ਸੱਚੋ ਸੱਚ, ਮੇਰੀ ਹੰਢ ਬੀਤੀ, ਅਧਿਆਪਕ ਸਮਾਜ ਦਾ ਨਿਰਮਾਤਾ,
ਅਧਿਆਪਕ ਦਿਵਸ ’ਤੇ ਵਿਸ਼ੇਸ : ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ ਭਾਵੇਂ ਹੁਣ ਵਿੱਦਿਆ ਇਕ ਵਪਾਰ ਬਣ ਗਈ ਹੈ, ਵੱਡੀਆ ਖੁੱਲੀਆ ਚੋੜੀਆਂ ਅਧੁਨਿਕ ਇਮਾਰਤਾਂ ਅੰਦਰ ਹਜਾਰਾਂ ਲੱਖਾਂ ਦੇ ਕੇ ਮਾਪੇ ਆਪਣੇ ਬੱਚਿਆਂ ਨੂੰ ਪੜਣ ਲਈ ਭੇਜਦੇ ਹਨ, ਜਿੱਥੇ ਇਕ ਚੰਗੇ ਸੂਟ ਬੂਟ ਵਾਲੇ ਫਰਾਟੇਦਾਰ ਅੰਗਰੇਜੀ ਬੋਲਣ ਵਾਲੇ ਸਟਾਫ ਤੋ ਵਿਦਿਆਰਥੀ ਜਿੰਦਗੀ ਵਿਚ ਪੜਣ ਅਤੇ ਅੱਗੇ ਵੱਧਣ ਦੇ ਗੁਣ ਗ੍ਰਹਿਣ ਕਰਦਾ ਹੈ ਅਤੇ ਵਪਾਰੀ ਤਰੀਕੇ ਨਾਲ ਉਹ ਬੱਚਿਆਂ ਅੰਦਰ ਆਪਣੇ ਤਜਰਬੇ ਦੇ ਵਪਾਰਿਕ ਸੋਚ ਅਨੁਸਾਰ ਗੁਣ ਪਾਉਦੇ ਹਨ। ਯਾਦ ਹੈ ਉਹ ਸੱਚਾ ਵੇਲਾ ਵੀ ਜਦ ਮਾਸਟਰ ਅਤੇ ਵਿਦਿਆਰਥੀ ਦੋਵੇ ਸੱਚੇ ਸਨ, ਵਿੱਦਿਆ ਵਾਕਇ ਹੀ ਵਿਚਾਰਣ ਤੋ ਬਾਅਦ ਪਰ-ਉਪਕਾਰੀ ਬਣਦੀ ਸੀ। ਪੱਤੀ ਬਾਜਵਾ ਸਕੂਲ ਦੀ ਪੁਰਾਣੀ ਇਮਾਰਤ ਜਿੱਥੇ 10/12 ਵਰੇਂ ਪਹਿਲਾ ਵੇਖਿਆ ਸੀ ਕਿ ਇਕ ਸਰਕਾਰੀ ਮਾਡਲ ਸਕੂਲ ਚਲਦਾ ਸੀ, ਦੂਜੀ ਤੱਕ ਉਥੇ ਪੜ ਕੇ ਮਾਸਟਰ ਜੀ ਸਾਨੂੰ ਪੱਤੀ ਬਾਜਵਾ ਜੰਡਾਂਵਾਲਾ ਸਕੂਲ ਦੀ ਉਸਰ ਰਹੀ ਨਵੀ ਪ੍ਰਾਇਮਰੀ ਸਕੂਲ ਵਾਲੀ ਇਮਾਰਤ ਬਣਾਉਣ ਲਈ ਇੱਟਾਂ ਸੁੱਟਣ ਲਈ ਲੈ ਜਾਂਦੇ ਸਨ ਜੇ ਸਾਲਾ ਅੱਜਕੱਲ ਦਾ ਵੇਲਾ ਹੁੰਦਾ ਤਾਂ ਪੱਤਰਕਾਰਾਂ ਅਤੇ ਸ਼ੋਸ਼ਲ ਮੀਡੀਆ ਨੇ ਐਨੀ ਵੱਡੀ ਦਿੱਕਤ ਸਕੂਲ ਅਧਿਆਪਕਾਂ ਲਈ ਖੜੀ ਕਰ ਦੇਣੀ ਸੀ ਕਿ ਉਨਾਂ ਦਾ ਰਹਿਣਾ ਦੁੱਭਰ ਹੋ ਜਾਣਾ ਸੀ ਪਰ ਉਸ ਵੇਲੇ ਮਾਸਟਰ ਜੀ ਤਿੱਖੜ ਦੁਪਿਹਰ ਵੇਲੇ ਮੇਨ ਕੰਧ ਦੇ ਆਲੇ ਦੁਆਲੇ ਇੱਟਾਂ ਦੇ ਢੇਰ ਲਾਉਣ ਨੂੰ ਕਹਿੰਦੇ ਤਾਂ ਜੋ ਮਿਸਤਰੀ ਨੂੰ ਇੱਟਾਂ ਦੀ ਥੁੜ ਨਾ ਆਵੈ ਅਤੇ ਸਕੂਲ ਲਈ ਆਏ ਫੰਡ ਵਿਚ ਮਜਦੂਰਾਂ ਨੂੰ ਘੱਟ ਪੈਸੇ ਦੇਣੇ ਪੈਣ ਅਤੇ ਸਕੂਲ ਵਧੀਆ ਢੰਗ ਨਾਲ ਉਸਰ ਜਾਵੇ, ਚਲੋ ਪੰਜਵੀਂ ਤੱਕ ਉਥੇ ਪੜੇ, ਬੋਰਡ ਦੀ ਜਮਾਤ ਹੋਣ ਕਾਰਨ ਕਲਾਸ ਇੰਚਾਰਜ ਮੈਡਮ ਪੁਸ਼ਪਾ ਜੀ ਨੇ ਇਕ ਹੁਸ਼ਿਆਰ ਜਵਾਕ ਦੇ ਪਿੱਛੇ ਮੂਹਰੇ ਪੜਾਈ ਵਿਚ ਥੋੜੇ ਕਮਜੋਰ ਜਵਾਕਾਂ ਨੂੰ ਲਾ ਕੇ ਆਪਣੀ ਅਤੇ ਜਵਾਕਾਂ ਦੀ ਬੇੜੀ ਵਧੀਆ ਢੰਗ ਨਾਲ ਪਾਰ ਲਗਾਈ, ਭਾਵੇਂ ਮੈਡਮ ਦਾ ਰਿਵਾਜ ਤਾਂ ਹੁਣ ਹੀ ਬਣਿਆ ਉਦੋ ਤਾਂ ਭੈਣ ਜੀ ਹੀ ਕਹਿੰਦੇ ਹੁੰਦੇ ਸੀ, ਸਕੂਲ ਵਿਚ ਇਕਲੇ ਪੇਸ਼ਾਬ ਕਰਨ ਨੂੰ ਗੁਸਲਖਾਨਾ ਸੀ, ਪਖਾਨੇ ਤਾਂ ਹੁਣ ਬਣੇ ਹਨ ਕਿਉਕਿ ਵੱਜਵੀ ਰੋਟੀ ਖਾਣ ਅਤੇ ਬਜਾਰੂ ਸੌਦਾ ਨਾ ਖਾਣ ਕਾਰਨ ਪਖਾਨੇ ਜਾਣ ਦਾ ਸਮਾਂ ਵੀ ਵੱਜਵਾਂ ਹੀ ਸੀ, ਕਦੇ ਬਿਮਾਰ ਠੁਮਾਰ ਹੁੰਦੇ ਤਾਂ ਉਸ ਵੇਲੇ ਜਾਂ ਤਾਂ ਸਕੂਲ ਨਾ ਜਾਂਦੇ ਜੇ ਕੁਝ ਹੋ ਜਾਂਦਾ ਤਾਂ ਨੀਕਰ ਲਿੱਬੜ ਜਾਂਦੀ ਤਾਂ ਵੀ ਕੋਈ ਪ੍ਰਵਾਹ ਨੀ ਸੀ, ਉਵੇ ਹੀ ਹੱਥ ਧਰ ਕੇ ਘਰ ਮੁੜ ਆਉਦੇ, ਰੁਮਾਲ ਵਾਲਾ ਰਿਵਾਜ ਵੀ ਅਸੀ 1985-86 ਤੋ ਬਾਅਦ ਵੀ ਆਪਣਾਇਆ ਪਹਿਲਾ ਤਾਂ ਸੀਂਡ (ਨਲੀ) ਵੀ ਕਮੀਜ ਦੇ ਕਫਾ ਨਾਲ ਹੀ ਸਾਰੇ ਜਵਾਕ ਪੂੰਝਦੇ ਸੀ, ਸਿਆਣੇ ਕਫ ਨੂੰ ਮੋੜ ਲੈਦੇ। ਸਕੂਲ ਅੰਦਰ ਮੁੱਖ ਅਧਿਆਪਕ ਰੂਪ ਲਾਲ ਜੀ ਘੰਟੀ ਵੱਜਣ ਤੋ ਐਨ ਪੰਜ ਮਿੰਟ ਪਹਿਲਾ ਸਰਦੀਆ ਵਿਚ ਬੰਦ ਗਲੇ ਦੇ ਕੋਟ ਨਾਲ ਆਪਣੇ ਸਾਇਕਲ ਤੋ ਉਤਰਦੇ ਅਤੇ ਨਾਲ ਹੀ ਉਨਾਂ ਦਾ ਸਕਾ ਭਰਾ ਬਤੌਰ ਚਪੜਾਸੀ ਆਪਣੇ ਭਰਾ ਨੂੰ ਸਤਿ ਸ੍ਰੀ ਅਕਾਲ ਜਾਂ ਰਾਮ ਰਾਮ ਬੁਲਾ ਕੇ ਆਪਣੇ ਕੰਮ ਵਿਚ ਜੁਟ ਜਾਂਦਾ ਅਤੇ ਸਕੂਲ ਦੀ ਦੇਖ ਰੇਖ ਕਾਬਿਲ ਅਧਿਆਪਕ ਸੋਮਨਾਥ ਜੀ ਦੀ ਅਗਵਾਈ ਵਿਚ ਲਗਾਤਾਰ ਅੱਗੇ ਵਧਦੀ ਰਹੀ। ਪੰਜਵੀ ਦੇ ਬੋਰਡ ਦੇ ਨਤੀਜਾ ਆਉਣ ’ਤੇ ਹੱਥਾਂ ਵਿਚ ਫੁੱਲ ਲੈ ਕੇ ਮਾਸਟਰਾਂ ’ਤੇ ਫੁੱਲ ਸੁੱਟ ਕੇ ਆਏ ਅਤੇ ਸਭ ਦੇ ਪੈਰ ਛੂਹੇ।
ਛੇਵੀਂ ਜਮਾਤ ਵਿਚ ਸਰਕਾਰੀ ਹਾਈ ਸਕੂਲ, ਹੰਡਿਆਇਆ ਬਾਜਾਰ ਬਰਨਾਲਾ ਵਿਖੇ ਪਾਪਾ ਜੀ ਨਾਲ ਜਾ ਕੇ ਦਾਖਿਲਾ ਲੈ ਲਿਆ, ਦਸੀ ਪਾਪਾ ਜੀ ਨੇ ਖਰਚਣ ਨੂੰ ਦੇ ਦਿੱਤੀ, ਜਗਦੀਸ਼ ਕੁਲਚਿਆਂ ਵਾਲਾ ਅੱਧੀ ਛੁੱਟੀ ਹੁੰਦੇ ਸਾਰ ਹੀ ਆਪਣੇ ਸਾਇਕਲ ਦੇ ਪਿੱਛੇ ਪੀਪੇ ਵਿਚ ਗਰਮਾ-ਗਰਮ ਛੋਲੇ ਲੈ ਕੇ ਆ ਖੜਿਆ, ਬਾਰੀਕ ਗੰਢੇ ਛੋਲਿਆ ’ਤੇ ਪਾ ਕੇ ਉਤੇ ਲਾਲ ਚਟਣੀ ਅਤੇ ਦਸੀ ਵਿਚ ਲਏ ਛੋਲਿਆਂ ਨਾਲ ਦੋ ਪਰੋਠੇ ਝੰਬ ਕੇ ਪਹਿਲਾ ਦਿਨ ਵਧੀਆ ਗੁਜਾਰਿਆ, ਛੇਵੀਂ ਜਮਾਤ ਵਿਚ ਪਹਿਲੀ ਵਾਰ ਅੰਗਰੇਜੀ ਦੀ ਏ.ਬੀ.