ਕੰਨਾਂ 'ਤੇ ਪਟਾਖਿਆਂ ਦੇ ਦੁਰ ਪ੍ਰਭਾਵ ਅਤੇ ਇਸ ਤੋਂ ਬਚਾਅ
ਸਾਡੇ ਦੇਸ਼ ਵਿੱਚ ਦੀਵਾਲੀ ਦੇ ਤਿਉਹਾਰ ਦਾ ਬਾਕੀ ਸਭ ਤਿਉਹਾਰਾਂ ਵਿੱਚ ਇੱਕ ਵਿਸ਼ੇਸ਼ ਸਥਾਨ ਹੈ I ਇਹ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜਿਸ ਦੌਰਾਨ ਲੋਕ ਦੀਪਮਾਲਾ ਅਤੇ ਪਟਾਖਿਆਂ ਦੀ ਵਰਤੋਂ ਕਰਦੇ ਹੋਏ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ I ਦੀਵਾਲੀ ਜਾਂ ਕਿਸੇ ਵੀ ਖ਼ੁਸ਼ੀ ਦੇ ਮੌਕੇ ਤੇ ਬਹੁਤ ਹੀ ਉੱਚੀ ਆਵਾਜ਼ ਵਾਲੇ ਪਟਾਕਿਆਂ ਰਾਹੀਂ ਪੈਦਾ ਹੋਣ ਵਾਲਾ ਸ਼ੋਰ ਦੀ ਸਾਡੇ ਲਈ ਉਤਸ਼ਾਹ ਦੀ ਬਜਾਏ ਪ੍ਰੇਸ਼ਾਨੀ ਦਾ ਸਬੱਬ ਵੀ ਬਣ ਸਕਦਾ ਹੈ I
ਪਟਾਖਿਆਂ ਵਿਚਲੇ ਜਲ ਰਹੇ ਬਰੂਦ ਰਾਹੀਂ ਸਾਡੇ ਸਰੀਰ ਉੱਤੇ ਜਲਣ ਦੇ ਜ਼ਖ਼ਮ, ਅੱਖਾਂ ਨੂੰ ਨੁਕਸਾਨ ਅਤੇ ਸਾਹ ਦੀਆਂ ਬਿਮਾਰੀਆਂ ਹੋਣ ਤੋਂ ਇਲਾਵਾ ਇਨ੍ਹਾਂ ਤੋਂ ਪੈਦਾ ਹੋਇਆ ਤੇਜ਼ ਸ਼ੋਰ ਸਾਡੀ ਸੁਣਨ ਸ਼ਕਤੀ ਤੇ ਦੁਰ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦਾ ਹੈ ਜੋ ਕਿ ਇਕ ਆਮ ਤੌਰ ਤੇ ਅਣਗੌਲਿਆ ਅਤੇ ਮਹੱਤਵਪੂਰਨ ਪਹਿਲੂ ਹੈ I ਸੁਣਨ ਸ਼ਕਤੀ ਤੇ ਪੈਣ ਵਾਲੇ ਇਹ ਦੁਰਪ੍ਰਭਾਵ ਬੱਚਿਆਂ ਲਈ ਬਹੁਤ ਗੰਭੀਰ ਹੋ ਸਕਦੇ ਹਨ I ਤੇਜ਼ ਆਵਾਜ਼ ਦੇ ਦੁਰਪ੍ਰਭਾਵ ਇਕ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਉੱਤੇ ਜ਼ਿਆਦਾ ਗੰਭੀਰ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਕੰਨ ਵਿਚਲੀ ਨਾਲੀ ਜਿਸ ਨੂੰ ਕਿ ਐਕਸਟਰਨਲ ਆਡੀਟਰੀ ਕੈਨਾਲ (External Auditory Canal) ਕਿਹਾ ਜਾਂਦਾ ਹੈ, ਆਕਾਰ ਵਿੱਚ ਬਹੁਤ ਛੋਟੀ ਹੁੰਦੀ ਹੈ I
