ਭਾਜਪਾ ਵੱਲੋ ਮਲੂਕਾ ਪਰਿਵਾਰ ਵਿਚਲੀ ਸਿਆਸੀ ਸੰਨ੍ਹਮਾਰੀ ਨੇ ਅਕਾਲੀ ਦਲ ਦੇ ਪੈਰ ਜਹੇ੍ ਉਖਾੜ ਕੇ ਰੱਖ ਦਿੱਤੇ
ਬਠਿੰਡਾ 11 ਅਪ੍ਰੈਲ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਮਾਲਵੇ ਦੀ ਹੋਟ ਸੀਟ ਸਮਝੀ ਜਾਂਦੀ ਬਠਿੰਡਾ ਲੋਕ ਸਭਾ ਸੀਟ ’ਤੇ ਇਕ ਵਾਰ ਫੇਰ ਸਿਆਸਤ ਨੇ ਮੋੜਾ ਕਟ ਲਿਆ ਹੈ ਕਿਉਕਿ ਬਾਦਲਾਂ ਦੇ ਕਰੀਬੀ ਸਮਝੇ ਜਾਂਦੇ ਮਲੂਕਾ ਪਰਿਵਾਰ ਵਿਚ ਹੀ ਭਾਜਪਾ ਨੇ ਸਿਆਸੀ ਸੰਨ੍ਹਮਾਰੀ ਕਰਕੇ ਸਿਆਸਤ ਦੇ ਮਾਇਨੇ ਹੀ ਬਦਲ ਕੇ ਰੱਖ ਦਿੱਤੇ ਹਨ। ਦਿੱਲੀ ਵਿਖੇ ਹੋਏ ਸਿਆਸੀ ਰਲੇਵੇਂ ਵਿਚ ਭਾਜਪਾ ਦੇ ਕੇਂਦਰੀ ਆਗੂਆਂ ਹਰਦੀਪ ਸਿੰਘ ਪੁਰੀ ਸਣੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਮਾਲਵੇ ਵਿਚ ਆਪਣੀ ਗੱਲ ਬੇਬਾਕੀ ਨਾਲ ਕਹਿਣ ਵਾਲੇ ਅਤੇ ਧੜੱਲੇਦਾਰ ਆਗੂ ਵਜੋ ਜਾਣੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਦੇ ਫਰਜੰਦ ਅਤੇ ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਧਰਮਪਤਨੀ ਸੇਵਾਮੁਕਤ ਆਈ.ਏ.ਐਸ ਸ੍ਰੀਮਤੀ ਪਰਮਪਾਲ ਕੌਰ ਮਲੂਕਾ ਵੱਲੋ ਭਾਜਪਾ ਵਿਚ ਸਿਆਸੀ ਤੌਰ ’ਤੇ ਸਮੂਲੀਅਤ ਕਰ ਲਈ ਗਈ। ਜਿਸ ਤੋ ਬਾਅਦ ਸ੍ਰੀਮਤੀ ਮਲੂਕਾ ਦੇ ਬਠਿੰਡਾ ਲੋਕ ਸਭਾ ਸੀਟ ਤੋ ਹਰਸਿਮਰਤ ਕੌਰ ਬਾਦਲ ਖਿਲਾਫ ਚੋਣ ਲੜਣ ਦੀਆ ਕਿਆਸਅਰਾਈਆ ਅਤੇ ਸਿਆਸੀ ਪੰਡਿਤਾਂ ਦੇ ਟੇਵੇ ਵੀ ਸਹੀ ਸਿੱਧ ਹੋਣ ਵੱਲ ਤੁਰ ਪਏ ਹਨ। ਜਿਸ ਕਾਰਨ ਆਉਦੇਂ ਦਿਨਾਂ ਵਿਚ ਬਠਿੰਡਾ ਲੋਕ ਸਭਾ ਦੇ ਸਿਆਸੀ ਅਖਾੜੇ ਵਿਚਲੇ ਰੰਗ ਕੁਝ ਵੱਖਰੇ ਵਿਖਾਈ ਦੇਣਗੇ। ਜੇਕਰ ਸਿਆਸੀ ਮਾਹਿਰਾਂ ਦੀ ਸੁਣੀਏ ਤਦ ਭਾਜਪਾ ਵੱਲੋ ਅਕਾਲੀ ਦਲ ਨੂੰ ਦਿੱਤੀਆ ਹੁਣ ਤੱਕ ਦੀਆ ਸਿਆਸੀ ਪਟਕਣੀਆਂ ਵਿਚੋ ਸਭ ਤੋ ਵੱਡੀ ਸਿਆਸੀ ਸੱਟ ਵਜੋ ਇਸ ਨੂੰ ਵੇਖਿਆ ਜਾ ਸਕਦਾ ਹੈ ਕਿਉਕਿ ਇਹ ਸਿਆਸੀ ਫੇਰ ਬਦਲ ਉਸ ਵੇਲੇ ਹੋਇਆ ਜਦ ਪਾਰਟੀ ਨੂੰ ਸਭ ਤੋ ਵਧੇਰੇ ਆਪਣੇ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਲੋੜ ਹੈ। ਉਧਰ ਮਲੂਕਾ ਪਰਿਵਾਰ ਦੇ ਮੈਂਬਰਾਂ ਦੇ ਸਿਆਸੀ ਫੇਰ ਬਦਲ ਦਾ ਅਸਰ ਬਠਿੰਡਾ ਲੋਕ ਸਭਾ ਸੀਟ ਦੇ ਨਾਲ ਫਰੀਦਕੋਟ ਸੀਟ ’ਤੇ ਵੀ ਪਵੇਗਾ ਕਿਉਕਿ ਰਾਮਪੁਰਾ ਫੂਲ ਵਿਧਾਨ ਸਭਾ ਹਲਕਾ ਫਰੀਦਕੋਟ ਲੋਕ ਸਭਾ ਹਲਕਾ ਦਾ ਹਿੱਸਾ ਹੈ। ਰਾਮਪੁਰਾ ਫੂਲ ਹਲਕੇ ਵਿਚ ਕੋਈ ਵੀ ਅਕਾਲੀ ਲੀਡਰ ਇਸ ਵੇਲੇ ਆਪਣੇ ਮੂੰਹੋ ਕੋਈ ਵੀ ਸ਼ਬਦ ਨਹੀ ਕੱਢ ਰਿਹਾ ਕਿਉਕਿ ਹਫਤੇ ਭਰ ਤੋ ਮੀਡੀਆ ਦੇ ਇਕ ਹਿੱਸੇ ਵੱਲੋ ਮਲੂਕਾ ਪਰਿਵਾਰ ਦੇ ਇਨ੍ਹਾਂ ਦੋਵੇ ਜੀਆਂ ਦੇ ਭਾਜਪਾ ਵਿਚ ਜਾਣ ਬਾਰੇ ਦਾਅਵੇ ਕੀਤੇ ਜਾ ਰਹੇ ਸਨ ਪਰ ਹਲਕਾ ਫੂਲ ਦੇ ਅਕਾਲੀ ਆਗੂ ਇਨ੍ਹਾਂ ਦਾਅਵਿਆਂ ਨੂੰ ਝੁਠਲਾਉਦੇ ਨਹੀ ਥੱਕ ਰਹੇ ਸਨ, ਭਾਵੇਂ ਦੋ ਦਿਨ ਪਹਿਲਾ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਗਈ ਸੀ, ਕਿ ਮਲੂਕਾ ਪਰਿਵਾਰ ਵਿਚ ਭਾਜਪਾ ਦੀ ਸਿਆਸੀ ਸੰਨ੍ਹਮਾਰੀ ਕੰਮ ਕਰ ਚੁੱਕੀ ਹੈ। ਪਰ ਸਭ ਕੁਝ ਦੇ ਬਾਵਜੂਦ ਫੂਲ ਹਲਕੇ ਦੇ ਕੁਝ ਮਲੂਕਾ; ਪਰਿਵਾਰ ਦੇ ਸਮੱਰਥਕ ਅੰਦਰਖਾਤਿਓ ਇਸ ਸਿਆਸੀ ਨਿਰਣੇ ’ਤੇ ਖੁਸ਼ ਵੀ ਹਨ ਕਿਉਕਿ ਭਾਜਪਾ ਦੀ ਦੇਸ਼ ਅੰਦਰ ਸਿਆਸੀ ਚੜਤ ਦੀ ਵਗ ਰਹੀ ਹਵਾ ਤੋ ਹਰ ਕੋਈ ਜਾਣੂੰ ਹੈ। ਪਰ ਇਸ ਵਿਚ ਕੋਈ ਦੋ ਰਾਇ ਨਹੀ ਕਿ ਹੁਣ ਅਕਾਲੀ ਦਲ ਨੂੰ ਰਾਮਪੁਰਾ ਦੇ ਨਾਲ ਲੱਗਦੇ ਹਲਕਿਆਂ ਲਈ ਵੀ ਨਵੇਂ ਇੰਚਾਰਜਾਂ ਦੀ ਲੋੜ ਪਵੇਗੀ।
-------------------
ਪੰਜਾਬ ਦੇ ਵਕੀਲ ਵਜੋ ਕੇਂਦਰ ਸਾਹਮਣੇ ਪੰਜਾਬ ਦੇ ਮਸਲੇ ਅਤੇ ਮੰਗਾਂ ਰੱਖ ਕੇ ਹੱਲ ਕਰਵਾਵਾਗਾਂ-ਸਾਬਕਾ ਚੇਅਰਮੈਲ ਮਲੂਕਾ
