ਢਿਲਵਾਂ ਨਾਭਾ ਵਿਖੇ ਸਰਪੰਚੀ ਦੀ ਚੋਣ ਵੱਡੇ ਘਰਾਂ ਲਈ ਮੁੱਛ ਦਾ ਸਵਾਲ ਬਣੀ
ਤਪਾ ਮੰਡੀ 30 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ, ਕੁਮਾਰ ਵਿਸ਼ਵਜੀਤ) :- ਜਿਲਾ ਬਰਨਾਲਾ ਦੇ ਬਲਾਕ ਸਹਿਣਾ ਅਧੀਨ ਪੈਂਦੇ ਪਿੰਡ ਢਿਲਵਾਂ ਨਾਭਾ ਵਿਖੇ ਸਰਪੰਚ ਦੀ ਚੋਣ ਵੱਡੇ ਘਰਾਂ ਲਈ ਮੁੱਛ ਦਾ ਸਵਾਲ ਬਣ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਰਪੰਚੀ ਦੀ ਚੋਣ ਵਿਚ ਮੁਢਲੇ ਦੌਰ ਦੌਰਾਨ ਹੀ ਪਿੰਡ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਢਿਲਵਾਂ ਨੇ ਜਿੱਥੇ ਚੋਣ ਲੜਨ ਦਾ ਐਲਾਨ ਕੀਤਾ, ਉਥੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਚੋਣਾਂ ਦੀ ਉਡੀਕ ਕਰ ਰਹੇ ਕੌਡਾ ਪਰਿਵਾਰ ਦੇ ਫਰਜੰਦ ਕੁਲਵਿੰਦਰ ਸਿੰਘ ਕਿੰਦੀ ਨੇ ਵੀ ਚੋਣਾਂ ਦਾ ਐਲਾਣ ਹੁੰਦਿਆਂ ਹੀ ਚੋਣ ਅਖਾੜਾ ਮਲ ਲਿਆ। ਇਨਾਂ ਦੋਵੇਂ ਜਰਨਲ ਸ੍ਰੇਣੀ ਦੇ ਉਮੀਦਵਾਰਾਂ ਨੂੰ ਸਾਹਮਣਿਓ ਸਿਆਸੀ ਟੱਕਰ ਦੇਣ ਵਾਲੇ ਗੁਰੂ ਘਰ ਦੇ ਸਾਬਕਾ ਪ੍ਰਧਾਨ ਗੁਰਜੰਟ ਸਿੰਘ ਢਿਲਵਾਂ (ਮੌਜੂਦਾ ਸਰਪੰਚ ਦਾ ਪਤੀ) ਨੇ ਵੀ ਚੋਣ ਲੜਣ ਦਾ ਬਿਗਲ ਵਜਾ ਦਿੱਤਾ ਹੈ। ਮੁੱਢਲੇ ਦੌਰ ਦੀਆਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਸਾਬਕਾ ਸਰਪੰਚ ਗੁਰਨਾਮ ਸਿੰਘ ਅਤੇ ਕੁਲਵਿੰਦਰ ਸਿੰਘ ਕਿੰਦੀ ਵੱਲੋਂ ਚੋਣ ਅਖਾੜਾ ਪੂਰੀ ਤਰ੍ਹਾਂ ਭਖਾ ਦਿੱਤਾ ਹੈ, ਦੋਵਾਂ ਹੀ ਉਮੀਦਵਾਰਾਂ ਸਣੇ ਉਨ੍ਹਾਂ ਦੇ ਸਪੋਰਟਰਾਂ ਨੇ ਪਿੰਡ ਦੇ ਲੋਕਾਂ ਦੇ ਦਰਾਂ ਤੱਕ ਪੁੱਜਣਾ ਸੁਰੂ ਕਰ ਦਿੱਤਾ ਹੈ ਭਾਵੇਂ ਇਹ ਚੋਣ ਪੰਜਾਬ ਸਰਕਾਰ ਵੱਲੋਂ ਨਵੇਂ ਪਾਸ ਕੀਤੇ ਕਾਨੂੰਨ ਅਨੁਸਾਰ ਬਗੈਰ ਸਿਆਸੀ ਚੋਣ ਚਿੰਨ੍ਹ ਦੇ ਭਾਈਚਾਰਕ ਤੌਰ ਤੇ ਲੜੇ ਜਾਣੀ ਹੈ, ਪਰ ਦੋਵੇਂ ਉਮੀਦਵਾਰਾਂ ਲਈ ਇਹ ਚੋਣ ਮੁੱਛ ਦਾ ਸਵਾਲ ਬਣ ਗਈ ਹੈ, ਪਰ ਅਜੇ ਕਈ ਸਿਆਸੀ ਹਵਾਵਾਂ ਨੇ ਹੋਰ ਵੀ ਵਗਣਾ ਹੈ। ਜਿਸ ਕਾਰਨ ਸਿਆਸੀ ਤੌਰ ’ਤੇ ਆਉਦੇਂ ਦਿਨਾਂ ਵਿਚ ਤਸਵੀਰ ਹੋਰ ਵੀ ਸਾਫ ਹੋ ਜਾਵੇਗੀ।
ਸਾਬਕਾ ਸਰਪੰਚ ਗੁਰਨਾਮ ਸਿੰਘ ਢਿਲਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਅਨੇਕਾਂ ਵਿਕਾਸ ਕਾਰਜ ਕਰਵਾਏ ਹਨ, ਹੁਣ ਵੀ ਪਿੰਡ ਵਾਸੀਆਂ ਦਾ ਭਰਪੂਰ ਸਮੱਰਥਣ ਮਿਲ ਰਿਹਾ ਹੈ ਅਤੇ ਹੁਣ ਵੀ ਲੋਕਾਂ ਦੇ ਸਹਿਯੋਗ ਨਾਲ ਜਿੱਤ ਦਰਜ ਕਰਕੇ ਪਿੰਡ ਦੇ ਰਹਿੰਦੇ ਕੰਮ ਨੇਪਰੇ ਚਾੜਾਗੇ।
ਨੌਜਵਾਨ ਉਮੀਦਵਾਰ ਕੁਲਵਿੰਦਰ ਸਿੰਘ ਕਿੰਦੀ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਨੇ ਹੀ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ ਜਦਕਿ ਪਿੰਡ ਦੇ ਲੋਕ ਹੀ ਹੁਣ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਚਲਾ ਰਹੇ ਹਨ, ਜਦਕਿ ਮੁੱਢ ਤੋ ਹੀ ਪਰਿਵਾਰ ਲੋਕਾਂ ਦੀ ਸੇਵਾ ਵਿਚ ਹਾਜਰ ਰਿਹਾ ਹੈ, ਜਦਕਿ ਭਵਿੱਖ ਵਿਚ ਵੀ ਲੋਕਾਂ ਵੱਲੋ ਦਿੱਤੀ ਸੇਵਾ ਨੂੰ ਖੂਬ ਮਨ ਲਾ ਕੇ ਨਿਭਾਇਆ ਜਾਵੇਗਾ।
ਗੁਰਜੰਟ ਸਿੰਘ ਨੇ ਕਿਹਾ ਕਿ ਪਹਿਲਾ ਵੀ ਪਿੰਡ ਦੇ ਕੰਮ ਕੀਤੇ ਹਨ ਅਤੇ ਹੁਣ ਵੀ ਮੌਕਾ ਮਿਲਣ ’ਤੇ ਪਿੰਡ ਦੇ ਕੰਮ ਸਰਕਾਰ ਤੋ ਕਰਵਾਏ ਜਾਣਗੇ।