ਕਾਂਗਰਸ ਹਾਈਕਮਾਂਡ ਨੇ ਬਰਨਾਲਾ ਹਲਕੇ ਦੀ ਚੋਣ ਮੁਹਿੰਮ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਸੌਂਪੀ
ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਂਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ- ਬਲਬੀਰ ਸਿੱਧੂ
ਬਰਨਾਲਾ 1 ਨਵੰਬਰ (ਲੁਭਾਸ਼ ਸਿੰਗਲਾ/ਰੋਹਿਤ ਸਿੰਗਲਾ) - : ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਬਰਨਾਲਾ ਵਿਧਾਨ ਸਭਾ ਹਲਕੇ ਲਈ 13 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਪਾਰਟੀ ਦੀ ਚੋਣ ਮੁਹਿੰਮ ਦੀ ਵਾਗਡੋਰ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਸੰਭਾਲ ਦਿੱਤੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪੰਜਾਬ ਦੇ ਇੰਚਾਰਜ ਦੇਵਿੰਦਰ ਯਾਦਵ ਵਲੋਂ ਜਾਰੀ ਪੱਤਰ ਵਿਚ ਕਿਹਾ ਕਿ ਪੰਜਾਬ ਦੇ ਸੀ: ਕਾਂਗਰਸ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਬਰਨਾਲਾ ਹਲਕੇ ਦੇ ਚੋਣ ਇੰਚਾਰਜ ਦੇ ਤਾਲਮੇਲ ਨਾਲ ਪਾਰਟੀ ਚੋਣ ਮੁਹਿੰਮ ਦੀ ਵਿਉਂਤਬੰਦੀ ਤੇ ਦੇਖ ਰੇਖ ਕਰਨਗੇ। ਉਧਰ ਕਾਂਗਰਸ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਜ਼ੁੰਮੇਂਵਾਰੀ ਪੂਰੀ ਤਨਦੇਹੀ ਤੇ ਮਿਹਨਤ ਨਾਲ ਨਿਭਾਉਣਗੇ ਅਤੇ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿਲੋ ਦੀ ਜਿਤ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਅੱਗੇ ਕਿਹਾ ਕਿ ਤਪਾ ਮੰਡੀ ਦੇ ਜੰਮਪਲ ਹੋਣ ਕਾਰਨ ਉਹਨਾਂ ਦਾ ਬਰਨਾਲਾ ਹਲਕੇ ਵਿਚ ਚੰਗਾ ਅਧਾਰ ਹੈ ਅਤੇ ਉਹ ਆਪਣੇ ਇਸ ਅਧਾਰ ਦਾ ਲਾਹਾ ਕਾਂਗਰਸ ਪਾਰਟੀ ਦੀ ਇਸ ਹਲਕੇ ਵਿਚ ਮਜ਼ਬੂਤੀ ਲਈ ਲੈਣਗੇ। ਜਿਕਰਯੋਗ ਹੈ ਕਿ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਬਰਨਾਲਾ ਹਲਕਾ ਨੂੰ ਵੱਡੀਆ ਗ੍ਰਾਂਟਾਂ ਵਿਕਾਸ ਲਈ ਦਿੱਤੀਆ ਸਨ ਅਤੇ ਬਰਨਾਲਾ ਹਲਕਾ ਦੇ ਹੰਡਿਆਇਆ ਵਿਖੇ ਉਸ ਵੇਲੇ ਬਣਨ ਵਾਲੇ ਬਹੁਕਰੋੜੀ ਅਤੇ ਬਹੁ ਲੋੜੀ ਸਹੂਲਤਾਂ ਵਾਲੇ ਸਰਕਾਰੀ ਹਸਪਤਾਲ ਨੂੰ ਬਣਾਉਣ ਦੀ ਤਰਤੀਬ ਵੀ ਸਾਬਕਾ ਸਿਹਤ ਮੰਤਰੀ ਸਿੱਧੂ ਨੇ ਹੀ ਬਣਾਈ ਸੀ ਤਾਂ ਜੋ ਬਰਨਾਲਾ ਜਿਲ੍ਹੇਂ ਦੇ ਲੋਕਾਂ ਨੂੰ ਸਿਹਤ ਸਹੂਲਤਾਵਾਂ ਪ੍ਰਦਾਨ ਹੋ ਸਕਣ। ਦੱਸਣਯੋਗ ਹੈ ਕਿ ਬਰਨਾਲਾ ਹਲਕਾ ਅੰਦਰ ਸਾਬਕਾ ਮੰਤਰੀ ਸਿੱਧੂ ਦਾ ਕਾਫੀ ਰਸੂਖ ਹੈ, ਜੋ ਇਸ ਚੋਣ ਨੂੰ ਕਾਂਗਰਸ ਦੇ ਪੱਖ ਵਿਚ ਮੋੜਣ ਲਈ ਸਹਾਇ ਸਿੱਧ ਹੋ ਸਕਦੀ ਹੈ।