ਸਿਹਤ ਪਰਿਵਾਰ ਅਤੇ ਭਲਾਈ ਵਿਭਾਗ ਦੀ ਨਵੀਂ ਜਾਰੀ ਡਾਕਟਰ ਸੂਚੀ ਵਿਚੋ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਤੈਨਾਤ ਹੋਣਗੇ ਦੋ ਮਾਹਿਰ ਡਾਕਟਰ
ਤਪਾ ਮੰਡੀ 7 ਡੇਅ ਨਿੳੂਜ ਸਰਵਿਸ, 26 ਮਾਰਚ :- ਪੰਜਾਬ ਸਰਕਾਰ ਦੇ ਸਿਹਤ ਪਰਿਵਾਰ ਅਤੇ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਆਈ.ਏ.ਐਸ ਦੇ ਦਸਤਖਤਾਂ ਹੇਠ ਜਾਰੀ ਹੋਈ ਪੰਜਾਬ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਅੰਦਰ 255 ਡਾਕਟਰਾਂ ਦੀ ਤੈਨਾਤੀ ਵਿਚੋ ਦੋ ਮਾਹਿਰ ਡਾਕਟਰ ਤਪਾ ਦੇ ਸਬ ਡਵੀਜਨਲ ਹਸਪਤਾਲ ਨੂੰ ਵੀ ਮਿਲੇ ਹਨ ਜਦਕਿ ਡਾਕਟਰਾਂ ਦੀਆ ਉਕਤ ਤੈਨਾਤੀਆਂ ਪੰਜਾਬ ਸਰਕਾਰ ਵੱਲੋ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ ਅਧੀਨ ਮੈਡੀਕਲ ਕਾਲਜਾਂ ਤੋਂ ਪੀ.ਜੀ. (ਪੋਸਟ ਗਰੈਜੂਏਟ) ਪਾਸ ਹੋਣ ਉਪਰੰਤ ਬਾਂਡਿਡ ਸਰਕਾਰੀ ਸੇਵਾ, ਸਿਹਤ ਵਿਭਾਗ ਵਿਚ ਕਰਵਾਉਣ ਸਬੰਧੀ ਕੀਤੀਆ ਗਈਆ ਹਨ। ਪੰਜਾਬ ਸਰਕਾਰ ਵੱਲੋ ਜਾਰੀ ਕੀਤੀ ਸੂਚੀ ਵਿਚ ਤਪਾ ਦੇ ਸਬ ਡਵੀਜਨਲ ਹਸਪਤਾਲ ਅੰਦਰ ਅਪ੍ਰੇਸ਼ਨਾਂ ਦੇ ਮਾਹਿਰ ਡਾ ਓਕਾਰ ਬੱਤਸ ਅਤੇ ਔਰਤ ਰੋਗਾਂ ਦੀ ਮਾਹਿਰ ਡਾ ਰਾਵਿੰਦਰ ਕੌਰ ਨੂੰ ਤੈਨਾਤ ਕੀਤਾ ਗਿਆ ਹੈ, ਜੋ ਭਲਕੇ ਆਪਣੇ ਅਹੁਦੇ ਸੰਭਾਲ ਲੈਣਗੇ। ਉਧਰ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਵਾਂ ਦੇਣਾ ਹੈ। ਜਿਸ ਦੇ ਚਲਦਿਆਂ ਹੀ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਡਾਕਟਰਾਂ ਦੀਆ ਅਸਾਮੀਆ ਪੂਰੀਆ ਕਰਨ ਲਈ ਉਹ ਲਗਾਤਾਰ ਸਿਹਤ ਮੰਤਰੀ ਡਾ ਬਲਵੀਰ ਸਿੰਘ ਨਾਲ ਰਾਬਤਾ ਕਾਇਮ ਰੱਖਦੇ ਹਨ। ਉਧਰ ਹਸਪਤਾਲ ਅੰਦਰ ਨਵੇਂ ਡਾਕਟਰਾਂ ਦੀ ਤੈਨਾਤੀ ਦਾ ਕੈਮਿਸਟ ਐਸੋਸੀਏਸ਼ਨ ਦੇ ਬੁਲਾਰੇ ਅਤੇ ਸਟੇਟ ਐਵਾਰਡੀ ਪਵਨ ਕੁਮਾਰ ਬਤਾਰਾ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਤਪਾ ਹਸਪਤਾਲ ਅੰਦਰ ਕਰੀਬ 50 ਕਿਲੋਮੀਟਰ ਤੱਕ ਦੇ ਮਰੀਜ ਲਾਹਾ ਲੈ ਰਹੇ ਹਨ ਕਿਉਕਿ ਹਸਪਤਾਲ ਅੰਦਰ ਤੈਨਾਤ ਕਈ ਮਾਹਿਰ ਡਾਕਟਰਾਂ ਦੀ ਇਲਾਜ ਪੱਖ ਤੋ ਦੂਰ ਦੁਰੇਡੇ ਤੱਕ ਪ੍ਰਸਿੱਧੀ ਹੈ ਅਤੇ ਹੁਣ ਦੋ ਨਵੇਂ ਡਾਕਟਰਾਂ ਦੀ ਤੈਨਾਤੀ ਦਾ ਮਰੀਜਾਂ ਨੂੰ ਹੋਰ ਵੀ ਵਧੇਰੇ ਲਾਭ ਮਿਲੇਗਾ। ਜਿਕਰਯੋਗ ਹੈ ਕਿ ਉਕਤ ਹਸਪਤਾਲ ਅੰਦਰ ਦਰਜਣਾਂ ਪਿੰਡਾਂ ਦੇ ਲੋਕ ਇਲਾਜ ਲਈ ਪੁੱਜਦੇ ਹਨ।