ਸ਼ਾਹੂਕਾਰ ਆੜਤੀਆਂ ਦੀ ਨਾ ਹੋਈ ਸਰਬਸੰਮਤੀ, ਕੁੰਢੀਆ ਦੇ ਸਿੰਗ ਫਸੇ
7ਡੇਅ ਨਿੳੂਜ ਸਰਵਿਸ,
ਤਪਾ ਮੰਡੀ, ਸਥਾਨਕ ਕੱਚਾ ਆੜਤੀਆ ਐਸੋਸੀਏਸ਼ਨ ਦੀ ਪ੍ਰਧਾਨਗੀ ਪਦ ਲਈ ਹੋਣ ਵਾਲੀ ਚੋਣ ਦਾ ਬਿਗਲ ਵਜ ਚੁੱਕਿਆ ਹੈ, ਭਾਵੇਂ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਮੁੜ ਇਕ ਵਾਰ ਚੋਣ ਪਿੜ ਵਿਚ ਨਿਤਰ ਆਏ ਹਨ, ਪਰ ਦੂਜੇ ਪਾਸੇ ਪਹਿਲਾ ਚੋਣ ਲੜਣ ਵਾਲਾ ਉਮੀਦਵਾਰ ਦਾ ਚੇਹਰਾ ਬਦਲ ਗਿਆ ਹੈ, ਕਿਉਕਿ ਪਿਛਲੇਂ ਦਿਨੀ ਹੋਈ ਆੜਤੀਆਂ ਦੀ ਮੀਟਿੰਗ ਵਿਚ ਰਾਕੇਸ਼ ਕੁਮਾਰ ਗੋਇਲ ਨੇ ਖੁਦ ਉਮੀਦਵਾਰ ਵਜੋ ਚੋਣ ਲੜਣ ਦਾ ਐਲਾਣ ਕਰ ਦਿੱਤਾ। ਜਿਸ ਤੋ ਬਾਅਦ ਸਾਹੂਕਾਰੀ ਦੇ ਇਸ ਕਾਰੋਬਾਰ ਵਿਚ ਪ੍ਰਧਾਨਗੀ ਪਦ ਦੀ ਹੋਣ ਵਾਲੀ ਚੋਣ ਵਿਚ ਆਮ ਲੋਕਾਂ ਦੀ ਵੀ ਦਿਲਚਸਪੀ ਵਧ ਗਈ ਹੈ। ਚੋਣ ਲਈ ਉਲੀਕ ਪ੍ਰੋਗਰਾਮ ਤਹਿਤ ਅੱਜ ਭਾਵ 31 ਜੁਲਾਈ ਨੂੰ ਚੋਣ ਲੜਣ ਦੇ ਇੱਛਕ ਉਮੀਦਵਾਰ ਨਾਮਜਾਦਗੀ ਦਾਖਿਲ ਕਰਨਗੇ। ਜਿਸ ਤੋ ਬਾਅਦ ਪਹਿਲੀ ਅਗਸਤ ਨੂੰ ਕਾਗਜ ਵਾਪਿਸ ਲੈਣ ਲਈ ਉਮੀਦਵਾਰ ਫੈਸਲਾ ਲੈ ਸਕਦੇ ਹਨ ਅਤੇ ਤਿੰਨ ਅਗਸਤ ਨੂੰ 125 ਦੇ ਕਰੀਬ ਆੜਤੀਏ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਕੁਝ ਸਮੇਂ ਬਾਅਦ ਨਤੀਜਾ ਘੋਸ਼ਿਤ ਕਰ ਦਿੱਤਾ ਜਾਵੇਗਾ। ਇਸ ਸਮੁੱਚੀ ਪ੍ਰੀਕ੍ਰਿਆ ਦੇ ਬਾਵਜੂਦ ਕੁਝ ਧਿਰਾਂ ਅਜੇ ਵੀ ਸਰਬਸੰਮਤੀ ਕਰਵਾਉਣ ਲਈ ਤੱਤਪਰ ਹਨ। ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਇਕ ਧਿਰ ਕਈ ਤਰ੍ਹਾਂ ਦੀਆ ਆਫਰਾਂ ਦੂਜੀ ਧਿਰ ਕੋਲ ਭੇਜ ਰਹੀ ਹੈ। ਪਰ ਫਿਲਹਾਲ ਸਮੁੱਚੀਆ ਆਫਰਾਂ ਨੂੰ ਠੁਕਰਾਇਆ ਜਾਂ ਨਕਾਰੇ ਜਾਣ ਕਾਰਨ ਇਨ੍ਹਾਂ ’ਤੇ ਬੂਰ ਨਹੀ ਪੈ ਰਿਹਾ। ਮੌਜੂਦਾ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਨਾਲ ਜਿੱਥੇ ਇਕ ਵੱਡਾ ਧੜਾ ਖੜਾ ਹੈ, ਜਿਸ ਕਾਰਨ ਹੀ ਉਹ ਇਸ ਚੋਣ ਲੜਣ ਲਈ ਕਾਫੀ ਆਸਵੰਦ ਹਨ, ਪਰ ਨਾਲ ਹੀ ਇਹ ਦੱਸਣਾ ਵੀ ਜਰੁਰੀ ਹੈ ਕਿ ਰਾਕੇਸ਼ ਗੋਇਲ ਦਾ ਸ਼ਹਿਰ ਅਤੇ ਆੜਤੀਆਂ ਅੰਦਰ ਡਾਹਢਾ ਰਸੂਖ ਰੱਖਦੇ ਹਨ। ਜਿਸ ਕੋਲ ਲੰਬਾਂ ਸਿਆਸੀ ਤਜਰਬਾ ਹੈ। ਰਾਕੇਸ਼ ਗੋਇਲ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਿਵਾਰ, ਦੋਸਤ ਮਿੱਤਰਾਂ ਅਤੇ ਆੜਤੀਆਂ ਦੀ ਸਹਿਮਤੀ ਨਾਲ ਹੀ ਇਸ ਮੈਦਾਨ ਵਿਚ ਨਿੱਤਰੇ ਹਨ ਅਤੇ ਲੋਕਾਂ ਲਈ ਕੰਮ ਕਰਨ ਦਾ ਜਜਬਾ, ਤਜਰਬਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆੜਤੀਆਂ ਦੀ ਬਹੁਤਾਤ ਇਸ ਵੇਲੇ ਅਜਿਹੇ ਨੁੰਮਾਇਦੇ ਨੂੰ ਚੁਣਨਾ ਚਾਹੁੰਦੀ ਹੈ, ਜੋ ਚਲ ਰਹੇ ਕਾਰੋਬਾਰ ਦੇ ਮਾੜੇ ਦੌਰ ਅਤੇ ਆਉਣ ਵਾਲੇ ਹੋਰ ਵੀ ਭਿਅੰਕਰ ਦੌਰ ਵਿਚ ਆੜਤੀਆਂ ਨਾਲ ਖੜ ਸਕੇ। ਉਨ੍ਹਾਂ ਦੀ ਆਵਾਜ ਨੂੰ ਸਰਕਾਰ ਅਤੇ ਪ੍ਰਸਾਸਨ ਤੱਕ ਪਹੁੰਚਾ ਸਕਦਾ ਹੋਵੇ, ਕਿਉਕਿ ਆੜਤ ਦੇ ਵਪਾਰ ਵਿਚ ਕਾਰੋਬਾਰੀ ਨੂੰ ਹਰ ਪਾਸਿਓ ਮਾਰ ਸਹਿਣੀ ਪੈ ਰਹੀ ਹੈ। ਜਿਸ ਲਈ ਸੋਚ ਸਮਝ ਕੇ ਚਲਣ ਦੀ ਲੋੜ ਹੈ। ਉਧਰ ਸੁਰੇਸ਼ ਕੁਮਾਰ ਕਾਲਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੋ ਵਰ੍ਹਿਆਂ ਵਿਚ ਆੜਤੀਆਂ ਅਤੇ ਆੜਤ ਦੀ ਬਿਹਤਰੀ ਲਈ ਬਹੁਤ ਕਦਮ ਚੁੱਕੇ ਹਨ। ਹੁਣ ਵੇਖਣਾ ਹੋਵੇਗਾ ਕਿ ਇਸ ਦਿਲਚਸਪ ਮੁਕਾਬਲੇ ਵਿਚ ਕਿਹੜਾ ਧੜਾ ਬਾਜੀ ਮਾਰਦਾ ਹੈ।
ਕੌਣ ਪਾ ਸਕਦਾ ਹੈ ਵੋਟ :- ਸ਼ਹਿਰ ਦੇ ਆੜਤ ਦੇ ਕਾਰੋਬਾਰ ਵਿਚ ਬੇਸ਼ੱਕ ਆੜਤੀਏ ਤਾਂ 125 ਦੇ ਕਰੀਬ ਹਨ ਪਰ ਲਾਇਸੰਸ ਕਈ ਆੜਤੀਆਂ ਦੇ ਇਕ ਤੋ ਵੱਧ ਬਣੇ ਹੋਏ ਹਨ, ਪਰ ਇਕ ਆੜਤੀਆਂ ਕੋਲ ਭਾਵੇਂ ਕਿੰਨੇਂ ਵੀ ਲਾਇਸੰਸ ਕਿਉ ਨਾ ਹੋਣ ਪਰ ਇਕ ਗੱਦੀ ਇਕ ਵੋਟ ਹੀ ਪਾ ਸਕਦਾ ਹੈ। ਉਧਰ ਆੜਤ ਦੀ ਵੋਟ ਪਾਉਣ ਲਈ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਜਿਸ ਆੜਤੀਏ ਨੇ ਲੰਘੀ ਅਪ੍ਰੈਲ/ਮਈ ਵਿਚ ਕਣਕ ਦੇ ਸੀਂਜਣ ਦੌਰਾਨ ਕਿਸਾਨ ਦੀ ਕਣਕ ਸਰਕਾਰੀ ਤੌਰ ’ਤੇ ਖਰੀਦ ਵੇਚ ਕਰਵਾਈ ਹੈ। ਉਹ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰ ਸਕਦਾ ਹੈ। ਆੜਤੀਆਂ ਦੀ ਇਕ ਆਵਾਜ ਇਹ ਵੀ ਸੀ ਕਿ ਜਿਸ ਨੇ ਪਿਛਲੇ ਸਮੇ ਐਸੋਸੀਏਸ਼ਨ ਨੂੰ ਫੰਡ ਨਹੀ ਦਿੱਤਾ। ਉਸ ਨੂੰ ਵੋਟ ਤੋ ਵਾਝਾ ਰੱਖਿਆ ਜਾ ਸਕਦਾ ਹੈ।
++++++++++++++++++++++++++