ਉਧਰ ਭਾਜਪਾ ਵਿਚ ਸਿਆਸੀ ਰਲੇਵਾਂ ਕਰਨ ਵੇੇਲੇ ਸਾਬਕਾ ਚੇਅਰਮੈਨ ਜਿਲਾ ਪ੍ਰੀਸ਼ਦ ਗੁਰਪ੍ਰੀਤ ਸਿੰਘ ਮਲੂਕਾ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜਵੀ ਤਾਰੀਫ ਕਰਦਿਆਂ ਕਿਹਾ ਕਿ ਪਿਛਲੇ 10 ਸਾਲ ਵਿਚ ਕੇਂਦਰ ਸਰਕਾਰ ਨੇ ਦੇਸ਼ ਨੂੰ ਮਜਬੂਤ ਬਣਾਉਣ, ਜਨ ਕਲਿਆਣ ਸਣੇ ਅੰਤਰਰਾਸ਼ਟਰੀ ਪੱਧਰ ’ਤੇ ਨਮਾਣਾ ਖੱਟਣ ਅਤੇ ਮਾਣ ਸਨਮਾਨ ਹਾਸਿਲ ਕੀਤਾ ਹੈ ਜਦਕਿ ਦੇਸ਼ ਦੀ ਮਜਬੂਤੀ, ਵਿਕਾਸ ਅਤੇ ਡਿਜੀਟਲ ਇੰਡੀਆ ਬਣਾਉਣ ਲਈ ਭਾਜਪਾ ਦੀ
(DYNAMIC) ਲੀਡਰਸ਼ਿਪ ਨੇ ਅਥਾਹ ਮਿਹਨਤ ਕੀਤੀ। ਉਨ੍ਹਾਂ ਭਾਜਪਾ ਸਰਕਾਰ ਵੱਲੋ ਆਪਣੇ ਕਾਰਜਕਾਲ ਦੋਰਾਨ ਬਣਾਈਆ ਯੋਜਨਾਵਾਂ, ਪੜਾਈ ਦਾ ਮਿਆਰ, ਹਰੇਕ ਪਰਿਵਾਰ ਨੂੰ ਛੱਤ ਅਤੇ ਰੁਜਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਇਕ ਚੰਗੀ ਸਰਕਾਰ ਹੋਣ ਦਾ ਦਮ ਭਰਿਆ ਹੈ ਜਦਕਿ ਭਾਜਪਾ ਮੁੜ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ। ਜਿਸ ਵਿਚ ਸਰਕਾਰ ਦੇਸ਼ ਵਾਸੀਆਂ ਲਈ ਹੋਰ ਵੀ ਵਧੀਆ ਯੋਜਨਾਵਾਂ ਉਲੀਕੇਗੀ। ਸਾਬਕਾ ਚੇਅਰਮੈਨ ਮਲੂਕਾ ਨੇ ਪੰਜਾਬ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੇ ਮਸਲੇ ਉਹ ਸਰਕਾਰ ਬਣਨ ’ਤੇ ਸਰਕਾਰ ਕੋਲ ਰੱਖਣਗੇ। ਜਿਸ ਵਿਚ ਉਹ ਆਪਣੇ ਵੱਲੋ ਪੰਜਾਬੀਆਂ ਦੇ ਵਕੀਲ ਵਜੋ ਕੰਮ ਕਰਨਗੇ ਤਾਂ ਜੋ ਪੰਜਾਬ ਦੇ ਮਸਲੇ ਹੱਲ ਹੋ ਜਾਣ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਅੰਦਰ ਲਾਗੂ ਹੋਣ ਵਾਲੀਆ ਜਿਆਦਾਤਰ ਸਕੀਮਾਂ ਕੇਂਦਰ ਵੱਲੋ ਹੀ ਲਾਗੂ ਕੀਤੀਆ ਜਾਂਦੀਆ ਹਨ। ਜਿਨ੍ਹਾਂ ਨੂੰ ਘਰ-ਘਰ ਤੱਕ ਪਹੁੰਚਾਉਣ ਨੂੰ ਆਪਣਾ ਫਰਜ ਸਮਝਾਗੇਂ। ਉਨ੍ਹਾਂ ਆਪਣੇ ਸਿਆਸੀ ਜੀਵਨ ਬਾਰੇ ਕਿਹਾ ਕਿ ਜੋ ਜੁੰਮੇਵਾਰੀ ਹੁਣ ਤੱਕ ਮਿਲੀ ਨੂੰ ਤਨਦੇਹੀ ਨਾਲ ਨਿਭਾਇਆ ਗਿਆ ਅਤੇ ਭਵਿੱਖ ਵਿਚ ਵੀ ਜੋ ਜੁੰਮੇਵਾਰੀ ਮਿਲੇਗੀ ਨੂੰ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਸ੍ਰੀਮਤੀ ਪਰਮਪਾਲ ਕੌਰ ਮਲੂਕਾ ਵੀ ਹਾਜਰ ਸਨ।