ਫੂੁਲ ਹਲਕੇ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੱਧੂ ਦੇ ਹੱਕ ਵਿਚ ’ ਰਾਣਾ ਮਾਨ ‘ ਨਿੱਤਰਿਆ
’ ਸਾਰਾ ਪੰਜਾਬ ਸਿੱਧੂ ਦੇ ਨਾਲ, ਸਿੱਧੂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ‘ ਦੇ ਨਾਂਅ ਹੇਠ ਬੈਨਰਜ, ਹੋਰਡਿਗਜਾਂ ਨੇ ਮੱਲੀ ਥਾਂ
ਰਾਮਪੁਰਾ ਫੂਲ (ਬਠਿੰਡਾ) 26 ਦਸੰਬਰ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੱਲੋ ਬੀਤੇ ਦਿਨੀ ’ ਜਿੱਤੇਗਾ ਪੰਜਾਬ ‘ ਦੇ ਨਾਂਅ ਹੇਠ ਕੀਤੀ ਰੈਲੀ ਤੋ ਬਾਅਦ ਸੂਬੇ ਦੀ ਕਾਂਗਰਸ ਵਿਚ ਵੱਡੀ ਉਥਲ ਪੁੱਥਲ ਵਿਖਾਈ ਦੇਣ ਲੱਗੀ ਹੈ, ਕਿਉਕਿ ਸਾਬਕਾ ਪ੍ਰਧਾਨ ਸਿੱਧੂ ਨੇ ਮੌਜੂਦਾ ਸੱਤਾਧਾਰੀ ਧਿਰ ਆਪ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਨੁਕਤਾਚੀਨੀ ਕਰਨ ਦੇ ਨਾਲੋ ਨਾਲ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨੂੰ ਵੀ ਲਪੇਟੇ ਵਿਚ ਲੈ ਲਿਆ ਸੀ। ਜਿਸ ਵਿਚ ਉਨਾਂ ਹਮੇਸ਼ਾਂ ਇਨਾਂ ਲੀਡਰਾਂ ਦੇ ਜਿੱਤਣ ਅਤੇ ਪੰਜਾਬ ਦੇ ਹਾਰਨ ਦੀ ਗੱਲ ਕਹੀ ਸੀ। ਜਿਸ ਤੋ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੇ ਕੱਲ ਨਵਜੋਤ ਸਿੱਧੂ ਦਾ ਨਾਂਅ ਲਏ ਬਿਨਾਂ ਅਜਿਹੀ ਬਿਆਨਬਾਜੀ ਵਿਅਕਤੀ ਦੀ ਨਿੱਜੀ ਰਾਇ ਕਰਾਰ ਦੇਣ ਦੇ ਨਾਲ ਪਿਛਲੇ ਦਿਨੀ ਸਿੱਧੂ ਦੇ ਸਾਥੀ ਮਨਸਿਮਰਤ ਸਿੰਘ ਸੈਰੀ ਰਿਆੜ ਨੂੰ ਪਾਰਟੀ ਖਿਲਾਫ ਕਾਰਵਾਈਆ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਜਦਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋ ਜਿੱਤੇਗਾ ਪੰਜਾਬ ਨੂੰ ’ਵੱਖਰਾ ਅਖਾੜਾ‘ ਦਾ ਨਾਂਅ ਦਿੱਤੇ ਜਾਣ ਤੋ ਬਾਅਦ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਹਲਕਾ ਰਾਮਪੁਰਾ ਫੂਲ ਅੰਦਰ ਇਕ ਲਹਿਰ ਖੜੀ ਹੋ ਗਈ ਹੈ। ਜਿਸ ਵਿਚ ਹਲਕਾ ਫੂਲ ਦੇ ਸੀਨੀਅਰ ਕਾਂਗਰਸ ਆਗੂ ਗੁਰਤੇਜ ਸਿੰਘ ਰਾਣਾ ਮਾਨ ਸਾਬਕਾ ਮੀਤ ਪ੍ਰਧਾਨ ਨਗਰ ਕੋਸਲ ਰਾਮਪੁਰਾ ਫੂਲ ਨੇ ਹਲਕੇ ਅੰਦਰ ਸਿੱਧੂ ਦੇ ਹੱਕ ਵਿਚ ਹੋਰਡਿੰਗਜ ਲਾਉਣ ਦੇ ਨਾਲੋ ਨਾਲ ਸ਼ੋਸ਼ਲ ਮੀਡੀਆ ’ਤੇ ਵੀ ’ ਸਾਰਾ ਪੰਜਾਬ ਸਿੱਧੂ ਦੇ ਨਾਲ, ਸਿੱਧੂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ‘ ਹੇਠ ਬੈਨਰਜ ਲਾ ਕੇ ਆਪਣੇ ਮਨ ਦੀਆ ਭਾਵਨਾਵਾਂ ਅਤੇ ਸਿੱਧੂ ਦੇ ਹੱਕ ਵਿਚ ਆਪਣਾ ਸਟੈਂਡ ਸਪੱਸਟ ਕਰ ਦਿੱਤਾ ਹੈ। ਜਿਸ ਦੇ ਸਬੰਧ ਵਿਚ ਸੀਨੀਅਰ ਕਾਂਗਰਸ ਆਗੂ ਗੁਰਤੇਜ ਸਿੰਘ ਰਾਣਾ ਮਾਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਜਿੱਤੇਗਾ ਪੰਜਾਬ ਰੈਲੀ ਵਿਚ ਪੰਜਾਬ ਅਤੇ ਪੰਜਾਬੀਆਂ ਦੀ ਗੱਲ ਕੀਤੀ ਹੈ ਜਦਕਿ ਉਕਤ ਰੈਲੀ ਉਸ ਵੇਲੇ ਕੀਤੀ ਗਈ ਜਦ ਲੋਕ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਕਾਂਗਰਸ ਦਾ ਆਪ ਸਰਕਾਰ ਅਤੇ ਅਕਾਲੀ ਦਲ ਖਿਲਾਫ ਹੱਲਾ ਬੋਲਣ ਦਾ ਹੱਕ ਸੀ, ਪਰ ਪੰਜਾਬ ਅਤੇ ਕਾਂਗਰਸੀ ਵਰਕਰਾਂ ਦੀ ਅਵਾਜ ਬੁਲੰਦ ਕਰਨ ਵਾਲੇ ਸਾਬਕਾ ਪ੍ਰਧਾਨ ਸਿੱਧੂ ਸਣੇ ਉਨਾਂ ਦੇ ਸਮੱਰਥਕਾਂ ਖਿਲਾਫ ਸੂਬਾ ਕਾਂਗਰਸ ਦੀ ਕਾਰਵਾਈ ਨਿੰਦਣਯੋਗ ਹੈ। ਰਾਣਾ ਮਾਨ ਨੇ ਅੱਗੇ ਕਿਹਾ ਕਿ ਹਲਕਾ ਫੂਲ ਅੰਦਰ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਸਿੱਧੂ ਅਤੇ ਉਨਾਂ ਦੀ ਵਿਚਾਰਧਾਰਾ ਦੇ ਫੈਨ ਹਨ। ਜਿਕਰਯੋਗ ਹੈ ਕਿ ਹਲਕਾ ਫੂਲ ਅੰਦਰ ਕਾਂਗਰਸ ਦੇ ਮੌਜੂਦਾ ਪ੍ਰਧਾਨ ਦਾ ਵੀ ਇਕ ਨੇੜਲਾ ਸਾਥੀ ਆਪਣੀ ਡੱਫਲੀ ਆਪਣਾ ਰਾਗ ਅਲਾਪ ਰਿਹਾ ਹੈ।