ਖੇਤੀਬਾੜੀ ਵਿਭਾਗ ਦੇ ਕਿਸਾਨ ਮੇਲੇ ਵਿਚ ਕਾਰਡ ’ਤੇ ਸੱਤਾਧਾਰੀ ਧਿਰ ਦੇ ਵਿਧਾਇਕ ਅਮਿਤ ਰਤਨ ਦਾ ਨਾਂਅ ਨਾ ਛਪਣ ਦੇ ਮਾਮਲੇ ਨੇ ਤੂਲ ਫੜਿਆ
ਖਫਾ ਹੋਏ ਵਿਧਾਇਕ ਨੇ ਜਿਲਾ ਪ੍ਰਸਾਸਨ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵਿਰੱੁਧ ਕਾਰਵਾਈ ਲਈ ਐਸ.ਐਸ.ਪੀ. ਬਠਿੰਡਾ ਨੂੰ ਲਿਖਿਆ ਪੱਤਰ
ਬਠਿੰਡਾ 27 ਅਕਤੂਬਰ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) : ਜਿਲੇਂ ਪੱਧਰ ’ਤੇ ਪਿਛਲੇ ਦਿਨੀ ਖੇਤੀਬਾੜੀ ਵਿਭਾਗ ਵੱਲੋ ਕਰਵਾਏ ਕਿਸਾਨ ਮੇਲੇ ਦੇ ਕਾਰਡ ’ਤੇ ਜਿਲੇਂ ਦੇ ਸਮੁੱਚੇ ਵਿਧਾਂਿੲਕਾਂ ਦਾ ਨਾਂਅ ਹੋਣ ਪਰ ਬਠਿੰਡਾ ਦਿਹਾਤੀ ਹਲਕੇ ਤੋ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦਾ ਨਾਂਅ ਨਾ ਛਾਪਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਜਿਸ ਤੋ ਬਾਅਦ ਖਫਾ ਹੋਏ ਵਿਧਾਇਕ ਅਮਿਤ ਰਤਨ ਨੇ ਇਸ ਮਾਮਲੇ ਵਿਚ ਜਿਲਾ ਪ੍ਰਸਾਸਨ ਅਤੇ ਖੇਤੀਬਾੜੀ ਵਿਭਾਗ ਦੇ ਸੀ.ਈ.ਓ ਖਿਲਾਫ ਇਕ ਲਿਖਤੀ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵਿਧਾਇਕ ਅਮਿਤ ਰਤਨ ਨੇ ਮੀਡੀਆ ਨੂੰ ਭੇਜੇ ਪ੍ਰੈਸ ਨੌਟ ਵਿਚ ਕਿਹਾ ਕਿ ਲੰਘੀਆ ਵਿਧਾਨ ਸਭਾ ਚੋਣਾਂ ਵਿਚ ਬੇਸ਼ੱਕ ਆਪ ਪਾਰਟੀ ਨੇ ਸਧਾਰਨ ਪਰਿਵਾਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਸਨ ਅਤੇ ਲੋਕਾਂ ਨੇ ਵੀ ਇਨਾਂ ਨੂੰ ਬਤੋਰ ਵਿਧਾਇਕ ਮਾਣ ਬਖਸ਼ਿਆ, ਪਰ ਕਈ ਅਫਸਰ ਅਜੇ ਤੱਕ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਹਨ ਜਦਕਿ ਅੱਜ ਵੀ ਕੁਝ ਅਫਸਰਾਂ ਨੇ ਆਪਣਾ ਰਵੱਈਆ ਇਨਾਂ ਚੁਣੇ ਹੋਏ ਨੁਮਾਇਦਿਆਂ ਪ੍ਰਤੀਂ ਨਹੀ ਬਦਲਿਆ। ਵਿਧਾਇਕ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਬਠਿੰਡਾ ਵਲੋਂ ਪਿਛਲੇ ਦਿਨੀ ਜ਼ਿਲਾ ਪੱਧਰੀ ਪ੍ਰੋਗਰਾਮ ਵਿਚ ਬਠਿੰਡਾ ਦਿਹਾਤੀ ਤੋਂ ਦਲਿਤ ਵਿਧਾਇਕ ਹੋਣ ਨਾਤੇ ਉਨਾਂ ਨੂੰ ਅਣਗੌਲਿਆਂ ਕਰਕੇ ਕਥਿਤ ਤੌਰ ’ਤੇ ਅਪਮਾਨਿਤ ਕਰਨ ਦਾ ਕੰਮ ਜ਼ਿਲਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਖੇਤੀਬਾੜੀ ਅਫਸਰ ਵਲੋਂ ਕੀਤਾ ਗਿਆ ਹੈ ਜਦਕਿ ਉਨਾਂ ਨੇ ਵੀ ਹੋਰਨਾਂ ਵਿਧਾਇਕਾਂ ਵਾਂਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਸਹੁੰ ਖਾਧੀ ਸੀ, ਉਥੇ ਰਾਖਵੇਂ ਹਲਕੇ ਬਠਿੰਡਾ ਦਿਹਾਤੀ ਤੋਂ ਉਹ ਵੀ ਆਪਣੇ ਹਲਕੇ ਦੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਜੁਟੇ ਹੋਏ ਹਨ, ਪਰ ਬਠਿੰਡਾ ਮੇਲੇ ਵਿਚ ਮੈਨੂੰ ਪ੍ਰਸਾਸਨ ਵੱਲੋ ਨਜਰਅੰਦਾਜ ਕਰਨਾ ਦਲਿਤ ਵਰਗ ਦੇ ਲੋਕਾਂ ਨਾਲ ਧ੍ਰੋਹਕਮਾਉਣ ਵਰਗਾ ਹੈ। ਜਿਸ ਕਾਰਨ ਜ਼ਿਲੇ ਦੇ ਆਲਾ ਅਧਿਕਾਰੀਆਂ ਵਲੋਂ ਮੇਰੇ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਰਾਹੀਂ ਐਸ.ਸੀ. ਭਾਈਚਾਰੇ ਦੇ ਮਾਣ ਸਨਮਾਨ ਨੂੰ ਡੂੰਘੀ ਠੇਸ ਸੱਟ ਪਹੁੰਚਾਈ ਗਈ ਹੈ। ਜਿਹੜੇ ਅਧਿਕਾਰੀ ਇਨਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨ ਵਿਚ ਨਾਕਾਮ ਰਹਿਣਗੇ। ਉਨਾਂ ਵਿਰੱੁਧ ਸਰਕਾਰ ਸਖਤ ਹੈ। ਵਿਧਾਇਕ ਇੰਜ. ਅਮਿਤ ਰਤਨ ਕੋਟਫੱਤਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਖਿਲਾਫ ਉਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਤਹਿਤ ਐਸ.ਐਸ.ਪੀ. ਬਠਿੰਡਾ ਨੂੰ ਲਿਖਤੀ ਤੌਰ ਤੇ ਦਰਖਾਸਤ ਦੇ ਕੇ ਕਾਰਵਾਈ ਕਰਨ ਲਈ ਲਿਖਿਆ ਹੈ। ਉਨਾਂ ਵਲੋਂ ਇਸ ਦੀ ਕਾਪੀ ਮੁੱਖ ਮੰਤਰੀ ਪੰਜਾਬ ਨੂੰ ਵੀ ਕਾਰਵਾਈ ਲਈ ਭੇਜੀ ਗਈ ਹੈ। ਉਨਾਂ ਕਿਹਾ ਕਿ ਉਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੂਰਨ ਭਰੋਸਾ ਹੈ ਤੇ ਉਹ ਅਧਿਕਾਰੀ ਵਿਰੁੱਧ ਫੌਰੀ ਕਾਰਵਾਈ ਕਰਨਗੇ। ਉਧਰ ਮਾਮਲੇ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ ਹਸਨ ਸਿੰਘ ਨਾਲ ਗੱਲ ਕੀਤੀ ਤਦ ਉਨਾਂ ਕਿਹਾ ਕਿ ਕਾਰਡ ’ਤੇ ਨਾਂਅ ਨਾ ਛਾਪਣ ਸਬੰਧੀ ਜਿਲਾ ਪ੍ਰਸ਼ਾਸਨ ਦੀਆ ਹਦਾਇਤਾਂ ਦੀ ਪਾਲਣਾ ਕੀਤੀ ਹੈ। ਜਿਸ ਬਾਰੇ ਉਹ ਹੀ ਦੱਸ ਸਕਦੇ ਹਨ। ਉਨਾਂ ਮੰਨਿਆ ਕਿ ਪਹਿਲੇ ਕਾਰਡ ਵਿਚ ਨਾਂਅ ਛਪ ਗਿਆ ਸੀ ਪਰ ਪ੍ਰਸਾਸਨ ਦੇ ਕਹਿਣੇ ’ਤੇ ਹੀ ਦੂਜੀ ਵਾਰ ਬਿਨਾਂ ਨਾਂਅ ਵਾਲਾ ਕਾਰਡ ਛਾਪਿਆ ਗਿਆ ਹੈ। ਉਧਰ ਇਹ ਵੀ ਪਹਿਲੀ ਵਾਰ ਵੇਖਿਆ ਗਿਆ ਕਿ ਕਿਸੇ ਜਿਲੇਂ ਦੇ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ਜਿਲਾ ਪੁਲਿਸ ਮੁੱਖੀ ਨੂੰ ਕਿਸੇ ਵਿਧਾਇਕ ਨੇ ਭੇਜੀ ਹੋਵੇ ਜਦਕਿ ਕਿਸੇ ਵੀ ਚੁਣੇ ਹੋਏ ਵਿਧਾਇਕ ਦਾ ਪ੍ਰੋਟੋਕਾਲ ਚੀਫ ਸੈਕਟਰੀ ਦੇ ਪ੍ਰੋਟੋਕਾਲ ਨਾਲ ਮੇਲ ਖਾਂਦਾ ਹੈ। ਜਿਸ ਕਾਰਨ ਉਕਤ ਸ਼ਿਕਾਇਤ ਮੁੱਖ ਮੰਤਰੀ, ਪੰਜਾਬ ਵਿਧਾਨ ਸਭਾ ਸਪੀਕਰ ਜਾਂ ਅਸੈਬਲੀ ਦੇ ਵਿਧਾਇਕਾਂ ਦੀ ਸਟੈਡਿੰਗ ਕਮੇਟੀ ਕੋਲ ਕਰਨੀ ਬਣਦੀ ਸੀ।