ਕੀ ਪੰਜਾਬ ਦੀਆ ਸਮੁੱਚੀਆ ਸਿਆਸੀ ਧਿਰਾਂ ਤੋ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਿਆ ਹੈ?
ਦੇਸ਼ ਅੰਦਰ ਜਲਦ ਹੋਣ ਜਾ ਰਹੀਆ ਆਮ ਚੋਣਾਂ ਦੇ ਮੱਦੇਨਜਰ ਭਾਵੇਂ ਕੋਈ ਵੀ ਕੌਮੀ ਜਾਂ ਖੇਤਰੀ ਸਿਆਸੀ ਪਾਰਟੀ ਜਿੰਨੀਆਂ ਮਰਜੀ ਫੜਾਂ ਆਪਣੀ ਹੋਂਦ ਦੀਆ ਲੋਕਾਂ ਜਾਂ ਮੀਡੀਆ ਵਿਚਕਾਰ ਮਾਰੀ ਜਾਵੇ ਪਰ ਅਸਲੀਅਤ ਇਸ ਤੋ ਕੋਹਾਂ ਦੂਰ ਹੈ ਕਿਉਕਿ ਪੰਜਾਬ ਅੰਦਰੋ ਸਮੁੱਚੀਆ ਸਿਆਸੀ ਧਿਰਾਂ ਆਪਣੀ ਹੋਂਦ ਇਸ ਵੇਲੇ ਪੂਰੀ ਤਰ੍ਹਾਂ ਗੁਆ ਚੁੱਕੀਆ ਹਨ। ਪਿਛਲੇ ਦੋ ਵਰ੍ਹਿਆਂ ਤੋ ਸੂਬੇ ਦੀ ਸੱਤਾ ਦੀ ਕੁਰਸੀ ਕਾਬਜ ਆਮ ਆਦਮੀ ਪਾਰਟੀ ਵੱਲੋ ਆਪਣੇ ਕਈ ਵਾਅਦਿਆਂ ਨੂੰ ਸ਼ਰਤਾਂ ਰਾਹੀ ਪੂਰਾ ਕਰ ਦਿੱਤਾ ਗਿਆ ਹੈ ਪਰ ਵਿਰੋਧੀ ਧਿਰ ਵਿਚ ਰਹਿੰਦਿਆਂ ਲੋੜ ਤੋ ਵੱਧ ਕੀਤੀ ਬਿਆਨਬਾਜੀ ਹੁਣ ਇਸੇ ਹੀ ਪਾਰਟੀ ’ਤੇ ਭਾਰੂ ਪੈ ਰਹੀ ਹੈ। ਜਿਸ ਵਿਚ ਸਭ ਤੋ ਵੱਧ ਆਮ ਆਦਮੀ ਪਾਰਟੀ ਨੂੰ ਇਕ ਹਜਾਰ ਰੁਪੈ ਔਰਤਾਂ ਦੇ ਖਾਤੇ ਹਰ ਮਹੀਨੇ ਪਾਉਣ ਦੇ ਨਾਲੋ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋ 24 ਘੰਟਿਆਂ ਵਿਚ ਸਰਕਾਰ ਆਉਣ ’ਤੇ 22 ਫਸਲਾਂ ’ਤੇ ਐਮ.ਐਸ.ਪੀ ਦੀ ਗਾਰੰਟੀ ਵਰਗੇ ਮਾਰੇ ਦਗਮਜੇ ਹੁਣ ਮਹਿੰਗੇ ਪੈਦੇ ਵਿਖਾਈ ਦੇ ਰਹੇ ਹਨ। ਜਿਸ ਕਾਰਨ ਹੁਣ ਆਮ ਲੋਕਾਂ ਅਤੇ ਖਾਸਕਰ ਪੇਂਡੂ ਇਲਾਕਿਆਂ ਵਿਚ ਪਾਰਟੀ ਦੀ ਸ਼ਾਖ ਨੂੰ ਧੱਕਾ ਲੱਗਿਆ ਹੈ। ਉਧਰ ਪਾਰਟੀ ਦੇ ਵਿਧਾਇਕਾਂ ਤੋ ਲੈ ਕੇ ਹੇਠਲੇ ਕੇਡਰ ਤੱਕ ਥਾਣਿਆਂ/ਤਹਿਸੀਲਾਂ ਵਿਚਲੀ ਮਿਲੀ ਘੱਟ ਮੁਖਤਿਆਰੀ ਕਾਰਨ ਵੀ ਪਾਰਟੀ ਨਾਲੋ ਸਿਆਸੀ ਤੌਰ ’ਤੇ ਪਾਰਟੀ ਦੇ ਹਜਾਰਾਂ ਟਕਸਾਲੀ ਆਗੂਆਂ ਵਰਕਰਾਂ ਦਾ ਮੋਹ ਭੰਗ ਹੋਇਆ ਹੈ। ਸੂਬੇ ਦੀ ਸਭ ਤੋ ਪੁਰਾਣੇ ਸ੍ਰੋਮਣੀ ਅਕਾਲੀ ਦਲ ’ਤੇ ਪਿਛਲੇ 9 ਵਰਿ੍ਰਆਂ ਤੋ ਸਾੜਸਤੀ ਚਲ ਰਹੀ ਹੈ, ਕਿਉਕਿ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਨੇ ਕਦੇ ਸੋਚਿਆ ਵੀ ਨਹੀ ਹੋਣਾ ਕਿ 2015 ਤੋ ਬਾਅਦ ਅਜਿਹੇ ਦਿਨ ਵੀ ਵੇਖਣੇ ਪੈਣਗੇ ਕਿ ਪੰਥਕ ਧਿਰ ਅਤੇ ਪੰਜਾਬੀਆਂ ਦੀ ਪਲੇਠੀ ਪਸੰਦੀਦਾ ਪਾਰਟੀ ਦੇ ਸਿਰਕੱਢ ਲੀਡਰਾਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਵਰਗਿਆਂ ਤੋ ਲੋਕ ਚੌਕ ਚੁਰਾਹਿਆਂ ਵਿਚ ਸਵਾਲ ਪੁੱਛਣਗੇ, ਪਾਰਟੀ ਦਾ ਸਿਆਸੀ ਗ੍ਰਾਫ ਸਿਮਟ ਕੇ ਦੋ ਤਿੰਨ ਵਿਧਾਨ ਸਭਾ ਦੀਆ ਸੀਟਾਂ ’ਤੇ ਰਹਿ ਜਾਣਾ, ਇਕਲੇ ਅਕਾਲੀ ਦਲ ਲਈ ਹੀ ਨਹੀ ਬਲਕਿ ਪੰਜਾਬ ਵਰਗੇ ਸੂਬੇ ਵਿਚੋ ਖੇਤਰੀ ਪਾਰਟੀ ਦੇ ਸਿਆਸੀ ਖਾਤਮੇ ਵੱਲ ਇਸ਼ਾਰਾ ਕਰਦਾ ਹੈ। ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਦਾ ਖੇਤੀ ਕਾਨੂੰਨਾਂ ਦੀ ਸਰਾਹਣਾ ਕਰਨੀ ਅਤੇ ਮੁੜ ਆਪਣੇ ਕਹੇ ਤੋ ਪਿਛਾਂਹ ਹਟ ਜਾਣ ਵਰਗੇ ਫੈਸਲਿਆਂ ਤੋ ਬਾਅਦ ਪਾਰਟੀ ਦੀ ਰਹਿੰਦੀ ਖੂਹਦੀ ਸ਼ਾਖ ਭੁੰਜੇ ਲਹਿ ਗਈ। ਉਧਰ ਬੇਅਦਬੀ ਦੀ ਵੱਜੀ ਵੱਡੀ ਸਿਆਸੀ ਅਤੇ ਧਾਰਮਿਕ ਸੱਟ ਤੋ ਬਾਅਦ ਖੇਤੀ ਕਾਨੂੰਨਾਂ ਦੀ ਹੌਦ ਵੇਲੇ ਪਹਿਲਾ ਕੇਂਦਰ ਨੂੰ ਕੋਈ ਸਲਾਹ ਨਾ ਦੇਣੀ ਅਤੇ ਫੇਰ ਔਖੀ ਘੜੀ ਵਿਚ ਕੇਂਦਰ ਦੀ ਭਾਜਪਾ ਸਰਕਾਰ ਨਾਲੋ ਤੋੜ ਵਿਛੋੜੇ ਵਰਗੇ ਫੈਸਲੇ ਵੀ ਅਕਾਲੀ ਦਲ ਲਈ ਘਾਤਿਕ ਸਿੱਧ ਹੋਏ ਹਨ, ਭਾਵੇਂ ਪਿਛਲੀਆ ਵਿਧਾਨ ਸਭਾਂ ਚੋਣਾਂ ਵਿਚ ਭਾਜਪਾ ਸੂਬੇ ਅੰਦਰ ਮਹਿਜ ਦੋ ਸੀਟਾਂ ’ਤੇ ਹੀ ਜਿੱਤ ਦਰਜ ਕਰਨ ਵਿਚ ਸਫਲ ਰਹੀ ਪਰ ਅਕਾਲੀ ਦਲ ਨਾਲੋ ਤੋੜ ਵਿਛੋੜੇ ਤੋ ਬਾਅਦ ਭਾਜਪਾ ਦਾ ਸਿਆਸੀ ਆਧਾਰ ਪੰਜਾਬ ਅਤੇ ਖਾਸ ਕੁਰ ਮਾਲਵੇ ਅੰਦਰ ਜਰੂਰ ਵਧਿਆ ਹੈ ਪਰ ਇਕਲਿਆਂ ਭਾਜਪਾ ਦਾ ਆਮ ਚੋਣਾਂ ਵਿਚ ਜਿੱਤ ਜਾਣਾ ਪੰਜਾਬ ਅੰਦਰੋ ਮੁਸ਼ਕਿਲ ਹੀ ਨਹੀ ਬਲਕਿ ਅਸੰਭਵ ਹੈ, ਪਰ ਨਾਲ ਇਹ ਵੀ ਗੱਲ ਹੈ ਕਿ ’ਹਮ ਤੋ ਡੂਬੇਗੇ ਪਰ ਸਨਮ ਤੁਮ ਕੋ ਸਾਥ ਲੈ ਕੇ ‘ ਵਰਗੀ ਕਹਾਵਤ ਵਿਚ ਇਹ ਜਰੁੂਰ ਹੈ ਕਿ ਭਾਜਪਾ ਦੇ ਤੋੜ ਵਿਛੋੜੇ ਤੋ ਬਾਅਦ ਅਕਾਲੀ ਦਲ ਵੀ ਸਿਆਸੀ ਸਫਾਏ ਵੱਲ ਵਧਦਾ ਨਜਰ ਆ ਰਿਹਾ ਹੈ ਜਦਕਿ ਰਹਿੰਦੀ ਖੂਹਦੀ ਕਸਰ ਬਸਪਾ ਨਾਲੋ ਤੋੜ ਵਿਛੋੜੇ ਨੇ ਪੂਰੀ ਕਰ ਦੇਣੀ ਹੈ। ਉਧਰ ਸੂਬੇ ਅੰਦਰ ਕਾਂਗਰਸ ਦੇ ਸਿਆਸੀ ਹਾਲਾਤ ਵੀ ਕੋਈ ਬੁਹਤੇ ਵਧੀਆ ਨਹੀ ਹਨ ਕਿਉਕਿ ਸਮਰਾਲਾ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜੁਣ ਖੜਗੇ ਦੀ ਅਗਵਾਈ ਵਿਚ ਹੋਈ ਪਹਿਲੀ ਸੂਬਾਈ ਕਨਵੈਨਸ਼ਨ ਵਿਚਲੇ ਇਕਠ ਨੇ ਪਾਰਟੀ ਦੇ ਮੌਜੂਦਾ ਹਾਲਾਤਾਂ ’ਤੇ ਸਵੱਲੀ ਝਾਤ ਮਰਵਾ ਦਿੱਤੀ ਹੈ ਜਦਕਿ ਪਾਰਟੀ ਅੰਦਰਲੇ ਲੀਡਰਾਂ ਵੱਲੋ ਛਿੱਤਰੀ ਵੰਡੀ ਜਾਂਦੀ ਦਾਲ ਵੀ ਕਿਸੇ ਤੋ ਭੁੱਲੀ ਨਹੀ। ਜਿਸ ਵਿਚ ਹੁਣ ਪੰਜਾਬ ਅੰਦਰ ਕਾਂਗਰਸ ਬਨਾਮ ਕਾਂਗਰਸ ਵਿਚਕਾਰ ਹੀ ਮੈਚ ਚਲ ਰਿਹਾ ਹੈ ਅਤੇ ਦੋਵੇ ਧਿਰਾਂ ਇਕ ਦੂਜੇ ਨੂੰ ਠਿੱਬੀ ਲਾਉਣ ਲਈ ਹਰ ਵੇਲੇ ਕਾਹਲੀਆ ਵਿਖਾਈ ਦਿੰਦੀਆ ਹਨ। ਭਾਜਪਾ ਨੇ ਬੇਸ਼ੱਕ ਸ੍ਰੀ ਰਾਮ ਮੰਦਿਰ ਤੋ ਬਾਅਦ ਪੰਜਾਬ ਦੇ ਹਿੰਦੂਆਂ ਦੇ ਮਨਾਂ ਵਿਚ ਖਾਸ ਥਾਂ ਬਣਾਈ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਕਈ ਸਿੱਖ ਮਸਲਿਆਂ ਦੇ ਹੱਲ ਤੋ ਬਾਅਦ ਸਿੱਖਾਂ ਦੇ ਮਨਾਂ ਅੰਦਰ ਵੀ ਥਾਂ ਬਣਾਉਣ ਦੀ ਕੋਸ਼ਿਸ ਕੀਤੀ ਗਈ ਪਰ ਕਿਸਾਨ ਅੰਦੋਲਣ ਨੇ ਇਕ ਵਾਰ ਫੇਰ ਬਣੀ ਬਣਾਈ ਸਾਰੀ ਖੇਡ ’ਤੇ ਪਾਣੀ ਫੇਰ ਦਿੱਤਾ ਹੈ। ਜਿਸ ਕਾਰਨ ਸੂਬੇ ਦੇ ਲੋਕ ਇਸ ਵੇਲੇ ਕਿਸੇ ਨੂੰ ਵੀ ਮੂੰਹ ਲਾਉਣ ਦੇ ਮੂਡ ਵਿਚ ਨਹੀ ਹਨ। ਉਧਰ ਪੰਜਾਬ ਅੰਦਰ ਕਿਸਾਨ ਜੱਥੇਬੰਦੀਆਂ ਨੇ ਵੀ ਲੀਕ ਤੋ ਹਟ ਕੇ ਇਕ ਵਾਰ ਸਿਆਸੀ ਲੀਡਰ ਬਣਨ ‘ਤੇ ਪਾਲੇ ਸੁਪਨੇ ਨੂੰ ਅਜਮਾ ਕੇ ਵੇਖ ਲਿਆ ਹੈ, ਸੱਥਾਂ, ਚੌਕਾਂ ਵਿਚਲੇ ਧਰਨਿਆਂ, ਸੜਕਾਂ, ਰੇਲਾਂ ਰੋਕੇ ਜਾਣ ਵੇਲੇ ਬਿਨ੍ਹਾਂ ਸੱਦੇ ਦੇ ਹਜਾਰਾਂ ਲੋਕਾਂ ਦੇ ਪਹੁੰਚ ਜਾਣ ਨੇ ਇਕ ਵਾਰ ਕੁਝਕਿ ਕਿਸਾਨ ਜੱਥੇਬੰਦੀਆਂ ਵਿਚਲੇ ਆਗੂਆਂ ਦੇ ਮਨਾਂ ਅੰਦਰ ਭਰਮ ਭੁਲੇਖੇ ਪੈਦਾ ਕਰ ਦਿੱਤੇ ਸਨ ਕਿ ਅਸਾਂ ਕੁਝ ਵੀ ਕਰ ਸਕਦੇ ਹਾਂ ਪਰ ਸਿਆਸੀ ਅਖਾੜੇ ਮਲ ਲੈਣ ’ਤੇ ਸਭ ਚਿੱਟੇ ਦਿਨ ਵਾਂਗ ਸਾਫ ਹੋ ਗਿਆ, ਕਿਉਕਿ ਕੇਂਦਰੀ ਮੰਤਰੀਆਂ ਨੂੰ ਇਕ ਮਿੰਟ ਵਿਚ ਝਾੜ ਕੇ ਬਿਠਾ ਦੇਣ ਵਾਲੇ ਇਨ੍ਹਾਂ ਆਗੂੁਆਂ ਦੀਆ ਸੰਦੂਕੜੀਆਂ ਵਿਚੋ ਸੈਕੜੇ ਵੋਟਾਂ ਵੀ ਨਾ ਨਿਕਲੀਆ। ਜਿਸ ਕਾਰਨ ਪੰਜਾਬ ਦੇ ਲੋਕ ਸਿਰਫ ਆਪ ਮੁਹਾਰੇ ਹਨ। ਇਨ੍ਹਾਂ ਸਾਹਮਣੇ ਕੋਈ ਵੀ ਹੀਰੋ ਜਾਂ ਜੀਰੋ ਨਹੀ ਹੈ। ਜਿਨ੍ਹਾਂ ਦੇ ਮਨਾਂ ਵਿਚ ਇਸ ਵੇਲੇ ਸਿਆਸਤ ਕਰਨ ਵਾਲੀਆ ਸਾਰੀਆ ਹੀ ਧਿਰਾਂ ਉਤਰ ਚੁੱਕੀਆ ਹਨ।
ਲੁਭਾਸ਼ ਸਿੰਗਲਾ ਜਿਲਾ ਇੰਚਾਰਜ, ਰੋਜਾਨਾ ਪੰਜਾਬ ਟਾਇਮਜ
94654-30643
---------------------------