ਮੂੰਗੀ ਕਾਸ਼ਤਕਾਰ ਕਿਸਾਨਾਂ ਦੀ ਮੰਡੀ ’ਚ ਹੋ ਰਹੀ ਲੁੱਟ ਸਹੀ ਸਿੱਧ ਹੋਈ, ਮਾਰਕੀਟ ਕਮੇਟੀ ਨੇ ਖਰੀਦਦਾਰ ਆੜਤੀਆਂ ਨੂੰ ਚੇਤਾਵਨੀ ਨੋਟਿਸ ਦਿੱਤਾ
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
7ਡੇਅ ਨਿਊਜ ਸਰਵਿਸ,
ਤਪਾ ਮਾਰਕੀਟ ਕਮੇਟੀ ਅਧੀਨ ਪਿਛਲੇ ਦਿਨਾਂ ਤੋ ਚਲ ਰਹੀ ਮੂੁੰਗੀ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੀ ਹੋ ਰਹੀ ਅੰਨੀ ਲੁੱਟ ਦੀ ਖਬਰ ਸੱਚ ਸਾਬਿਤ ਹੋਈ, ਕਿਉਕਿ ਪਿਛਲੇ ਦਿਨਾਂ ਤੋ ਲਗਾਤਾਰ ਛਿੜੀ ਇਹ ਚਰਚਾ ਤੋ ਬਾਅਦ ਗੂੜੀ ਨੀਂਦ ਸੁੱਤੀ ਮਾਰਕੀਟ ਕਮੇਟੀ ਨੂੰ ਹਲੂਣਾ ਆਇਆ ਅਤੇ ਨੀਂਦੋ ਜਾਗਦਿਆਂ ਹੀ ਉਸ ਨੇ ਪਹਿਲੇ ਹੀਲੇ ਹੀ 10 ਖਰੀਦਦਾਰ ਆੜਤੀਆਂ ਨੂੰ ਚੇਤਾਵਨੀ ਨੌਟਿਸ ਦੇ ਕੇ ਖਾਨਾਪੂਰਤੀ ਕਰ ਦਿੱਤੀ ਹੈ, ਭਾਵੇਂ ਖਰੀਦਦਾਰ ਆੜਤੀਆਂ ਵਿਚਕਾਰ ਇਸ ਨੋਟਿਸ ਨੂੰ ਲੈ ਕੇ ਕਈ ਪ੍ਰਕਾਰ ਦੀਆ ਚਰਚਾਵਾਂ ਹਨ। ਨੋਟਿਸ ਵਿਚ ਸਕੱਤਰ ਮਾਰਕੀਟ ਕਮੇਟੀ ਨੇ ਸਬੰਧਤ ਆੜਤੀਆਂ ਨੂੰ ਸੰਬੋਧਨ ਵਿਚ ਕਿਹਾ ਕਿ ਆਪ ਸਭ ਨੂੰ ਦਫਤਰ ਵਿਖੇ ਬੁਲਾ ਕੇ ਬੇਸ਼ੱਕ ਕੱਚੀ ਬੋਲੀ ਨਾ ਕਰਨ ਬਾਰੇ ਹਦਾਇਤ ਦਿੱਤੀ ਗਈ ਸੀ ਪਰ ਫੇਰ ਵੀ ਆਪ ਨਹੀ ਸੁਧਰੇ, ਜਿਸ ਕਾਰਨ ਕੱਚੀ ਬੋਲੀ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆ ਹਨ। ਜਿਸ ਕਾਰਨ ਜੇਕਰ ਹੁਣ ਅਜਿਹੀ ਕੋਈ ਸ਼ਿਕਾਇਤ ਸਾਹਮਣੇ ਆਈ ਤਦ ਮੰਡੀ ਬੋਰਡ ਦੀਆ ਹਦਾਇਤਾਂ ਤਹਿਤ ਆੜਤੀਏ ਨੂੰ ਦਿੱਤਾ ਲਾਇਸੰਸ ਮੁੱਅਤਲ ਕਰ ਦਿੱਤਾ ਜਾਵੇਗਾ। ਭਲਾ ਮਾਰਕੀਟ ਕਮੇਟੀ ਨੂੰ ਕੋਈ ਸਮਝਾਵੇ ਕਿ ਭਲਿਓ ਲੋਕੋ ਕਿਹੜੇ ਯੁੱਗ ਦੀਆ ਗੱਲਾਂ ਕਰਦੇ ਹੋ, ਜੇ ਤੁਸੀ ਡਾਲ ਡਾਲ ਹੋ ਤਾਂ ਅਜਿਹੇ ਲੋਕ ਪਾਤ ਪਾਤ ਹਨ, ਤੁਹਾਡੀ ਚਿੱਠੀ ਤਾਂ ਉਸ ਕਹਾਵਤ ਵਰਗੀ ਹੈ ਜਿਸ ਵਿਚ ਇਕ ਮਕੈਨਿਕ ਵਿਹਲਾ ਖਾਣ ਗੱਝਿਆ ਸੀ, ਘਰਵਾਲੀ ਨਾਲ ਰੋਜ ਕਲੇਸ਼ ਰੱਖਦਾ ’ਇਕ ਵਾਰ ਮਕੈਨਿਕ ਦੀ ਘਰਵਾਲੀ ਆਪਣੀ ਗੁਆਂਢਣ ਨੂੰ ਦੱਸਦੀ ਹੈ ਕਿ ਮੇਰੇ ਘਰ ਵਾਲੇ ਨੇ ਮੈਨੂੰ ਰਾਤ ਵਲਾ ਕੁੱਟਿਆ ’ਤੇ ਜਦ ਗੁਆਂਢਣ ਪੁੱਛਦੀ ਹੈ ਕਿ ਉਸ ਨੇ ਤੇਰੇ ਕੀ ਮਾਰਿਆ ਤਦ ਪੀੜਿਤ ਜਨਾਨੀ ਕਹਿੰਦੀ ਹੈ ਕਿ ਜੇ ਢਹਿ ਜਾਣਾ ਕੰਮ ਨੀ ਕਰਦਾ ਪਰ ਸੰਦਾਂ ਦਾ ਤਾਂ ਨੀ ਤੋੜਾ, ਜਿਹੜਾ ਮਰਜੀ ਚੁੱਕ ਕੇ ਮਾਰ ਦੇਵੇ ’ ਸੋ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਸ਼ਾਇਦ ਇਹ ਨੀ ਪਤਾ ਕਿ ਇਥੇ ਅਜਿਹੀ ਖਰੀਦ ਕਰਨ ਵਾਲੇ ਜਿਆਦਾਤਰ ਆੜਤੀਆਂ ਕੋਲ ਇਕ ਤੋ ਵੱਧ ਲਾਇਸੰਸ ਹਨ, ਜੇਕਰ ਤੁਸੀ ਇਕ ’ਤੇ ਕਾਰਵਾਈ ਕਰਦੋ ਹੋ ਤਾਂ ਉਹ ਦੂਜੇ ’ਤੇ ਖਰੀਦ ਸ਼ੁਰੂ ਕਰ ਦਿੰਦਾ ਹੈ, ਗੱਲ ਸਹੇ ਦੀ ਨਹੀ ਪਹੇ ਦੀ ਹੈ, ਜੇ ਸੱਚਮੁੱਚ ਹੀ ਅਜਿਹੀ ਲੁੱਟ ਬੰਦ ਕਰਵਾਉਣੀ ਹੈ ਤਾਂ ਕਿਸਾਨਾਂ ਦੇ ਬਿਆਨ ਲਵੋ, ਪਤਾ ਲੱਗ ਜਾਵੇਗਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਐਵੇ ਅੱਖਾਂ ਪੂੰਝਣ ਦਾ ਕੀ ਫਾਇਦਾ, ਐਨੇ ਨੂੰ ਸੀਂਜਣ ਲੰਘ ਜਾਵੇਗਾ, ਫੇਰ ਲਕੀਰ ਪੁੱਟੀ ਚਲਿਓ,। ਮੰਡੀ ਵਿਚ ਬੈਠੇ ਇਕ ਆੜਤੀਏ ਨੇ ਦੱਸਿਆਂ ਕਿ ਭਾਈ ਇਹ ਲੁੱਟ ਸਭ ਰਲ ਮਿਲ ਕੇ ਚਲਦੀ ਹੈ ਕਿਉਕਿ ਇਥੇ ਤਾਂ ਆਵੇ ਹੀ ਊਤਿਆ ਪਿਆ ਹੈ, ਜਿਹੜੇ ਸੱਚ ਦੀ ਕਮਾਈ ਕਰਦੇ ਸਨ, ਉਹ ਤਾਂ ਪਿਛੇ ਰਹਿ ਗਏ, ਉਨਾਂ ਦੁਕਾਨਾਂ ਦੀ ਹਾਲਤ ਜਾ ਕੇ ਵੇਖੋ, ਪਰ ਇਥੇ ਉਹ ਧਿਰਾਂ ਮੂਹਰੇ ਹਨ, ਜਿਹੜੀਆ ਕਿਸਾਨ ਨੂੰ ਠਿੱਬੀ ਲਾਉਣ ਦੇ ਨਾਲ ਮਜਦੂਰੀ ਵਿਚ ਵੀ ਆਪਣੀਆ ਪੱਤੀਆ ਰੱਖਦੀਆ ਹਨ। ਉਸ ਨੇ ਅੱਗੇ ਦੱਸਿਆਂ ਕਿ ਭਾਈ ਲੋਕ ਵੀ ਕਾਹਲੇ ਨੇ, ਲੁੱਟ ਕਰਵਾਉਣ ਲਈ, ਝੋਨਾ ਸੁੱਟ ਕੇ ਕਈ ਦਿਨ ਬੈਠੇ ਰਹਿੰਦੇ ਨੇ, ਇਥੇ ਮੂੰਗੀ ਨੂੰ ਵੇਚਣ ਲਈ ਐੜੀ ਦੂੁਰੋ ਆ ਕੇ ਛੇਤੀ ਮੁੜਣ ਲਈ ਕਾਹਲੇ ਹੋ ਜਾਂਦੇ ਨੇ, ਅਤੇ ਅਜਿਹੇ ਵਪਾਰੀ ਪਹਿਲਾ ਹੀ ਸੋਚੀ ਬੈਠੇ ਹੁੰਦੇ ਨੇ ਅਤੇ ਭਿਣਕ ਲੱਗਦਿਆਂ ਹੀ ਕਾਹਲ ਦਾ ਮੁੱਲ ਵਟ ਦਿੰਦੇ ਨੇ, ਕਿਉਕਿ ਮੱਠੇ ਪੈਰ ਬੋਲੀ ਦੇਣ ਵਾਲੀਆ ਧਿਰਾਂ ਇਕ ਦਿਨ ਵਿਚ ਮੰਡੀ ਦੇ ਦੂਜੇ ਪਾਸੇ ਬੋਲੀ ਲਈ ਨਹੀ ਜਾਂਦੀਆ, ਉਪਰੋ ਮੌਸਮ ਦੀ ਗਰਗਰਾਹਟ ਸੁਣਦਿਆਂ ਹੀ ਕਿਸਾਨ ਦੇ ਸੀਨੇ ਹੋਲ ਪੈਣ ਲੱਗ ਜਾਂਦੇ ਨੇ ਅਤੇ ਉਹ ਮੂੰਗੀ ਦੇ ਭਿੱਜਣ ਡਰੋ, ਇਸ ਨੂੰ ਵੇਚ ਦਿੰਦਾ ਹੈ, ਪਰ ਪਤਾ ਨੀ ਇਹ ਨਿਰਦਈ ਕਿਵੇ ਮੂੰਗੀ ਨੂੰ ਚੋਰੀ ਦਾ ਮਾਲ ਡਾਂਗਾਂ ਦੇ ਗਜ ਸਮਝਦਿਆਂ ਐਨਾ ਘੱਟ ਮੁੱਲ ਲਾ ਦਿੰਦੇ ਹਨ ਕਿ ਸੁਣਨ ’ਤੇ ਵੇਖਣ ਵਾਲੇ ਦੀਆ ਅੱਖਾਂ ਟੱਡੀਆ ਰਹਿ ਜਾਂਦੀਆ ਨੇ, ਭਾਈ ਲੁੱਟ ਦੇ ਮਾਲ ਵਿਚ ਸਭ ਆਪੋ ਆਪਣਾ ਹਿੱਸਾ ਲੈ ਜਾਂਦੇ ਹਨ ਕਹਿ ਕੇ ਬਜੁਰਗ ਦੁਕਾਨ ਦੇ ਸ਼ੈੱਡ ਹੇਠਾਂ ਤੋ ਦੁਕਾਨਾਂ ਅੰਦਰ ਨੂੰ ਪਰਨਾ ਝਾੜਦਾ ਚਲਾ ਗਿਆ। ਹੁਣ ਵੇਖਦੇ ਆ ਕਿ ਇਹ ਲੁੱਟ ਬੰਦ ਹੁੰਦੀ ਹੈ ਜਾਂ ਇਸ ਤੋ ਬਾਅਦ ਹੁਣ ਮੱਕੀ ਵਾਲਿਆ ਨੂੰ ਰਗੜਾ ਚੜੇਗਾ।