ਕਣਕ ਦੀ ਫਸਲ ਨੇ ਆਉਣ ਤੋ ਪਹਿਲਾ ਹੀ ਆੜਤੀਆਂ ਦੇ ਬੁੱਲਾਂ ’ਤੇ ਨੇ ਸਿੱਕਰੀ ਲਿਆਂਦੀ,
ਚੰਡੀਗੜ੍ਹ 31 ਮਾਰਚ (ਲੁੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਪੰਜਾਬ ਵਿਚ ਪਹਿਲੀ ਅਪ੍ਰੈਲ ਤੋ ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਕਿਉਕਿ ਪੰਜਾਬ ਸਰਕਾਰ ਵੱਲੋ ਪਹਿਲੀ ਅਪ੍ਰੈਲ ਤੋ ਕਣਕ ਦੀ ਖਰੀਦ ਕਰਨ ਲਈ ਸਰਕਾਰੀ ਪ੍ਰਬੰਧ ਮੁੰਕਮਲ ਕਰ ਲਏ ਗਏ ਹਨ। ਜਿਸ ਕਾਰਨ ਖਰੀਦ ਨਾਲ ਸਬੰਧਤ ਸਰਕਾਰੀ ਅਮਲਾ ਪੱਬਾਂ ਭਾਰ ਹੋਇਆ ਫਿਰਦਾ ਹੈ, ਪਰ ਕਣਕ ਨੂੰ ਖਰੀਦ ਕੇਂਦਰਾਂ ਅੰਦਰ ਲਿਆਉਣ ਲਈ ਸਭ ਤੋ ਵੱਡਾ ਰੋਲ ਨਿਭਾਉਣ ਵਾਲੇ ਕੱਚਾ ਆੜਤੀਆਂ ਦੇ ਬੁੱਲਾਂ ’ਤੇ ਇਸ ਵਾਰ ਝੋਨੇ ਤੋ ਬਾਅਦ ਦੂਜੀ ਫਸਲ ਨੇ ਸਿੱਕਰੀ ਲਿਆ ਦਿੱਤੀ ਹੈ, ਝੋਨੇ ਦੀ ਫਸਲ ਦੇ ਝੰਬੇਂ ਆੜਤੀਆਂ ਨੇ ਛੇ ਮਹੀਨੇ ਪਹਿਲਾ ਸਾਉਣੀ ਦੀ ਫਸਲ ਆਉਣ ’ਤੇ ਪਿਛਲੇ 2023/24 ਵਿਚ ਚੋਲ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਨੂੰ ਪਏ ਕਰੋੜਾਂ ਰੁਪੈ ਦੇ ਘਾਟੇ ਕਾਰਨ ਝੋਨੇ ਨੂੰ ਆਪਣੀਆ ਮਿੱਲਾਂ ਅੰਦਰ ਨਾ ਲਵਾਉਣ ਦੇ ਲਏ ਫੈਸਲੇ ’ਤੇ ਜਿੱਥੇ ਮਿੱਲ ਮਾਲਿਕਾਂ ਦੇ ਤਰਲੇ ਕੱਢਣ ਲਈ ਮਜਬੂਰ ਕਰ ਦਿੱਤਾ ਸੀ, ਉਥੇ ਆਪਣੀ ਲੱਖਾਂ/ਕਰੋੜਾਂ ਰੁਪੈ ਦੀ ਉਗਰਾਹੀ ਡੁੱਬਦੀ ਵੇਖ ਪੱਲਿਓ ਲੈ ਦੇ ਕਰਕੇ ਝੋਨੇ ਨੂੰ ਮਿੱਲਾਂ ਅੰਦਰ ਭੇਜਿਆ ਸੀ, ਭਾਵੇਂ ਲੰਬਾਂ ਸਮਾਂ ਚੰਮ ਦੀਆ ਚਲਾਉਣ ਵਾਲੇ ਇਨ੍ਹਾਂ ਆੜਤੀਏ ਦੀ ਸਾਉਣੀ ਦੀ ਫਸਲ ਵੇਲੇ ’ ਉੱਠ ਪਹਾੜ ਦੇ ਥੱਲੇ ‘ ਆਉਣ ਵਾਲੀ ਕਹਾਵਤ ਵਾਂਗ ਸੀ, ਪਰ ਇਕ ਵਾਰ ’ਚ ਹੀ ਘੀਸੀ ਕਰਵਾ ਦੇਣ ਵਰਗੀ ਇਸ ਕਾਰਵਾਈ ਦੇ ਅੱਗੇ ਤੋ ਵੀ ਨਿਰਵਿਘਨ ਇੰਝ ਹੀ ਚੱਲਣ ਦੇ ਆਸਾਰ ਹਨ ਕਿਉਕਿ ਪੰਜਾਬ ਅੰਦਰ ਚੋਲ ਮਿੱਲਾਂ ਵਿਚ ਲੱਗਿਆ ਝੋਨਾ ਅਜੇ ਵੀ ਮਿੱਲਾਂ ਦਾ ਸਿੰਗਾਰ ਹੀ ਬਣਿਆ ਹੋਇਆ ਹੈ ਜਦਕਿ ਕੇਂਦਰੀ ਪੂਲ ਨੇ ਉਕਤ ਝੋਨੇ ਤੋ ਬਣੇ ਚੋਲ ਨੂੰ ਲੈਣ ਦੀ ਸਪੀਡ ਨੂੰ ਪੱਕੀਆ ਬਰੇਕਾਂ ਮਾਰੀਆ ਹੋਈਆ ਹਨ, ਉਧਰ ਆੜਤੀਆਂ ਨੂੰ ਇਸ ਵਾਰ ਕਣਕ ਦੀ ਫਸਲ ਵੀ ਦੂਸਰ ਪਾਉਦੀ ਨਜਰ ਆ ਰਹੀ ਹੈ, ਭਾਵੇਂ ਸਰਕਾਰਾਂ ਜਿੰਨ੍ਹੀਆਂ ਮਰਜੀਆਂ ਟਾਹਰਾਂ ਮਾਰੀ ਜਾਣ ਪਰ ਕਣਕ ਦੀ ਫਸਲ ਨੂੰ ਲੈ ਕੇ ਜਮੀਨੀ ਪੱਧਰ ’ਤੇ ਅਸਲੀਅਤ ਕੁਝ ਹੋਰ ਹੀ ਹੈ, ਕਿਉਕਿ ਕਣਕ ਨੂੰ ਖਰੀਦ ਕੇਂਦਰ ਵਿਚ ਲਿਆਉਣ ਵਾਲੀ ਧਿਰ ਕਿਸਾਨ ਦੀ ਇਸ ਵਾਰ ਇਸ ਜਿਣਸ ਨੂੰ ਵੇਚਣ ਵਿਚ ਕੋਈ ਦਿਲਚਸਪੀ ਨਹੀ ਹੈ। ਜਿਸ ਦਾ ਪ੍ਰਮੁੱਖ ਕਾਰਨ ਸਰਕਾਰ ਵੱਲੋ ਕਣਕ ਦਾ ਘੱਟੋ ਘੱਟ ਸਮੱਰਥਣ ਮੁੱਲ 2425 ਐਲਾਣਿਆ ਗਿਆ ਹੈ ਜਦਕਿ ਪੂਰੇ ਭਾਰਤ ਅੰਦਰ ਕਣਕ ਦੀਆ ਕੀਮਤਾਂ ਵਿਚ ਪਿਛਲੇ ਛੇ ਮਹੀਨਿਆਂ ਤੋ ਵੱਡਾ ਉਛਾਲ ਵਿਖਾਈ ਦਿੱਤਾ। ਜਿਸ ਕਾਰਨ ਪੰਜਾਬ ਦੀ ਕਣਕ ਤਾਂ 3000 ਰੁਪੈ ਪ੍ਰਤੀ ਕੁਇੰਟਲ ਤੋ ਉਪਰ ਵਿਕ ਚੁੱਕੀ ਹੈ ਜਦਕਿ ਮੱਧ ਪ੍ਰਦੇਸ਼ ਵਰਗੇ ਰਾਜ ਦੀ ‘ ਸ਼ਰਬਤੀ ‘ ਕਿਸਮ ਦੀ ਕਣਕ ਦਾ ਵਪਾਰੀਆਂ ਨੇ 3500 ਪ੍ਰਤੀ ਕੁਇੰਟਲ ਤੱਕ ਮੁੱਲ ਲਾ ਦਿੱਤਾ ਸੀ। ਇਨ੍ਹਾਂ ਵਧੀਆ ਕੀਮਤਾਂ ਕਾਰਨ ਖਰੀਦ ਕੇਂਦਰਾਂ ਅੰਦਰ ਰੋਣਕ ਜਰੂਰ ਘਟੇਗੀ, ਭਾਵੇਂ ਖਰੀਦ ਕੇਂਦਰਾਂ ਅੰਦਰ ਜਿਣਸ ਨਾ ਲਿਆਉਣ ਲਈ ਆੜਤੀਆਂ ਸਾਹਮਣੇ ਕੁਝ ਕਿਸਾਨ ਬਹਾਨੇ ਮਾਰਨਗੇ, ਪਰ ਅਸਲ ਸੱਚ ਕੁਝ ਹੋਰ ਹੀ ਹੋਵੇਗਾ, ਕਿਉਕਿ ਇਸ ਵਾਰ ਆਰਥਿਕ ਪੱਖ ਤੋ ਮਜਬੂਤ ਕਿਸਾਨ ਕਣਕ ਨੂੰ ਸਟੋਰ ਕਰਨ ਨੂੰ ਪਹਿਲ ਦੇਣ ਦੀਆ ਵਿਚਾਰਾਂ ਕਰ ਰਿਹਾ ਹੈ, ਉਥੇ ਆਰਥਿਕ ਪੱਖੋ ਤੋ ਮਾੜਾ ਕਿਸਾਨ ਵੀ ਆਪਣੀ ਸਮਰੱਥਾ ਤੋ ਵੱਧ ਕਣਕ ਦੀ ਫਸਲ ਆਪਣੇ ਘਰ ਆਣੇ ਬਹਾਨੇ ਲਾ ਕੇ ਰੱਖਣ ਨੂੰ ਤਰਜੀਹ ਦੇਵੇਗਾ, ਜਾਂ ਫੇਰ ਕੁਝ ਕਣਕ ਬਾਹਰੋ ਬਾਹਰ ਆਮ ਵਪਾਰੀ ਵੀ ਮੰਡੀ ਬੋਰਡ ਦੇ ਅਧਿਕਾਰੀਆ-ਕਰਮਚਾਰੀਆਂ ਦੀ ਨਜਰ ਤੋ ਬਚ ਕੇ ਰਾਤ ਬਿਰਾਤੇ ਮਹਿੰਗੇ ਭਾਅ ਵਿਚ ਚੁੱਕੇਗਾ। ਜਿਸ ਦੋ ਪੂਰਾ ਆਰਥਿਕ ਅਸਰ ਆੜ੍ਹਤ ਦੇ ਵਪਾਰ ’ਤੇ ਪਵੇਗਾ। ਕਣਕ ਦੇ ਵਧੇ ਭਾਅ ਨੇ ਠੇਕੇ ’ਤੇ ਵਾਹੀ ਕਰਨ ਵਾਲੇ ਕਿਸਾਨਾਂ ਲਈ ਵੀ ਮੁਸੀਬਤਾਂ ਖੜੀਆ ਕੀਤੀਆ ਹਨ ਕਿਉਕਿ ਮਾਲਵੇ ਅੰਦਰ 70 ਹਜਾਰ ਰੁਪੈ ਪ੍ਰਤੀ ਏਕੜ ਠੇਕੇ ’ਤੇ ਚੜੀ ਜਮੀਨ ਦੇ ਠੇਕਾ ਭਾਅ ਵਿਚ ਵੀ ਭਾਰੀ ਉਛਾਲ ਆ ਗਿਆ ਹੈ, ਜੋ ਵਧ ਕੇ 80 ਹਜਾਰ ਤੱਕ ਹੋਣ ਜਾ ਰਿਹਾ ਹੈ ਜਦਕਿ ਕੁਝ ਪਿੰਡਾਂ ਅੰਦਰ ਇਸ ਭਾਅ ਦੀ ਲਿਖਤ ਪੜ੍ਹਤ ਵੀ ਹੋ ਚੁੱਕੀ ਹੈ। ਜਿਸ ਦੇ ਆਰਥਿਕ ਬੋਝ ਨੂੰ ਚੁੱਕਣ ਵਿਚ ਵੀ ਆੜਤੀਏ ਕਿਸਾਨ ਦੇ ਨਾਲੋ ਨਾਲ ਸਫਰ ਕਰਨਗੇ। ਜਿਕਰਯੋਗ ਹੈ ਕਿ ਦੇਸ਼ ਨੂੰ ਅਨਾਜ ਪੱਖੋ ਆਤਮ ਨਿਰਭਰ ਕਰਨ ਵਾਲੇ ਰਾਜ ਪੰਜਾਬ ਦਾ ਪੂਰੇ ਦੇਸ਼ ਨੂੰ ਤਿਹਾਈ ਦੇ ਕਰੀਬ ਕਣਕ ਦਾ ਯੋਗਦਾਨ ਹੈ, ਜਦਕਿ ਪੰਜਾਬ ਹੀ ਇਕਲਾ ਅਜਿਹਾ ਰਾਜ ਹੈ। ਜਿਸ ਦਾ ਕਰੀਬ 82 ਫੀਸਦੀ ਰਕਬਾ ਬਿਜਾਈ ਯੋਗ ਹੈ ਅਤੇ ਉਸਦਾ 98 ਫੀਸਦੀ ਤੋ ਉਪਰ ਰਕਬੇ ਦੀ ਬਿਜਾਈ ਹੁੰਦੀ ਹੈ। ਇਕ ਆੜਤੀਏ ਨੇ ਇਸ ਸਬੰਧ ਵਿਚ ਕਿਹਾ ਕਿ ਸਾਡੀ ਨਵੀਂ ਪਨੀਰੀ ਦੀ ਆੜ੍ਹਤ ਦੇ ਕਾਰੋਬਾਰ ਵਿਚ ਕੋਈ ਦਿਲਚਸਪੀ ਨਹੀ ਹੈ। ਜਿਸ ਕਾਰਨ ਸਾਡੇ ਤੱਕ ਹੀ ਉਕਤ ਵਪਾਰ ਨੂੰ ਚਲਾਇਆ ਜਾਵੇਗਾ, ਇਸ ਦਾ ਭਵਿੱਖ ਵੀ ਕੋਈ ਬੁਹਤਾ ਵਧੀਆ ਵਿਖਾਈ ਨਹੀ ਦੇ ਰਿਹਾ।