ਸਦਕੇ ਜਾਈਏ ਆਪ ਦੇ, ਜੀਹਨੇ 8 ਵਰੇਂ ਪਹਿਲਾ ਬਣੇ ਬੱਸ ਅੱਡੇ ਨੂੰ ਚਾਲੂ ਕਰਵਾਇਆ
ਅਕਾਲੀ ਭਾਜਪਾ ਅਤੇ ਕਾਂਗਰਸੀ ਆਪਣੇ ਸਾਲਾਂਬੰਧੀ ਕਾਰਜਕਾਲ ’ਚ ਨਾ ਕਰ ਸਕੇ, ਆਪ ਨੇ ਸੌ ਦਿਨ ਵਿਚ ਕਰ ਵਿਖਾਇਆ
7ਡੇਅ ਨਿਊਜ ਸਰਵਿਸ
ਤਪਾ ਮੰਡੀ
ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿਚ 2014 ਵਿਚ ਨੀਂਹ ਪੱਥਰ ਰੱਖ ਕੇ ਬਣੇ ਤਪਾ ਬੱਸ ਅੱਡੇ ਦੇ ਵਿਹੜੇ ਅੰਦਰ ਆਖਿਰ ਬੱਸਾਂ ਨੇ ਲੰਬੀ ਉਡੀਕ ਤੋ ਬਾਅਦ ਫੇਰੀ ਪਾਈ, ਭਾਵੇਂ ਕੁਝ ਸਮਾਂ ਬੱਸ ਅੱਡਾ ਬਣਨ ਤੋ ਬਾਅਦ ਅਕਾਲੀ ਭਾਜਪਾ ਦੀ ਸਰਕਾਰ ਵੀ ਰਹੀ ਅਤੇ ਪੰਜ ਵਰੇਂ ਕਾਂਗਰਸ ਦੀ ਸਰਕਾਰ ਵੀ ਰਾਜ ਭੋਗ ਕੇ ਗਈ ਪਰ ਕਰੋੜਾਂ ਦੀ ਲਾਗਤ ਨਾਲ ਬਣੇ ਬੱਸ ਅੱਡੇ ਅੰਦਰ ਕਦੇ ਬੱਸ ਨੇ ਗੇੜਾ ਨਹੀ ਸੀ ਮਾਰਿਆ ਪਰ ਸਦਕੇ ਜਾਈਏ ਪੰਜਾਬ ਅੰਦਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਜਿਨਾਂ ਨੇ ਸੌ ਦਿਨ ਦੇ ਰਾਜ ਭਾਗ ਵਿਚ ਹੀ ਬੱਸ ਅੱਡੇ ਅੰਦਰ ਬੱਸਾਂ ਭੇਜ ਕੇ ਇਸ ਨੂੰ ਚਾਰ ਚੰਨ ਲਗਾ ਦਿੱਤੇ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਚਾਲੂ ਸ਼ੈਸ਼ਨ ਦੌਰਾਨ ਬੱਸ ਅੱਡੇ ਦੇ ਮੁੱਦੇ ਨੂੰ ਸਰਕਾਰ ਤੱਕ ਪਹੁੰਚਾਇਆ ਅਤੇ ਸੁੰਨੇ ਪਏ ਬੱਸ ਅੱਡੇ ਦੇ ਵਿਹੜੇ ਬੱਸਾਂ ਦੀ ਪੀ-ਪੀ ਸੁਣਾਈ ਦੇਣ ਲੱਗੀ ਭਾਵੇਂ ਇਸ ਸਬੰਧ ਵਿਚ ਬੱਸ ਅੱਡੇ ’ਤੇ ਕਾਬਜ ਨਗਰ ਕੌਸਲ ਨੂੰ ਇਸ ਸਬੰਧ ਵਿਚ ਪਹਿਲਾ ਕੋਈ ਭਿਣਕ ਨਹੀ ਸੀ। ਜਿਸ ਕਾਰਨ ਐਨ ਐਲਾਣ ਮੌਕੇ ਹੀ ਬੱਸਾਂ ਦੇ ਆਉਣ ਦਾ ਪਤਾ ਲੱਗਿਆ। ਉਧਰ ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ ਨੇ ਜਿਉ ਹੀ ਸਰਕਾਰੀ ਬੱਸਾਂ ਦੇ ਡਰਾਇਵਰਾਂ-ਕਡੰਕਟਰਾਂ ਨੂੰ ਸਰਕਾਰੀ ਹੁਕਮਾਂ ਦਾ ਪਾਠ ਪੜਾਇਆ, ਤਿਉ ਹੀ ਬੱਸ ਅੱਡੇ ਅੰਦਰ ਅੱਧੀ ਦਰਜਣ ਤੋ ਵਧੇਰੇ ਬੱਸਾਂ ਫੇਰੀ ਪਾ ਕੇ ਗਈਆ ਅਤੇ ਸਵਾਰੀਆਂ ਦਾ ਉਤਰਾਅ ਚੜਾਅ ਜਾਰੀ ਹੋਇਆ। ਬੱਸ ਅੱਡੇ ਅੰਦਰ ਬੱਸਾਂ ਲੈ ਕੇ ਪੁੱਜਣ ਵਾਲੇ ਪੀ.ਆਰ.ਟੀ.ਸੀ ਦੇ ਮੁਲਾਜਮਾਂ ਨੇ ਦੱਸਿਆਂ ਕਿ ਹੁਣ ਨਿਰਵਿਘਣ ਬੱਸਾਂ ਅੱਡੇ ਅੰਦਰ ਆਉਣਗੀਆ। ਉਧਰ ਬੱਸ ਅੱਡੇ ਦੇ ਅੰਦਰ ਬੱਸਾਂ ਦੇ ਫੇਰੀ ਪਾਉਣ ’ਤੇ ਲਾਗਲੇ ਦੁਕਾਨਦਾਰਾਂ ਦੀ ਖੁਸ਼ੀ ਵਿਚ ਅੱਡੀ ਧਰਤੀ ਨਾਲ ਲੱਗਦੀ ਨਜਰ ਨਹੀ ਆ ਰਹੀ ਕਿਉਕਿ ਕੁਝ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਹੁਣ ਅੱਡੇ ਦੀ ਸਾਫ ਸਫਾਈ ਰਹਿਣ ਲੱਗ ਜਾਵੇਗੀ ਅਤੇ ਸੜਾਂਦ ਤੋ ਛੁਟਕਾਰਾ ਮਿਲੇਗਾ। ਉਧਰ ਬੱਸ ਅੱਡੇ ਦੇ ਚਾਲੂ ਹੋਣ ਕਾਰਨ ਆਮ ਆਦਮੀ ਪਾਰਟੀ ਦੀ ਲੋਕਲ ਟੀਮ ਨੇ ਵੀ ਬੱਸ ਅੱਡੇ ਅੰਦਰ ਆਪਣੀ ਫੇਰੀ ਪਾ ਕੇ ਇਕ ਤਸਵੀਰ ਵਾਇਰਲ ਕੀਤੀ ਅਤੇ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਲਾਭ ਸਿੰਘ ਉਗੋਕੇ ਦਾ ਧੰਨਵਾਦ ਵੀ ਕੀਤਾ। ਜਿਨਾਂ ਦਾ ਬਦੌਲਤ ਅਜਿਹਾ ਸੰਭਵ ਹੋ ਸਕਿਆ ਹੈ।