ਤਪਾ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਨਾਮਜਦ ਤਿੰਨ ਵਿਅਕਤੀਆਂ ਨੂੰ ਕੁਝ ਘੰਟਿਆਂ ਵਿੱਚ ਹੀ ਦਬੋਚਿਆ। ਤਪਾ ਮੰਡੀ, ਲੁਭਾਸ ਸਿੰਘਲਾ/ਵਿਸ਼ਵਜੀਤ ਸ਼ਰਮਾ
ਸਥਾਨਕ ਸ਼ਹਿਰ ਅੰਦਰ ਬੀਤੇ ਕੱਲ ਹੋਏ ਕਤਲ ਦੇ ਮਾਮਲੇ ਨੂੰ ਤਪਾ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਸੁਲਝਾ ਕੇ ਮਾਮਲੇ ਵਿੱਚ ਨਾਮਜਦ ਤਿੰਨੋਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਪ ਪੁਲਿਸ ਕਪਤਾਨ ਗੁਰਵਿੰਦਰ ਸਿੰਘ ਨੇ ਪੱਤਰਕਾਰਾਂ ਦੀ ਇੱਕ ਭਰਵੀਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਮਨਦੀਪ ਸਿੰਘ ਅਤੇ ਗਗਨ ਪੁੱਤਰ ਸਰੂਪ ਚੰਦ ਵਾਸੀ ਬਾਜ਼ੀਗਰ ਬਸਤੀ ਤਪਾ ਕੌਮੀ ਮਾਰਗ ਉੱਪਰ ਫਲ ਫਰੂਟ ਦਾ ਕਾਰੋਬਾਰ ਕਰਦਾ ਹਨ। ਜਿਸ ਦੀ ਦੁਕਾਨ ਉੱਪਰ ਬੀਤੇ ਕੱਲ ਆਥਣ ਵੇਲੇ ਮੋਗਾ ਜਿਲੇ ਨਾਲ ਸੰਬੰਧਿਤ ਦੋ ਵਿਅਕਤੀ ਫਲ ਫਰੂਟ ਲੈਣ ਲਈ ਪੁੱਜੇ ਪਰ ਉਹਨਾਂ ਦਾ ਫਲਾਂ ਦੇ ਭਾਅ ਨੂੰ ਲੈ ਕੇ ਆਪਸ ਵਿੱਚ ਕੋਈ ਤਕਰਾਰ ਹੋ ਗਿਆ। ਜਿਸ ਤੋਂ ਬਾਅਦ ਮੋਗਾ ਜਿਲ੍ਹੇ ਨਾਲ ਸਬੰਧਤ ਦੋਵੇਂ ਨੌਜਵਾਨਾਂ (ਜੋ ਕਥਿਤ ਤੌਰ ਤੇ ਨਸ਼ਾ ਕਰਨ ਦੇ ਵੀ ਆਦੀ ਸਨ) ਨੇ ਤੇਜਧਾਰ ਪੇਚਕਸ ਨਾਲ ਅਮਨਦੀਪ ਸਿੰਘ ਅਤੇ ਉਸਦੇ ਭਰਾ ਗਗਨ ਸਣੇ ਬਾਣੀਏ ਨਾਂਅ ਦੇ ਇਕ ਵਿਅਕਤੀ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਵਿੱਚ ਅਮਨਦੀਪ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਡੀਐਸਪੀ ਗੁਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਘਟਨਾ ਦਾ ਪਤਾ ਲੱਗਦੇ ਹੀ ਮੌਕੇ ਤੇ ਪੁਲਿਸ ਪੁੱਜ ਗਈ। ਜਿਨਾਂ ਨੇ ਜਖਮੀਆ ਨੂੰ ਹਸਪਤਾਲ ਪਹੁੰਚਾ ਕਿ ਮਾਮਲੇ ਦੀ ਡੁੰਘਾਈ ਨਾਲ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਨਾਮਜਦ ਕੀਤਾ। ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਸੰਦੀਪ ਸਿੰਘ ਅਤੇ ਸਿਟੀ ਇੰਚਾਰਜ ਕਰਮਜੀਤ ਸਿੰਘ ਨੇ ਨਾਮਜਦ ਵਿਅਕਤੀਆਂ ਨੂੰ ਕੁਝ ਘੰਟਿਆਂ ਬਾਅਦ ਹੀ ਉਹਨਾਂ ਦੇ ਟਿਕਾਣਿਆਂ ਤੋਂ ਹਿਰਾਸਤ ਵਿੱਚ ਲਿਆ। ਜਿਨਾਂ ਵਿੱਚ ਜਗਜੀਤ ਸਿੰਘ ਉਰਫ ਜੀਤੀ, ਕਰਨਵੀਰ ਸਿੰਘ ਵਾਸੀ ਜਿਲਾ ਮੋਗਾ ਨੂੰ ਜਿੱਥੇ ਅਮਨਦੀਪ ਸਿੰਘ ਦੇ ਉੱਪਰ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਨਾਮਜਦ ਕੀਤਾ ਹੈ, ਉਥੇ ਹੀ ਗੁਰਦਰਸ਼ਨ ਸਿੰਘ ਵਾਸੀ ਤਪਾ ਨੂੰ ਉਕਤ ਮਾਮਲੇ ਨੂੰ ਭੜ੍ਹਕਾਉਣ ਦੇ ਦੋਸ਼ਾਂ ਤਹਿਤ ਨਾਮਜਦ ਕਰਕੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਉਕਤ ਹਮਲਾਵਾਰਾਂ ਤੋਂ ਪੇਚਕਸ, ਮੋਟਰਸਾਈਕਲ ਅਤੇ ਕਿਰਚ ਬਰਾਮਦ ਕਰਵਾਉਣੀ ਹੈ। ਜਿਸ ਲਈ ਪੁਲਿਸ ਇਹਨਾਂ ਤੋਂ ਡੁੰਘਾਈ ਨਾਲ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਉਕਤ ਵਾਪਰੀ ਘਟਨਾ ਤੋਂ ਬਾਅਦ ਪੀੜਿਤ ਪਰਿਵਾਰ ਨੇ ਸੜਕ ਉੱਤੇ ਜਾਮ ਲਗਾ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਛੇਤੀ ਵਿੱਚ ਹੀ ਨਾਮਜਦ ਤਿੰਨੋਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਚੁੱਕ ਲਿਆ। ਇਸ ਮੌਕੇ ਡੀਐਸਪੀ ਦਫਤਰ ਦੇ ਰੀਡਰ ਜਗਤਾਰ ਸਿੰਘ ਅਤੇ ਧਰਮਿੰਦਰ ਸਿੰਘ ਵੀ ਹਾਜ਼ਰ ਸਨ।