ਪੰਜਾਬ ਦੀ ਸਿਆਸਤ ’ਚ ਲਾਮਿਸਾਲ ਤੇ ਇਤਿਹਾਸਕ ਸਾਬਤ ਹੋਵੇਗੀ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ : ਗੁਰਤੇਜ ਢਿੱਲੋਂ
ਗੁਰਤੇਜ ਢਿੱਲੋਂ ਵਲੋਂ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਸਬੰਧੀ ਜ਼ਿਲ੍ਹਾ ਬਰਨਾਲਾ ’ਚ ਭਾਜਪਾ ਵਰਕਰਾਂ ਨਾਲ ਮੀਟਿੰਗਾਂ
ਬਰਨਾਲਾ, 31 ਦਸੰਬਰ (ਲੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ/ਗੁਰਪ੍ਰੀਤ ਸਿੰਘ) : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਸੂਬੇ ਦੀ ਸਿਆਸਤ ’ਚ ਇਕ ਲਾਮਿਸਾਲ ਅਤੇ ਇਤਿਹਾਸਕ ਸਾਬਤ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਭਾਰੀ ਸ. ਗੁਰਤੇਜ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਹੋਣ ਵਾਲੀ ਰੈਲੀ ਸਬੰਧੀ ਤਿਆਰੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਹੁਣ ਤੱਕ ਸੂਬੇ ਦੀ ਸੱਤਾ ’ਤੇ ਲੰਮਾਂ ਸਮਾਂ ਕਾਬਜ਼ ਪਾਰਟੀਆਂ ਦੇ ਸਤਾਏ ਅਤੇ ਪੰਜਾਬ ਹਿਤੇਸ਼ੀ ਲੋਕਾਂ ਦੀ ਮਦਦ ਨਾਲ ਨਵਾਂ ਪੰਜਾਬ ਸਿਰਜੇਗੀ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਲਈ ਜ਼ਿਲ੍ਹੇ ਦੀ ਲੀਡਰਸ਼ਿਪ, ਵਰਕਰਾਂ ਦੇ ਨਾਲ ਨਾਲ ਲੋਕਾਂ ’ਚ ਭਾਰੀ ਉਤਸ਼ਾਹ ਹੈ। ਜ਼ਿਲ੍ਹਾ ਬਰਨਾਲਾ ਵਿਚੋਂ ਸੈਂਕੜੇ ਬੱਸਾਂ ਦਾ ਕਾਫ਼ਲਾ ਪ੍ਰਧਾਨ ਮੰਤਰੀ ਦੀ ਰੈਲੀ ’ਚ ਸ਼ਮੂਲੀਅਤ ਕਰੇਗਾ। ਉਨ੍ਹਾਂ ਆਖਿਆ ਕਿ ਸਮੁੱਚਾ ਪੰਜਾਬ ਸ੍ਰੀ ਮੋਦੀ ਦੇ ਸਵਾਗਤ ਲਈ ਬਾਹਾਂ ਫੈਲਾਈ ਖੜ੍ਹਾ ਹੈ ਅਤੇ ਲੋਕਾਂ ਨੂੰ ਇਸ ਗੱਲ ਦੀ ਵੱਡੀ ਆਸ ਹੈ ਕਿ ਉਹ ਪੰਜਾਬ ਲਈ ਅਜਿਹਾ ਐਲਾਨ ਕਰਨਗੇ ਜਿਹੜਾ ਅੱਜ ਤੱਕ ਕਿਸੇ ਪਾਰਟੀ ਨੇ ਨਾ ਕੀਤਾ ਹੋਵੇ।
ਉਨ੍ਹਾਂ ਆਖਿਆ ਕਿ ਹਲਕਾ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ’ਚ ਵੱਖ ਵੱਖ ਥਾਈਂ ਲੋਕਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਲੋਕਾਂ ਦਾ ਵੱਡਾ ਸਮਰਥਨ ਭਾਰਤੀ ਜਨਤਾ ਪਾਰਟੀ ਦੇ ਹੱਕ ’ਚ ਦੇਖਣ ਨੂੰ ਮਿਲ ਰਿਹਾ ਹੈ। ਸ. ਢਿੱਲੋਂ ਨੇ ਆਖਿਆ ਕਿ ਕਾਂਗਰਸ ਅਤੇ ਅਕਾਲੀ ਦਲ ਪੰਜਾਬ ਅੰਦਰੋਂ ਆਪਣਾ ਆਧਾਰ ਗਵਾ ਚੁੱਕੇ ਹਨ ਇਹ ਹੀ ਕਾਰਨ ਹੈ ਕਿ ਇਸਦੇ ਵੱਡੇ ਆਗੂ ਅੱਜ ਭਾਜਪਾ ’ਚ ਸ਼ਾਮਲ ਹੋਣ ’ਚ ਮਾਣ ਮਹਿਸੂਸ ਕਰ ਰਹੇ ਹਨ।
ਸ. ਢਿੱਲੋਂ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਇਤਿਹਾਸਕ ਫੈਸਲੇ ਅਤੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਤੋਰਨ ਦੇ ਸਮਰੱਥ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਵੱਡੀ ਧਿਰ ਬਣ ਕੇ ਉਭਰੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ, ਜ. ਸਕੱਤਰ ਪਰਵਿੰਦਰ ਸਿੰਘ ਖੁਰਮੀ, ਮੰਡਲ ਪ੍ਰਧਾਨ ਮੋਨੂੰ ਗੋਇਲ, ਸੰਜੀਵ ਮਿੱਤਲ, ਮੰਡਲ ਪ੍ਰਧਾਨ ਧਨੌਲਾ ਜਗਤਾਰ ਸਿੰਘ ਢਿੱਲੋਂ, ਮੰਡਲ ਪ੍ਰਧਾਨ ਹੰਢਿਆਇਆ ਰਕੇਸ਼ ਕੁਮਾਰ, ਮੰਡਲ ਪ੍ਰਧਾਨ ਭਦੌੜ ਨਰੋਤਮ ਕੋਛੜ, ਮੰਡਲ ਪ੍ਰਧਾਨ ਤਪਾ ਸੋਮਨਾਥ ਤਪਾ, ਮੰਡਲ ਪ੍ਰਧਾਨ ਜਗਤਾਰ ਸਿੰਘ, ਿਸ਼ਨ ਸਿੰਘ ਮੰਡਲ ਪ੍ਰਧਾਨ, ਨੰਬਰਦਾਰ ਬਲਬੀਰ ਸਿੰਘ, ਸ਼ਮਸ਼ੇਰ ਸਿੰਘ, ਗੁਰਚਰਨ ਸਿੰਘ ਠੀਕਰੀਵਾਲ, ਸੋਹਨ ਮਿੱਤਲ, ਧੀਰਜ ਦੱਦਾਹੂਰ ਅਤੇ ਰੰਿਜਦਰ ਉਪਲ ਹਾਜ਼ਰ ਸਨ।