿਤ ਪਰਿਵਾਰ ਨੇ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਧਰਨਾ ਲਾ ਦਿੱਤਾ। ਪੀੜਿਤ ਦੇ ਹੱਕ ਵਿਚ ਨਿੱਤਰੇ ਭਾਈਚਾਰੇ ਦੇ ਲੋਕਾਂ ਅਤੇ ਸਾਬਕਾ ਕੌਸਲਰ ਨੇਕ ਰਾਮ ਅਤੇ ਪੀੜਿਤ ਦੇ ਚਚੇਰੇ ਭਰਾ ਗੁਰਦੀਪ ਕੁਮਾਰ ਨੇ ਦੱਸਿਆਂ ਕਿ ਅਮਨਦੀਪ ਸਿੰਘ ਪੁੱਤਰ ਸਰੂਪ ਚੰਦ ਵਾਸੀ ਬਾਜੀਗਰ ਬਸਤੀ ਪਿਛਲੇ ਕਈ ਸਾਲਾਂ ਤੋ ਕੋਮੀ ਮਾਰਗ ’ਤੇ ਫਲ ਫਰੂਟ ਵੇਚਣ ਦਾ ਕੰਮ ਕਰਦਾ ਹੈ, ਬੀਤੇ ਕੱਲ ਕੁਝ ਨੋਜਵਾਨ ਉਸ ਦੀ ਰੇਹੜੀ ‘ਤੇ ਫਲ ਖਰੀਦਣ ਆਏ, ਜਿਨ੍ਹਾਂ ਨੇ ਫਲ ਲੈ ਕੇ ਪੈਸੇ ਦੇਣ ਤੋ ਇਨਕਾਰ ਕਰ ਦਿੱਤਾ। ਜਿਸ ਦੇ ਚਲਦਿਆਂ ਦੋਵੇ ਧਿਰਾਂ ਵਿਚ ਹੋਈ ਤਕਰਾਰ ਤੋ ਬਾਅਦ ਕਥਿਤ ਤੋਰ ’ਤੇ ਉਨ੍ਹਾਂ ਨੇ ਅਮਦੀਪ ਸਿੰਘ ’ਤੇ ਮਾਰੂ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਜਦਕਿ ਝਗੜਾ ਕਰਨ ਵਾਲਿਆਂ ਨੇ ਉਸ ਦੇ ਭਰਾ ਗਗਨ ਅਤੇ ਬਾਣੀਆ ਨਾਂਅ ਦੇ ਨੋਜਵਾਨ ਨੂੰ ਵੀ ਜਖਮੀ ਕਰ ਦਿੱਤਾ, ਜੋ ਇਨ੍ਹਾਂ ਨੂੰ ਛਡਾਉਦੇ ਸਨ। ਪੀੜਿਤ ਧਿਰ ਨੇ ਅੱਗੇ ਦੱਸਿਆਂ ਕਿ ਜਖਮੀ ਹੋਣ ’ਤੇ ਅਮਨਦੀਪ ਨੂੰ ਹਸਪਤਾਲ ਲੇ ਗਏ, ਪਰ ਉਹ ਜਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਪੀੜਿਤ ਧਿਰ ਨੇ ਇਨਸਾਫ ਲੈਣ ਲਈ ਦਿਨ ਚੜਦਿਆਂ ਹੀ ਸੜਕ ’ਤੇ ਜਾਮ ਲਾ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਲਈ ਸਖਤ ਤੋ ਸਖਤ ਸਜਾ ਦੀ ਮੰਗ ਕੀਤੀ। ਉਧਰ ਕਾਫੀ ਲੰਬੀ ਚਲੀ ਜਦੋ ਜਹਿਦ ਤੋ ਬਾਅਦ ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਵਿਆਕਤੀਆਂ ਸਣੇ ਇਕ ਤਪਾ ਦੇ ਵਿਅਕਤੀ ਖਿਲਾਫ ਵੀ ਮਾਮਲਾ ਦਰਜ ਕਰ ਦਿੱਤਾ ਹੈ। ਜਿਸ ਤੋ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ। ਉਧਰ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਨਿੱਤ ਦਿਨ ਅਜਿਹੀਆ ਗੁੰਡਾਗਰਦੀ ਦੀਆ ਘਟਨਾਵਾਂ ਜਨਮ ਲੈ ਰਹੀਆ ਹਨ। ਜਿਸ ਦੇ ਚਲਦਿਆ ਬੀਤੇ ਕੱਲ ਸਰਕਾਰੀ ਸਕੂਲ ਦੇ ਮੁੱਖ ਦਰਵਾਜੇ ਸਣੇ ਅੰਦਰਲੇ ਬੱਸ ਸਟੈਂਡ ’ਤੇ ਵੀ ਕੁਝ ਸ਼ਰਾਰਤੀ ਅਨਸਰਾਂ ਨੇ ਅਜਿਹੀਆ ਘਟਨਾਵਾਂ ਨੂੰ ਜਨਮ ਦਿੱਤਾ। ਜਿਸ ਕਾਰਨ ਲੋਕਾਂ ਵਿਚ ਭਾਰੀ ਸਹਿਮ ਹੈ।