ਰਾਮਪੁਰਾ ਫੂਲ ਨਗਰ ਕੌਸਲ ਚੋਣਾਂ ਲਈ ਬਹੁਕੋਣੇ ਮ੍ਰੁਕਾਬਲੇ ਵਿਚ ਕਿਹੜੀ ਧਿਰ ਮਾਰੇਗੀ ਬਾਜੀ, ਤਸਵੀਰ ਹੋਈ ਸਾਫ
ਰਾਮਪੁਰਾ ਫੂਲ (ਬਠਿੰਡਾ) 12 ਸਤੰਬਰ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਸਥਾਨਕ ਨਗਰ ਕੌਸਲ ਚੋਣਾਂ ਨੂੰ ਲੈ ਕੇ ਸੱਤਾਧਾਰੀ ਧਿਰ ਭਾਵ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਸਿਆਸੀ ਪਿੜ ਵਿਚ ਉਤਾਰਣ ਤੋ ਪਹਿਲਾ ਉਨਾਂ ਦੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸ਼ਹਿਰੀ ਵੋਟਰਾਂ ਤੇ ਪ੍ਰਭਾਵ ਛੱਡੇ ਜਾਣ ਦੇ ਨਾਲੋ ਨਾਲ ਆਉਦੀਆ 2024 ਦੀਆ ਲੋਕ ਸਭਾ ਚੋਣਾਂ ਲਈ ਵੀ ਸ਼ਹਿਰੀ ਵੋਟਰਾਂ ਤੋ ਵੋਟ ਲਈ ਜਾ ਸਕੇ। ਹਲਕੇ ਦੇ ਨੌਜਵਾਨ ਵਿਧਾਇਕ ਬਲਕਾਰ ਸਿੱਧੂ ਨੇ ਹਲਕੇ ਦੇ ਪ੍ਰਭਾਵਸ਼ਾਲੀ ਆਪ ਆਗੂ ਇੰਦਰਜੀਤ ਸਿੰਘ ਮਾਨ ਚੇਅਰਮੈਨ ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਅਤੇ ਜਤਿੰਦਰ ਸਿੰਘ ਭੱਲਾ ਚੇਅਰਮੈਨ ਦੇ ਨਾਲੋ ਨਾਲ ਪਾਰਟੀ ਵੱਲੋ ਆਉਦੀਆ ਪੇਂਡੂ ਚੋਣਾਂ ਲਈ ਹਲਕੇ ਅਨੁਸਾਰ ਨਾਮਜਦ ਕੀਤੇ ਪਾਰਟੀ ਕੌ-ਆਰਡੀਨੇਟਰ ਸੁਖਜਿੰਦਰ ਸਿੰਘ ਕਾਉਣੀ ਨਾਲ ਸ਼ਹਿਰ ਅੰਦਰ ਇਕ ਸਾਂਝੀ ਸਟੇਜ ’ਤੇ ਇਨਾਂ ਉਮੀਦਵਾਰਾਂ ਜਿਨਾਂ ਵਿਚ ਪਾਰਟੀ ਲਈ ਕੰਮ ਕਰਨ ਵਾਲੇ ਪੁਰਾਣੇ ਅਤੇ ਕੁਝ ਦਲਬਦਲੂ ਆਗੂ ਵੀ ਮੌਜੂਦ ਸਨ ਬਾਰੇ ਆਪਿਸੀ ਰਾਇ ਦੇ ਨਾਲੋ ਨਾਲ ਉਨਾਂ (ਸੰਭਾਵਿਤ ਉਮੀਦਵਾਰਾਂ) ਦੀ ਲੋਕਾਂ ਵਿਚਕਾਰ ਦਿੱਖ ਅਤੇ ਸ਼ਹਿਰੀਆਂ ਤੋ ਵੀ ਉਨਾਂ ਬਾਰੇ ਪੁੱਛ ਪੜਤਾਲ ਵੀ ਕੀਤੀ ਗਈ ਤਾਂ ਜੋ ਬਾਰੀਕ ਝਾਰਣੇ ਵਿਚਕਾਰ ਦੀ ਲੰਘਾ ਕੇ ਹੀ ਇਨਾਂ ਨੂੰ ਪਾਰਟੀ ਉਮੀਦਵਾਰ ਬਣਾਇਆ ਜਾ ਸਕੇ। ਪਾਰਟੀ ਦੀਆ ਹਦਾਇਤਾਂ ਅਤੇ ਵਿਧਾਇਕ ਬਲਕਾਰ ਸਿੱਧੂ ਦੀ ਨਿੱਜੀ ਸੋਚ ਅਨੁਸਾਰ ਇਨਾਂ ਚੋਣਾਂ ਵਿਚ ਪਾਰਟੀ ਦੀਆ ਟਿਕਟਾਂ ਟਕਸਾਲੀਆਂ ਦੇ ਹੱਥ ਜਿਆਦਾ ਲੱਗਣ ਦੇ ਆਸਾਰ ਹਨ ਕਿਉਕਿ ਸ਼ਹਿਰੀ ਵੋਟਰ ਪਾਰਟੀ ਉਮੀਦਵਾਰ ਘੋਖਣ ਦੇ ਨਾਲੋ ਨਾਲ ਉਨਾਂ ਦੀ ਲੋਕਾਂ ਪ੍ਰਤੀ ਸੋਚ ਬਾਰੇ ਵੀ ਘੋਖ ਕਰਦੇ ਹਨ। ਉਧਰ ਹਲਕਾ ਵਿਧਾਇਕ ਸਿੱਧੂ ਦੀ ਇਹ ਵੀ ਸੋਚ ਹੈ ਕਿ ਸਿਆਸੀ ਪੇਚਾ ਰਵਾਇਤੀ ਅਤੇ ਕੜੀਆ ਹੋਈਆ ਸਿਆਸੀ ਧਿਰਾਂ ਦੇ ਨਾਲੋ ਨਾਲ ਸ਼ਹਿਰ ਅੰਦਰ ਇਕ ਆਜਾਦ ਧੜੇ ਨਾਲ ਵੀ ਪਵੇਗਾ। ਜਿਸ ਦੇ ਸ਼ਹਿਰ ਅੰਦਰਲੇ ਸਿਆਸੀ ਅਤੇ ਸਮਾਜਿਕ ਅਧਾਰ ਨੂੰ ਘੱਟ ਕਰਕੇ ਵੇਖਣਾ ਸ਼ਾਇਦ ਭਵਿੱਖ ਵਿਚ ਘਾਤਿਕ ਸਿੱਧ ਹੋ ਸਕਦਾ ਹੈ, ਪਰ ਆਮ ਆਦਮੀ ਪਾਰਟੀ ਲਈ ਇਹ ਰਾਹਤ ਭਰੀ ਖਬਰ ਜਰੂਰ ਹੈ ਕਿ ਕਾਂਗਰਸ ਦਾ ਅਜੇ ਕੋਈ ਪੱਕਾ ਵਾਲੀ ਵਾਰਿਸ ਹਲਕੇ ਅੰਦਰ ਕੋਈ ਨਹੀ ਜਦਕਿ ਅਕਾਲੀ ਦਲ ਨੇ ਬੀਤੇ ਦਿਨੀ ਹੀ ਨਵੇਂ ਜਰਨੈਲ ਦੇ ਹੱਥ ਵਾਂਗਡੋਰ ਦਿੱਤੀ ਹੈ। ਜਿਨਾਂ ਲਈ ਇਹ ਚੋਣਾਂ ਅਗਨੀ ਪ੍ਰੀਖਿਆ ਤੋ ਘੱਟ ਨਹੀ ਹਨ, ਜਦਕਿ ਦੇਸ਼ ਦੀ ਸੱਤਾ ਸੰਭਾਲਣ ਵਾਲੀ ਸਿਆਸੀ ਧਿਰ ਭਾਜਪਾ ਦੇ ਕਈ ਆਗੂ ਜਰੂਰ ਸ਼ਹਿਰ ਅੰਦਰ ਇਨਾਂ ਚੋਣਾਂ ਨੂੰ ਲੈ ਕੇ ਸੁਰਾਂ ਕੱਢ ਰਹੇ ਹਨ, ਪਰ ਸੁਰ ਅਤੇ ਤਾਲ ਦਾ ਸਿਆਸੀ ਸੁਮੇਲ ਕਿੰਨਾਂ ਕੁ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਲੋਕ ਨਬਜ ਟਟੋਲਣ ’ਤੇ ਇਹ ਜਰੂਰ ਸਾਹਮਣੇ ਆਉਦਾ ਹੈ ਜੇਕਰ ਆਮ ਆਦਮੀ ਪਾਰਟੀ ਉਮੀਦਵਾਰਾਂ ਦੀ ਚੋਣ ਸਹੀ ਤਰੀਕੇ ਨਾਲ ਕਰ ਗਈ ਤਦ ਬਹੁਕੋਣੇ ਮੁਕਾਬਲੇ ਵਿਚ ਜਰੂਰ ਬਾਜੀ ਮਾਰ ਸਕਦੀ ਹੈ, ਪਰ ਉਮੀਦਵਾਰਾਂ ਦੀ ਚੋਣ ਵਿਚ ਮਾਮੂਲੀ ਅਵੇਸਲਾਪਣ ਲੈਣੇ ਦੇ ਦੇਣੇ ਦਾ ਦੁਆਰ ਵਿਖਾ ਸਕਦਾ ਹੈ, ਕਿਉਕਿ ਸ਼ਹਿਰ ਦੇ ਕਈ ਵਾਰਡਾਂ ਅੰਦਰ ’ ਮੈਂ ਇਕਲੀ ’ਤੇ ਮੁਲਾਜੇਦਾਰ ਵਾਹਲੇ ‘ ਵਾਲੀ ਰੀਤ ਵਿਖਾਈ/ਸੁਣਾਈ ਦੇ ਰਹੀ ਹੈ ਕਿਉਕਿ ਕਈ ਅਜਿਹੇ ਵਿਅਕਤੀ ਪਾਰਟੀ ਤੋ ਟਿਕਟ ਦੀ ਭਾਲ ਵਿਚ ਹਨ, ਜਿਨਾਂ ਨੂੰ ਘਰ ਦੀਆ ਪੂਰੀਆ ਵੋਟਾਂ ਪੈਣ ਦਾ ਵੀ ਸ਼ੱਕ ਬਣਿਆ ਹੋਇਆ ਹੈ।