ਤਾਜੋਕੇ ਖੁਰਦ ਵਿਖੇ ਬੀਬਾ ਹਰਜਿੰਦਰ ਕੌਰ ਨੇ ਡੋਰ ਟੂ ਡੋਰ ਚੋਣ ਮੁਹਿੰਮ ਭਖਾਈ
ਤਪਾ ਮੰਡੀ , ਲੁਭਾਸ਼ ਸਿੰਗਲਾ/ਗੁਰਪੀਤ ਸਿਘ
ਨੇੜਲੇ ਪਿੰਡ ਤਾਜੋਕੇ ਖੁਰਦ ਵਿਖੇ ਬੀਬਾ ਹਰਜਿੰਦਰ ਕੌਰ ਪਤਨੀ ਬੇਅੰਤ ਸਿੰਘ ਬਬਲੀ ਨੇ ਡੋਰ ਟੂ ਡੋਰ ਚੋਣ ਮਹਿਮ ਨੂੰ ਭਖਾ ਦਿੱਤਾ ਹੈ। ਸਰਪੰਚ ਦੀ ਚੋਣ ਲਈ ਉਮੀਦਵਾਰ ਹਰਜਿੰਦਰ ਕੌਰ ਤੇ ਉਹਨਾਂ ਦੇ ਪਤੀ ਬੇਅੰਤ ਸਿੰਘ ਬਬਲੀ ਨੇ ਦੱਸਿਆ ਕਿ ਪਿੰਡ ਅੰਦਰਲੇ ਲਗਭਗ ਸਮੁੱਚੇ ਵੋਟਰਾਂ ਤੱਕ ਉਨਾਂ ਰਾਬਤਾ ਕਾਇਮ ਕਰ ਲਿਆ ਹੈ। ਜਿੰਨ੍ਹਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਉਹਨਾਂ ਅੱਗੇ ਦੱਸਿਆ ਕਿ ਬੇਸ਼ੱਕ ਇਹ ਚੋਣਾਂ ਭਾਈਚਾਰਕ ਤੌਰ ਤੇ ਹੋਣੀਆਂ ਹਨ। ਜਿਸ ਕਾਰਨ ਸਮੁੱਚੇ ਪਿੰਡ ਵਾਸੀਆਂ ਦਾ ਉਹਨਾਂ ਨੂੰ ਸਮਰਥਨ ਹਾਸਲ ਹੈ ਪਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਢਾਈ ਸਾਲ ਪਹਿਲਾਂ ਬਣੀ ਸਰਕਾਰ ਵਿਚ ਉਨ੍ਹਾਂ ਅਨੇਕਾਂ ਕਾਰਜ ਪਿੰਡ ਅੰਦਰ ਕਰਵਾਏ ਹਨ ਜਦਕਿ ਗ੍ਰਾਮ ਪੰਚਾਇਤ ਦੇ ਹੋਂਦ ਵਿਚ ਆਉਣ ਤੋਂ ਬਾਅਦ ਪਿੰਡ ਨੂੰ ਤਰੱਕੀ ਅਤੇ ਵਿਕਾਸ ਨੂੰ ਸਿਖਰਾਂ ਤੱਕ ਲਿਜਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਹਨਾਂ ਇਹ ਵੀ ਕਿਹਾ ਕਿ ਪਿੰਡ ਅੰਦਰ ਨਰੇਗਾ ਸਕੀਮ ਤਹਿਤ ਚੱਲ ਰਹੇ ਕੰਮ ਲਈ ਹੋਰ ਵਧੇਰੇ ਫੰਡ ਲਿਆਉਣਾ ਉਨਾ ਦਾ ਪ੍ਰਮੁੱਖ ਮੰਤਵ ਹੋਵੇਗਾ ਤਾਂ ਜੋ ਨਰੇਗਾ ਨਾਲ ਜੁੜੇ ਲੋਕਾਂ ਨੂੰ ਵੱਧ ਤੋਂ ਵੱਧ ਰੁਜਗਾਰ ਮਿਲ ਸਕੇ ਅਤੇ ਲੋੜੀਦੇ ਹੋਰਨਾਂ ਲੋਕਾਂ ਦੇ ਨਰੇਗਾ ਦੇ ਜਾਬ ਕਾਰਡ ਵੀ ਬਣਾਏ ਜਾਣਗੇ। ਬਬਲੀ ਤਾਜੋ ਨੇ ਕਿਹਾ ਕਿ ਪਿੰਡ ਅੰਦਰਲੇ ਕੱਚੇ ਘਰਾਂ ਸਣੇ ਲੋੜਵੰਦ ਪਰਿਵਾਰਾਂ ਨੂੰ ਪੱਕੀ ਛੱਤ ਦੇਣ ਦੇ ਮੰਤਵ ਤਹਿਤ ਉਹ ਸਮੁੱਚੇ ਯੋਗ ਲਾਭਪਾਤਰੀਆਂ ਤੱਕ ਸਕੀਮ ਨੂੰ ਪਹੁੰਚਦਾ ਕਰਨਗੇ ਜਦਕਿ ਸਰਕਾਰੀ ਸਕੀਮਾਂ ਨੂੰ ਹਰੇਕ ਪਿੰਡ ਵਾਸੀ ਤੱਕ ਪਹੁੰਚਾਉਣ ਨੂੰ ਆਪਣਾ ਫਰਜ ਸਮਝਣਗੇ। ਉਹਨਾਂ ਇਹ ਵੀ ਕਿਹਾ ਕਿ ਪਿੰਡ ਅੰਦਰ ਪੀਣ ਵਾਲੇ ਪਾਣੀ ਨੂੰ ਮੁਹੱਈਆ ਕਰਵਾਉਣ ਦੇ ਨਾਲੋ ਨਾਲ ਡਿਸਪੈਂਸਰੀ ਵਿਚ ਲੋੜੀਦਾ ਸਟਾਫ। ਪਿੰਡ ਦੇ ਸਕੂਲ ਨੂੰ ਅਪਗਰੇਡ ਕਰਨ ਲਈ ਬਣਦੇ ਯਤਨ ਅਤੇ ਲੋੜਵੰਦ ਲਾਭਪਾਤਰੀਆਂ ਦੇ ਆਟਾ ਕਣਕ ਸਕੀਮ ਦੇ ਕਾਰਡ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਉਹਨਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਉਨਾਂ ਦਾ ਖੁੱਲ ਕੇ ਸਮਰਥਨ ਕੀਤਾ ਜਾ ਰਿਹਾ ਹੈ। ਜਿਸਦੇ ਚਲਦਿਆਂ ਹੀ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਇਹਨਾਂ ਚੋਣਾਂ ਵਿਚ ਵੱਡੀ ਜਿੱਤ ਦਰਜ ਕਰਨਗੇ। ਇਸ ਮੌਕੇ ਪਿੰਡ ਵਾਸੀ ਵੀ ਹਾਜਰ ਸਨ।