ਸੀ ਨਾਲ ਵਾਹ ਪਿਆ, ਸਕੂਲ ਜਾਣ ਵੇਲੇ ਬੀਬੀ ਨੇ ਬੋਰੀ ਦਾ ਝੋਲਾ ਅਤੇ ਨਾਲ ਇਕ ਖਾਲੀ ਰੇਅ ਵਾਲੀ ਬੋਰੀ ਦੇ ਕੇ ਭੇਜਣਾ, ਧੁੱਪੇ ਬੈਠਣ ਵੇਲੇ ਬੋਰੀ ਵਿਛਾ ਕੇ ਬੈਠ ਜਾਂਦੇ, ਸ਼ਰੀਰਕ ਪੱਖੋ ਕਮਜੋਰ ਹੋਣ ਕਾਰਨ ਕਈ ਵਾਰ ਸਾਥੀ ਵਿਦਿਆਰਥੀ ਸਮੇਤ ਬੋਰੀ ਹੀ ਪਲਟ ਦਿੰਦੇ, ਰੋ ਧੋ ਕੇ ਉਹੋ ਜਿਹੇ ਹੀ ਹੋ ਜਾਂਦੇ। ਅੱਠ ਵਿਸ਼ਿਆਂ ਦੇ 9 ਪੀਰੀਅਡ ਲੱਗਦੇ, ਹਿਸਾਬ ਦੇ ਮਾਸਟਰ ਹਰਸ਼ਿੰਦਰ ਸ਼ਰਮਾ ਜੀ ਇੰਚਾਰਜ, ਵੀਨਾ ਰਾਣੀ ਸਾਇੰਸ, ਰਾਜ ਕੁਮਾਰ ਅੰਗਰੇਜੀ, ਪਿਆਰਾ ਸਿੰਘ ਸਰੀਰਕ ਸਿੱਖਿਆ, ਗਿਆਨੀ ਨਾਹਰ ਸਿੰਘ ਪੰਜਾਬੀ, ਜੱਜ ਦੀ ਪਤਨੀ ਸਮਾਜਿਕ ਸਿੱਖਿਆ, ਪੁਲੀਟੀਕਲ ਸਾਇੰਸ ਵਾਲਿਆਂ ਦਾ ਨਾਂਅ ਚੇਤਿਓ ਨਿਕਲ ਗਿਆ ਅਤੇ ਸਭ ਤੋ ਖਤਰਨਾਕ ਪਰ ਅੱਜ ਰੋਲ ਮਾਡਲ ਹਿੰਦੀ ਦੇ ਅਧਿਆਪਕ ਸ੍ਰੀਮਤੀ ਦੇਵਕੀ ਦੇਵੀ ਭਾਵੇਂ ਸ਼ਰੀਰਕ ਪੱਖੋ ਅੰਗਹੀਣ ਸਨ ਪਰ ਧਰਤੀ ’ਤੇ ਚੱਲਣਾ ਸਿਖਾਉਣ ਦਾ ਬਲ ਸ਼ਾਇਦ ਉਨਾਂ ਤੋ ਵਧੀਆ ਕੋਈ ਨਾ ਸਿਖਾ ਸਕੇ। ਛੋਟੀ ਜਿਹੀ ਘਟਨਾ ਵਾਪਰੀ, ਭਾਵੇਂ ਉਸ ਵੇਲੇ ਤਾਂ ਇਸ ਨੂੰ ਗੌਰ ਨਾਲ ਨਹੀ ਭਾਂਪਿਆ, ਪਰ ਅੱਜ ਯਾਦ ਕਰਕੇ ਰੋਣ ਨਿਕਲ ਜਾਂਦਾ ਹੈ ਕਿ ਐਨਾ ਵੀ ਕੋਈ ਆਪਣੇ ਕਰਮ ਪਿੱਛੇ ਦੀਵਾਨਾ ਹੋ ਸਕਦਾ ਹੈ। ਲਾਇਬਰੇਰੀ ਵਿਚ ਬੈਠੇ ਹਿੰਦੀ ਅਧਿਆਪਕਾ ਦੇਵਕੀ ਦੇਵੀ ਦੇ ਸਿਰ ਵਿਚ ਛੱਤ ਵਾਲਾ ਪੱਖਾ ਅਚਾਨਕ ਖੁੱਲ ਜਾਣ ਕਾਰਨ ਕਾਫੀ ਸੱਟ ਲੱਗ ਗਈ ਅਤੇ ਹਸਪਤਾਲ ਵਿਚ ਇਲਾਜ ਲਈ ਲਿਜਾਣਾ ਪਿਆ ਅਤੇ ਸਬੱਬ ਨਾਲ ਉਸ ਦਿਨ ਤੋ ਅਗਲੇ ਦਿਨ 40 ਦਿਨ ਦੀਆ ਗਰਮੀਆ ਦੀਆ ਛੁੱਟੀਆ ਹੋਣੀਆ ਸਨ, ਮੇਰੇ ਸਣੇ ਸਭ ਵਿਦਿਆਰਥੀਆਂ ਨੇ ਖੂਬ ਸ਼ੋਰ ਮਚਾਇਆ ਕਿ ਭੈਣ ਜੀ ਫੱਟੜ ਹੋ ਗਏ ਅਤੇ ਹੁਣ ਹਿੰਦੀ ਦੇ ਕੰਮ ਤੋ ਛੁੱਟੀਆ ਲਈ ਛੁਟਕਾਰਾ, ਪਰ ਵਿਦਿਆਰਥੀਆਂ ਦੀ ਇਹ ਖੁਸ਼ੀ ਕੁਝ ਪੀਰੀਅਡ ਹੀ ਬਣੀ ਕਿਉਕਿ ਨੋਵੇਂ ਪੀਰੀਅਡ ਤੋ ਪਹਿਲਾ ਭੈਣ ਜੀ ਸਿਰ ’ਤੇ ਵੱਡੀ ਪੱਟੀ ਬੰਨ ਕੇ ਜਮਾਤ ਵਿਚ ਆ ਪਹੁੰਚੇ ਅਤੇ ਸਾਰੇ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਕੰਮ ਲਿਖਵਾ ਕੇ ਆਪਣੇ ਘਰ ਪਰਤ ਗਏ। ਸ਼ਾਇਦ ਅਧਿਆਪਕ ਦਿਵਸ ਦਾ ਅਸਲ ਅਜਿਹੀਆ ਸਿੱਖਿਆ ਦੀਆ ਮੂਰਤਾਂ ਹੀ ਵਿਦਿਆਰਥੀਆਂ ਅੰਦਰ ਇਕ ਚੰਗੇ ਗੁਣ ਪੈਦਾ ਕਰ ਸਕਦੀਆ ਹਨ। ਸਰਦੀਆ ਵਿਚ ਚਾਰ ਵਜੇ ਬਸਤਾ ਸੁੱਟ ਕੇ ਗੋਲੀਆ, ਪਿੱਠੂ ਅਤੇ ਗੁੱਲੀ ਡੰਡੇ ਸਣੇ ਅਲੱਗ ਅਲੱਗ ਦਿਨ ਹਾਕੀ ਦਾ ਸੋਕ ਰੱਖ ਕੇ ਹਾਕੀ ਦੀ ਕੀਮਤ ਮਹਿੰਗੀ ਹੋਣ ਕਾਰਨ ਲੱਕੜਾਂ ਦੇ ਆਰੇ ਤੋ ਖੂੰਡੇ ਲੈ ਆਉਦੇਂ, ਗੋਲੀਆ ਵਿਚ ਮੈਂ ਪਰ ਹਾਣੋ ਹਾਣੀ ਹੋਣ ਕਾਰਨ ਪਿੱਠੂ, ਹਾਕੀ ਅਤੇ ਹੋਰਨਾਂ ਖੇਡਾਂ ਵਿਚ ਮੇਰਾ ਭਰਾ ਬੱਬੀ ਮੇਰੇ ਨਾਲੋ ਅੱਗੇ ਸੀ। ਪਰ ਉਥੇ ਵੀ ਅਧਿਆਪਕ ਤੋ ਡਰਦੇ, ਸਾਡੇ ਗੁਆਂਢ ਵਿਚ ਰਾਮਗੜੀਆ ਬਰਾਦਰੀ ਦੇ ਮਾਸਟਰ ਸੁਖਦੇਵ ਸਿੰਘ ਰਹਿੰਦੇ ਸਨ, ਜਿਹੜੇ ਕਿਸੇ ਹੋਰ ਸਕੂਲ ਵਿਚ ਪੜਾਉਦੇ ਸਨ ਪਰ ਜਦ ਵੀ ਉਹ ਸਾਡੇ ਕੋਲ ਵੀ ਲੰਘਦੇ ਤਿਉ ਹੀ ਸਾਰੀਆ ਖੇਡਾਂ ਛੱਡ ਕੇ ਉਨਾਂ ਨੂੰ ਸਤਿ ਸ੍ਰੀ ਅਕਾਲ ਬਲਾਉਦੇ। ਸਕੂਲ ਭਾਵੇਂ ਪੜਾਈ ਪਿੱਛੇ ਘੱਟ ਪਰ ਸ਼ਰਾਰਤਾਂ ਪਿੱਛੇ ਬਥੇਰੇ ਮੁਰਗੇ ਬਣੇ ਆ, ਘਰਦਿਆਂ ਨੇ ਕਦੇ ਸਾਡਾ ਪੱਖ ਨੀ ਪੂਰਿਆ, ਉਲਟਾ ਘਰੇ ਜਦੋ ਕਿਸੇ ਹੋਰ ਸਾਥੀ ਤੋ ਮਾਸਟਰ ਜੀ ਤੋ ਹੋਈ ਮੁਰੰਮਤ ਬਾਰੇ ਪਤਾ ਲੱਗਦਾ ਤਾਂ ਪਾਪਾ ਜੀ ਦਾ ਹੱਥ ਮਾਸਟਰ ਜੀ ਤੋ ਵੀ ਜਿਆਦਾ ਕਰੜਾ ਸੀ, ਘਰੇ ਆਇਆ ਜੀ ਖੂਬ ਭੁਗਤ ਸੰਵਾਰੀ ਜਾਂਦੀ, ਜਿਸ ਕਾਰਨ ਘਰੇ ਖੁਦ ਦੱਸਣਾ ਤਾਂ ਖੁਦ ਆਫਤ ਨੂੰ ਸੱਦਾ ਦੇਣਾ ਸੀ, ਪਰ ਅੱਜ ਮਾਸਟਰ ਜੀ ਦੇ ਸਿਖਾਏ ਵਾਕ, ਸਿਰਲੇਖ, ਮਾਂ ਭਾਸ਼ਾ ਨਾਲ ਪਿਆਰ, ਹਿਸਾਬ ਦਾ ਐਲਜੇਬਰਾ, ਨਿਊਟਨ, ਅ-ਆਮ (ਅੰਬ), ਯੂ ਫਾਰ ਅੰਬਰੇਲਾ, ਪੁਲੀਟੀਕਲ ਸਾਇਸ ਸਦਲ ਵਿਚ ਸਰਕਾਰ ਸੁੱਟਣ ਲਈ 2/3 ਬਹੁਮਤ ਆਦਿ ਨਾਲ ਉਨਾਂ ਪ੍ਰਤੀ ਸਤਿਕਾਰ ਹੋਰ ਵੀ ਵਧੇਰੇ ਵਧ ਜਾਂਦਾ ਹੈ, ਉਥੇ ਉਨਾਂ ਦੀਆ ਕੁਝ ਕਹੀਆ ਕੌੜੀਆ ਗੱਲਾਂ ਜੋ ਆਪਣੇ ਜੀਵਨ ਵਿਚ ਨਹੀ ਢਾਲ ਸਕੇ, ਉਨਾਂ ਦਾ ਪਛਤਾਵਾ ਸ਼ਾਇਦ ਜਿੰਦਗੀ ਦੇ ਆਖਿਰੀ ਪਲਾਂ ਤੱਕ ਰਹੇਗਾ। ਸੋ ਅਧਿਆਪਕ ਸਮਾਜ ਦੇ ਨਿਰਮਾਤਾ ਹਨ, ਸ਼ਾਇਦ ਇਕ ਚੰਗੇ ਸਮਾਜ ਦੀ ਕਲਪਨਾ ਇਕ ਅਧਿਆਪਕ ਤੋ ਬਗੈਰ ਕਰਨੀ ਅਸੰਭਵ ਹੀ ਨਹੀ ਬਲਕਿ ਨਾ-ਮੁਮਕਿਨ ਹੈ। ਧੰਨਵਾਦ--ਲੁਭਾਸ਼ ਸਿੰਗਲਾ