ਤਪਾ ਪੁਲਿਸ ਨੇ ਫਿਰੋਜ਼ਪੁਰ ਦੇ ਚੋਰ ਗਿਰੋਹ ਨੂੰ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹ 'ਚੋ ਲਿਆਂਦਾ, ਵੱਡੇ ਇੰਕਸਾਫ ਹੋਣ ਦੀ ਸੰਭਾਵਨਾ ਬਣੀ
ਤਪਾ ਮੰਡੀ (ਲੁਭਾਸ ਸਿੰਗਲਾ/ਵਿਸ਼ਵਜੀਤ ਸ਼ਰਮਾ)-ਸਥਾਨਕ ਸ਼ਹਿਰ ਅੰਦਰ ਬੀਤੇ ਡੇਢ ਕੁ ਮਹੀਨੇ ਪਹਿਲਾਂ ਅੱਧੀ ਦਰਜ਼ਨ ਦੁਕਾਨਦਾਰਾਂ ਦੇ ਇੱਕੋ ਰਾਤ ਹੋਈਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਫਿਰੋਜ਼ਪੁਰੀਏ ਚੋਰ ਪੁਲਿਸ ਦੇ ਹੱਥ ਚੜ ਗਏ ਹਨ। ਜਿਸ ਦੇ ਸਬੰਧ ਵਿੱਚ ਉਪ ਪੁਲਿਸ ਕਪਤਾਨ ਗੁਰਵਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਤਪਾ ਸ਼ਹਿਰ ਅੰਦਰ ਪੰਜ ਛੇ ਅਗਸਤ ਦੀ ਦਰਮਿਆਨੀ ਰਾਤ ਨੂੰ ਮੈਡੀਕਲ ਸਟੋਰ, ਮੋਬਾਈਲ ਦੁਕਾਨ ਅਤੇ ਇੱਕ ਮਨਿਆਰੀ ਦੀ ਦੁਕਾਨ ਉੱਪਰ ਹੋਈਆਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਜੋ ਕਿ ਫਿਰੋਜ਼ਪੁਰ ਤੋਂ ਸਵਿਫਟ ਕਾਰ ਰਾਹੀਂ ਮਾਲਵੇ ਦੀਆਂ ਮੰਡੀਆਂ ਸਣੇ ਪੰਜਾਬ ਭਰ ਵਿੱਚ ਦਰਜਨਾਂ ਸ਼ਹਿਰਾਂ ਵਿਚਲੇ ਕਾਰੋਬਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਉਕਤ ਗਿਰੋਹ ਦੇ ਮੈਂਬਰ ਪਹਿਲਾਂ ਦਿਨ ਦਿਨ ਵੇਲੇ ਰੈਕੀ ਕਰਕੇ ਪੂਰੇ ਵੇਰਵੇ ਇਕੱਠੇ ਕਰਦੇ ਸਨ ਜਦ ਕਿ ਉਕਤ ਗਿਰੋ ਜਿਆਦਾਤਰ ਨਕਦੀ ਨੂੰ ਹੀ ਚੋਰੀ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ ਕਿਉਂਕਿ ਉਕਤ ਗਿਰੋਹ ਦੇ ਮੈਂਬਰ ਕਥਿਤ ਤੌਰ ਤੇ ਨਸ਼ਾ ਕਰਨ ਦੇ ਆਦੀ ਹਨ। ਪੁਲਿਸ ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀ ਐਨੇ ਸ਼ਾਤਰ ਦਿਮਾਗ ਦੇ ਸਨ ਕਿ ਵਾਰ-ਵਾਰ ਗੱਡੀ ਉੱਪਰ ਫਰਜੀ ਨੰਬਰ ਲਗਾਉਂਦੇ ਸਨ। ਉਪ ਪੁਲਿਸ ਕਪਤਾਨ ਗੁਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਫਿਰੋਜ਼ਪੁਰ ਦਾ ਉਕਤ ਚੋਰ ਗਿਰੋਹ ਇੱਕ ਹੰਢਿਆ ਹੋਇਆ ਗਿਰੋਹ ਹੋਏ ਹੈ। ਜਿੰਨਾ ਉੱਪਰ ਸੰਨ 2024 ਵਿੱਚ ਹੀ 24 ਪਰਚੇ ਦਰਜ ਹੋ ਚੁੱਕੇ ਹਨ ਜਦਕਿ ਇਨਾ ਖਿਲਾਫ ਵੱਖ ਵੱਖ ਅਦਾਲਤਾਂ ਅੰਦਰ ਸੈਂਕੜੇ ਮਾਮਲੇ ਸਰਕਾਰ ਬਨਾਮ ਚੱਲ ਰਹੇ ਹਨ। ਡੀਐਸਪੀ ਗੁਰਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਸੰਗਰੂਰ ਪੁਲਿਸ ਨੇ ਪਿਛਲੇ ਦਿਨੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿੱਥੇ ਇਹਨਾਂ ਨੇ ਤਪਾ ਵਿਖੇ ਹੋਈਆਂ ਚੋਰੀ ਦੀਆਂ ਘਟਨਾਵਾਂ ਬਾਰੇ ਵੀ ਮੰਨਿਆ।ਜਿਸ ਦੇ ਚਲਦਿਆਂ ਹੀ ਹੁਣ ਇਹਨਾਂ ਨੂੰ ਤਪਾ ਪੁਲਿਸ ਵੱਲੋਂ ਪ੍ਰੋਟਕਸ਼ਨ ਵਾਰੰਟ ਉੱਪਰ ਲਿਆਂਦਾ ਗਿਆ ਹੈ। ਜਿਨਾਂ ਤੋਂ ਪੁੱਛ ਪੜਤਾਲ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਵਾਰੰਟ ਉੱਪਰ ਲਿਆਂਦੇ ਵਿਅਕਤੀਆਂ ਨਸਰ ਕਰਦਿਆਂ ਦਸਿਆ ਰਵੀ ਪੁੱਤਰ ਮੋਹਨ ਲਾਲ ਵਾਸੀ ਫਿਰੋਜ਼ਪੁਰ, ਕਰਮਵੀਰ ਉਰਫ ਸੋਨੂ ਪੁੱਤਰ ਅਰਜਨ ਲਾਲ ਵਾਸੀ ਫਿਰੋਜ਼ਪੁਰ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਮੁਨਸ਼ੀ ਰਾਮ ਵਾਸੀ ਫਿਰੋਜ਼ਪੁਰ,ਮਣੀ ਪੁੱਤਰ ਮੁਰਾਦ ਵਾਸੀ ਫਿਰੋਜ਼ਪੁਰ ਅਤੇ ਜਗਸੀਰ ਸਿੰਘ ਸੀਰਾ ਵਾਸੀ ਫਿਰੋਜ਼ਪੁਰ ਹਨ। ਉਪ ਪੁਲਿਸ ਕਪਤਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਨਾਮਜਦ ਵਿਅਕਤੀਆਂ ਦੇ ਮਿਲ ਜਾਣ ਤੋਂ ਬਾਅਦ ਕਾਰੋਬਾਰੀਆਂ ਲਈ ਇਹ ਸਕੂਨ ਭਰੀ ਖਬਰ ਹੈ ਕਿਉਂਕਿ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਪੁਲਿਸ ਦੀ ਹਿਰਾਸਤ ਵਿੱਚ ਆ ਗਏ ਹਨ। ਜਿੰਨਾ ਤੋਂ ਪੁੱਛਗਿੱਛ ਦੌਰਾਨ ਕਾਫੀ ਇੰਕਸਾਫ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਥਾਣਾ ਮੁਖੀ ਸੰਦੀਪ ਸਿੰਘ ਸਿਟੀ ਇੰਚਾਰਜ ਕਰਮਜੀਤ ਸਿੰਘ, ਬਲਜੀਤ ਸਿੰਘ ਸਹਾਇਕ ਥਾਣੇਦਾਰ, ਗੁਰਪਿਆਰ ਸਿੰਘ ਵੀ ਹਾਜਿਰ ਸਨ।