ਖੇਤੀਬਾੜੀ ਵਿਭਾਗ ਬਠਿੰਡਾ ਨੇ ਗੈਰਮਿਆਰੀ ਅਤੇ ਬਿਨਾਂ ਲਾਇਸੈਂਸ ਖਾਦ ਵੇਚਣ ਵਾਲੇ ਵਪਾਰੀ ਦਾ ਕੀਤਾ ਪਰਦਾਫਾਸ਼, ਮਾਮਲਾ ਦਰਜ
ਬਠਿੰਡਾ, 03 ਫਰਵਰੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਬਠਿੰਡਾ ਸ਼ਹਿਰ ਇਕ ਵਾਰ ਮੁੜ ਘਟੀਆਂ ਅਤੇ ਬਿਨਾਂ ਲਾਇਸੈਂਸ ਦੇ ਖਾਦ ਵੇਚਣ ਕਾਰਨ ਚਰਚਾ ਵਿਚ ਆਇਆ ਹੈ। ਜਿਸ ਦੇ ਸਬੰਧ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਗੈਰਮਿਆਰੀ ਅਤੇ ਬਿਨਾਂ ਲਾਇਸੈਸ ਦੇ ਖਾਦ ਵੇਚਣ ਵਾਲੇ ਵਪਾਰੀ ਦਾ ਪਰਦਾਫਾਸ਼ ਕਰਕੇ ਉਸ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਨੂੰ ਮਲੋਟ ਰੋਡ ’ਤੇ ਇਕ ਫਰਮ ਵੱਲੋ ਘਟੀਆ ਅਤੇ ਬਿਨਾਂ ਲਾਇਸੈਂਸ ਦੇ ਖਾਦ ਵੇਚਣ ਅਤੇ ਸਟੋਰ ਕਰਨ ਦੀ ਭਿਣਕ ਲੱਗੀ। ਜਿਸ ਤੇ ਕਾਰਵਾਈ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਦੀ ਅਗਵਾਈ ਵਿਚ ਖੇਤੀਬਾੜੀ ਵਿਭਾਗ ਦੀ ਟੀਮ ਡਾ ਧਰਮਪਾਲ, ਖੇਤੀਬਾੜੀ ਅਫਸਰ ਸੰਗਤ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ ਦਵਿੰਦਰ ਸਿੰਘ, ਡਾ ਜਗਪਾਲ ਸਿੰਘ, ਡਾ ਸੁਖਜੀਤ ਸਿੰਘ ਬਾਹੀਆ ਅਤੇ ਡਾ ਮਨਜਿੰਦਰ ਸਿੰਘ ਵੱਲੋਂ ਮਲੋਟ ਰੋਡ ਬਠਿੰਡਾ ਵਿਖੇ ਸਥਿਤ ਖਾਦ ਦੇ ਗੋਦਾਮਾਂ ਦੀ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਟੀਮ ਨੂੰ ਸੂਚਨਾ ਮਿਲੀ ਕਿ ਮੈਸ ਕੈਨੇਸੀਆ ਐਗਰੋ ਇੰਕ ਜਿਸ ਕੋਲ ਖਾਦਾਂ ਦਾ ਕੋਈ ਵੀ ਲਾਇਸੰਸ ਨਹੀਂ ਬਣਿਆ ਹੋਇਆ ਵੱਲੋਂ ਮਲੋਟ ਰੋਡ ਨੇੜੇ ਨਿਰੰਕਾਰੀ ਭਵਨ, ਬਠਿੰਡਾ ਵਿਖੇ ਅਣ-ਅਧਿਕਾਰਤ ਤੌਰ ਤੇ ਖਾਦਾਂ ਸਟੋਰ ਕਰਕੇ ਰੱਖੀਆਂ ਗਈਆਂ ਹਨ ਅਤੇ ਇਹਨਾਂ ਖਾਦਾਂ ਨੂੰ ਅਣ-ਅਧਿਕਾਰਤ ਤੌਰ ਤੇ ਵੇਚਿਆ ਵੀ ਜਾ ਰਿਹਾ ਹੈ। ਉਧਰ ਐਗਰੋ ਕੰਪਨੀ ਦੇ ਮਾਲਕ ਦੀ ਹਾਜ਼ਰੀ ਵਿਚ ਅਣ-ਅਧਿਕਾਰਤ ਤੌਰ ਤੇ ਰੱਖੀ ਗਈ ਪੋਟਾਸ਼ ਡਰਾਇਵਿਡ ਫਾਰ ਮੂਲਾਸਿਸ (ਗੁੜ ਤੋ ਪ੍ਰਾਪਤ ਹੋਣ ਵਾਲੇ ਪੋਟਾਸ਼) ਦੇ ਦੋ ਨਮੂੁਨੇ ਲਏ ਗਏ। ਖਾਦ ਪਰਖ ਲੈਬਾਰਟਰੀ, ਲੁਧਿਆਣਾ ਵੱਲੋਂ ਪਰਖ ਕਰਨ ਉਪਰੰਤ ਉਕਤ ਖਾਦ ਦੇ ਦੋਵੇਂ ਨਮੂਨੇ ਗੈਰਮਿਆਰੀ ਪਾਏ ਗਏ। ਇਸ ਉਪਰੰਤ ਗੈਰ ਮਿਆਰੀ ਖਾਦ ਅਣ-ਅਧਿਕਾਰਤ ਤੌਰ ਤੇ ਰੱਖ ਕੇ ਵੇਚਣ ਕਾਰਨ ਕੈਨੇਸ਼ੀਆ ਐਗਰੋ ਇੰਕ ਕੰਪਨੀ ਦੇ ਮਾਲਕ ਖਿਲਾਫ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੀ ਧਾਰਾ 7, 8, 19 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3 ਅਤੇ 7 ਦੀ ਉਲੰਘਣਾ ਤਹਿਤ ਪੁਲਿਸ ਥਾਣਾ ਥਰਮਲ ਵਿਖੇ ਐੱਫ.ਆਈ.ਆਰ. ਦਰਜ ਕਰਵਾ ਗਈ ਹੈ। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਦਿਲਬਾਗ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖਾਦ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣ ਲਈ ਜ਼ਿਲੇ ਵਿਚ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਗੈਰ ਮਿਆਰੀ ਖਾਦ ਜਾਂ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।