ਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ,
ਬਰਨਾਲਾ/ ਤਪਾ ਮੰਡੀ 27 ਨਵੰਬਰ (ਸੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ/ਗੁਰਪ੍ਰੀਤ ਸਿੰਘ)-
ਸਬ ਡਿਵੀਜ਼ਨ ਤਪਾ ਦੀ ਤਹਿਸੀਲ ਤਪਾ ਅੰਦਰ ਤੈਨਾਤ ਤਹਿਸੀਲਦਾਰ ਨੂੰ ਵਿਜਲੈਂਸ ਵੱਲੋਂ ਵੱਢੀ ਲੈਣ ਦੇ ਦੋਸ਼ ਹੇਠ ਰੰਗੇ ਹੱਥੀ ਕਾਬੂ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਵਿਜੀਲੈਂਸ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲਦਾਰ ਸੁਖਚਰਨ ਸਿੰਘ ਉਰਫ ਚੰਨੀ ਖਿਲਾਫ ਵਿਜੀਲੈਂਸ ਕੋਲ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਟੱਲੇਵਾਲ ਦੇ ਅਮਰੀਕ ਸਿੰਘ ਨਾਂਅ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਤਹਿਸੀਲਦਾਰ ਉਸ ਕੋਲੋਂ ਕਥਿਤ ਤੌਰ ਤੇ ਕੁਝ ਜਮੀਨ ਦੇ ਟੁਕੜੇ ਦੇ ਬੈਨਾਮੇ ਬਦਲੇ 20 ਹਜਾਰ ਰੁਪਏ ਦੀ ਮੰਗ ਕਰਦਾ ਹੈ। ਜਿਸ ਉੱਪਰ ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਦਿਆਂ ਆਪਣੇ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਉਕਤ ਤਹਿਸੀਲਦਾਰ ਨੂੰ ਵੱਢੀ ਦੀ ਰਕਮ ਲੈਂਦਿਆਂ ਕਥਿਤ ਤੌਰ ਤੇ ਰੰਗੇ ਹੱਥੀ ਕਾਬੂ ਕੀਤਾ। ਉਧਰ ਵਿਜੀਲੈਂਸ ਵੱਲੋਂ ਤਹਿਸੀਲਦਾਰ ਨੂੰ ਦਬੋਚੇ ਜਾਣ ਦੀ ਭਿਣਕ ਲੱਗਦਿਆਂ ਹੀ ਤਹਿਸੀਲ ਅੰਦਰ ਕੰਮ ਕਰਦਿਆਂ ਅਧਿਕਾਰੀਆਂ/ਕਰਮਚਾਰੀਆਂ ਨੇ ਆਪਣੀਆਂ ਕੁਰਸੀਆਂ ਤੋਂ ਖਿਸਕਣਾ ਸ਼ੁਰੂ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਤਹਿਸੀਲਦਾਰ ਸੁਖਚਰਨ ਸਿੰਘ ਦੀ ਰੈਵਨਿਊ ਆਫਿਸਰ ਯੂਨੀਅਨ ਦੇ ਸੂਬਾ ਪ੍ਰਧਾਨ ਹਨ ਜ਼ੋ ਆਪਣੇ ਰੁਤਬੇ ਅਤੇ ਅਹੁਦੇ ਤਾਂ ਰੋਅਬ ਝਾੜਦਿਆਂ ਕਾਫੀ ਵਿਵਾਦਾਂ ਨਾਲ ਜੁੜੇ ਰਹੇ ਹਨ। ਦੱਸਣਯੋਗ ਇਹ ਵੀ ਹੈ ਕਿ ਤਹਿਸੀਲ ਦੇ ਬਾਹਰ ਕੰਮ ਕਰਦੇ ਵਕੀਲਾਂ,ਅਸ਼ਟਾਮ ਫਰੋਸ਼ਾਂ, ਵਸੀਕਾ ਨਵੀਸਾ ਅਤੇ ਅਰਜੀ ਨਵੀਸਾ ਨੇ ਸਾਂਝੇ ਰੂਪ ਵਿੱਚ ਕਈ ਦਿਨ ਤਹਿਸੀਲ ਦੇ ਦੋ ਕਰਮਚਾਰੀਆਂ ਖਿਲਾਫ ਰਿਸ਼ਵਤ ਦੀ ਮੰਗ ਦੇ ਮਾਮਲੇ ਵਿੱਚ ਹੀ ਹੜਤਾਲ ਕਰ ਦਿੱਤੀ ਸੀ ਪਰ ਪ੍ਰਸ਼ਾਸਨ ਵੱਲੋਂ ਇਸ ਹੜਤਾਲ ਨੂੰ ਅਣਦੇਖਿਆ ਕੀਤਾ ਗਿਆ ਅਤੇ ਆਖਰ ਹੜਤਾਲ ਇਕ ਫਰਜੀ ਦਿਲਾਸਾ ਦੇ ਕੇ ਖੁਲਵਾ ਦਿੱਤੀ ਗਈ ਕਿ ਉਕਤ ਕਰਮਚਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਪਰ ਤਹਿਸੀਲ ਅੰਦਰ ਤੈਨਾਤ ਰਜਿਸਟਰੀ ਕਲਰਕ ਇੱਥੇ ਹੀ ਕੰਮ ਕਰਦਾ ਵਿਖਾਈ ਦਿੱਤਾ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪ੍ਰਸ਼ਾਸਨ ਵੱਲੋਂ ਵੱਟੀ ਘੇਸਲ ਅਤੇ ਹੜਤਾਲ ਨੂੰ ਅਣਵੇਖਿਆਂ ਕੀਤੇ ਜਾਣ ਕਾਰਨ ਕੁਝ ਦਿਨਾਂ ਬਾਅਦ ਹੀ ਤਪਾ ਤਹਿਸੀਲ ਵਿਜੀਲੈਂਸ ਦੇ ਰਡਾਰ ਉੱਪਰ ਆ ਗਈ।