ਪਟਾਖਿਆਂ ਤੋਂ ਇਲਾਵਾ ਸ਼ੋਰ ਪੈਦਾ ਕਰਨ ਵਾਲੇ ਹੋਰ ਮੁੱਖ ਕਾਰਨ ਜਿਵੇਂ ਕਿ ਵਾਹਨਾਂ ਦੇ ਹਾਰਨ, ਕਿੱਤਾਕਾਰੀ ਉਪਕਰਨਾਂ ਦਾ ਸ਼ੋਰ ਜਾਂ ਉੱਚੀ ਆਵਾਜ਼ ਵਿੱਚ ਸੰਗੀਤ ਸੁਣਨਾ ਵੀ ਸਾਡੀ ਸੁਣਨ ਸ਼ਕਤੀ ਲਈ ਓਨੇ ਹੀ ਨੁਕਸਾਨਦਾਇਕ ਹੋ ਸਕਦੇ ਹਨ I ਇਸ ਲਈ ਜ਼ਰੂਰਤ ਹੈ ਕਿ ਅਸੀਂ ਇਸ ਪਹਿਲੂ ਬਾਰੇ ਜਾਗਰੂਕ ਹੋਈਏ ਤਾਂ ਜੋ ਆਪਣੇ ਅਤੇ ਬੱਚਿਆਂ ਦੇ ਕੰਨਾਂ ਨੂੰ ਇਨ੍ਹਾਂ ਦੁਰਪ੍ਰਭਾਵਾਂ ਤੋਂ ਬਚਾ ਸਕੀਏ I ਸ਼ੋਰ ਦੀ ਤੀਬਰਤਾ ਨੂੰ ਮਾਪਣ ਲਈ ਡੈਸੀਬਲ ਯੂਨਿਟ ਦੀ ਵਰਤੋਂ ਕੀਤੀ ਜਾਂਦੀ ਹੈ I ਸਾਡੀ ਆਮ ਗੱਲਬਾਤ ਵਿਚ ਸ਼ੋਰ ਦਾ ਸਤਰ 50 ਡੈਸੀਬਲ ਤਕ ਹੁੰਦਾ ਹੈ ਜਦੋਂ ਕਿ ਸ਼ਹਿਰ ਦੇ ਟ੍ਰੈਫਿਕ ਵਿੱਚ ਇਹ 80-90 ਡੈਸੀਬਲ ਤੱਕ ਹੋ ਸਕਦਾ ਹੈ I ਜੈੱਟ ਜਹਾਜ਼ ਦੇ ਇੰਜਣ ਦੀ ਸ਼ੋਰ ਤੀਬਰਤਾ 140 ਡੈਸੀਬਲ ਅਤੇ ਸ਼ਾਟਗੰਨ ਵਿੱਚ ਤੀਬਰਤਾ 160 ਡੈਸੀਬਲ ਤਕ ਹੁੰਦੀ ਹੈ I ਸ਼ੋਰ ਦੀ ਇਹੀ ਤੀਬਰਤਾ ਉੱਚੀ ਆਵਾਜ਼ ਦੇ ਪਟਾਖਿਆਂ ਵਿਚ 145 ਡੈਸੀਬਲ ਤੋਂ ਲੈ ਕੇ 160 ਡੈਸੀਬਲ ਤੋਂ ਜ਼ਿਆਦਾ ਤੱਕ ਹੋ ਸਕਦੀ ਹੈ I
ਤੇਜ਼ ਸ਼ੋਰ ਪਟਾਖਿਆਂ ਦੇ ਸੁਣਨ ਸ਼ਕਤੀ ਤੇ ਦੁਰ ਪ੍ਰਭਾਵ
85 ਡੈਸੀਬਲ ਤੋਂ ਉੱਪਰ ਦਾ ਸ਼ੋਰ ਸਾਡੀ ਸੁਣਨ ਸ਼ਕਤੀ ਤੇ ਦੁਰ ਪ੍ਰਭਾਵ ਪਾ ਸਕਦਾ ਹੈ ਹਾਲਾਂਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 125 ਡੈਸੀਬਲ ਜਾਂ 145 ਡੈਸੀਬਲ (4 ਮੀਟਰ ਦੀ ਦੂਰੀ ਤੇ ) ਤੋਂ ਜ਼ਿਆਦਾ ਤੱਕ ਦਾ ਸ਼ੋਰ ਪੈਦਾ ਕਰਨ ਵਾਲੇ ਪਟਾਖਿਆਂ ਦੀ ਵਿਕਰੀ ਤੇ ਪਾਬੰਦੀ ਹੈ ਪ੍ਰੰਤੂ ਫਿਰ ਵੀ ਪਟਾਖਿਆਂ ਦੀ ਲਗਾਤਾਰ ਹੌਲੀ ਆਵਾਜ਼ ਜਾਂ ਇਕਦਮ ਤੇਜ਼ ਆਵਾਜ਼ ਸਾਡੀ ਸੁਣਨ ਸ਼ਕਤੀ ਘੱਟ ਕਰ ਸਕਦੀ ਹੈ I ਤੇਜ਼ ਆਵਾਜ਼ ਸਾਡੇ ਅੰਦਰਲੇ ਕੰਨ ਵਿਚਲੀ ਸੁਣਨ ਵਿਚ ਸਹਾਈ ਨੱਸ ਵਿੱਚ ਮੌਜੂਦ ਬਰੀਕ ਸੈੱਲ, ਜਿਨ੍ਹਾਂ ਨੂੰ ਕਿ ਹੇਅਰ ਸੈੱਲ ਕਿਹਾ ਜਾਂਦਾ ਹੈ, ਨੂੰ ਨਸ਼ਟ ਕਰ ਦਿੰਦੀ ਹੈ I ਇਹੀ ਨੱਸ ਆਵਾਜ਼ ਦੇ ਸੁਨੇਹੇ ਨੂੰ ਸਾਡੇ ਕੰਨਾਂ ਤੋਂ ਦਿਮਾਗ ਤਕ ਲੈ ਕੇ ਜਾਂਦੀ ਹੈ I ਸਿੱਟੇ ਵਜੋਂ ਸੁਣਨ ਸ਼ਕਤੀ ਘਟ ਜਾਂਦੀ ਹੈ ਜਾਂ ਗੱਲ ਸਮਝਣ ਵਿੱਚ ਮੁਸ਼ਕਲ ਪੇਸ਼ ਆਉਣ ਲੱਗ ਜਾਂਦੀ ਹੈ I ਸਾਡੀ ਸੁਣਨ ਸ਼ਕਤੀ ਨੂੰ ਇਹ ਨੁਕਸਾਨ ਆਰਜ਼ੀ ਵੀ ਹੋ ਸਕਦਾ ਹੈ ਅਤੇ ਸਥਾਈ ਵੀ। ਕਈ ਵਾਰ ਇਕਦਮ ਤੇਜ਼ ਆਈ ਆਵਾਜ਼ ਕੰਨਾਂ ਦੇ ਪਰਦਿਆਂ ਨੂੰ ਵੀ ਫਾੜ ਦਿੰਦੀ ਹੈ ਕੰਨ ਦਾ ਪਰਦਾ ਫਟਣ ਤੇ ਸੁਣਨ ਸ਼ਕਤੀ ਪ੍ਰਭਾਵਿਤ ਹੋਣ ਦੇ ਨਾਲ ਨਾਲ ਕੰਨ ਵਗਣ ਦੀ ਸਮੱਸਿਆ ਵੀ ਆ ਸਕਦੀ ਹੈ I
ਦੀਵਾਲੀ ਦੇ ਤਿਉਹਾਰ ਦੌਰਾਨ ਛੇ ਸੌ ਵਿਅਕਤੀਆਂ ਦੇ ਸੈਂਪਲ ਤੇ ਕੀਤੀ ਗਈ ਇੱਕ ਖੋਜ ਮੁਤਾਬਕ ਦੀਵਾਲੀ ਤੋਂ ਦੋ ਦਿਨ ਬਾਅਦ 3.8% ਵਿਅਕਤੀਆਂ ਵਿਚ 4 ਕਿੱਲੋ ਹਾਰਟਸ ਦੀ ਫਰੀਕਵੈਂਸੀ ਤੇ ਸੁਣਨ ਸ਼ਕਤੀ ਵਿੱਚ ਨੁਕਸਾਨ ਪਾਇਆ ਗਿਆ I ਇਸ ਵਿੱਚੋਂ ਲਗਭਗ 1.2% ਵਿਅਕਤੀਆਂ ਵਿਚ 4 ਕਿਲੋ ਹਰਟਜ਼ ਫ੍ਰੀਕੂਵੈਂਸੀ ਤੇ 30 ਡੈਸੀਬਲ ਦਾ ਨੁਕਸਾਨ ਪਾਇਆ ਗਿਆ ਜੋ ਕਿ 3-8 ਅਤੇ 9-15 ਸਾਲ ਦੀ ਉਮਰ ਦੇ ਬੱਚੇ ਸਨ I ਸੁਣਨ ਸ਼ਕਤੀ ਘੱਟ ਕਰਨ ਤੋਂ ਇਲਾਵਾ ਤੇਜ਼ ਸ਼ੋਰ ਦੀ ਆਵਾਜ਼ ਬਹੁਤ ਹੀ ਪਰੇਸ਼ਾਨ ਕਰਨ ਵਾਲੀਆਂ ਦੋ ਹੋਰ ਸਮੱਸਿਆਵਾਂ ਨੂੰ ਜਨਮ ਦੇ ਸਕਦੀ ਹੈ ਜਿਸ ਨੂੰ ਸਾਇੰਸ ਦੀ ਭਾਸ਼ਾ ਵਿੱਚ ਟਿਨਾਈਟਿਸ (Tinnitus) ਅਤੇ ਹਾਈਪਰਐਕਿਉਸੀਸ (Hyperacusis) ਕਿਹਾ ਜਾਂਦਾ ਹੈ I ਟਿਨਾਈਟਿਸ ਤੋਂ ਪ੍ਰਭਾਵਿਤ ਵਿਅਕਤੀ ਨੂੰ ਲਗਾਤਾਰ ਕੰਨ ਵਿੱਚ ਟੀ ਟੀ, ਸਾਂ ਸਾਂ ਜਾਂ ਘੰਟੀਆਂ ਵੱਜਣ ਦੀ ਆਵਾਜ਼ ਸੁਣਾਈ ਦਿੰਦੀ ਹੈ I ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਸਮੱਸਿਆ ਜਿਸ ਨਾਲ ਪ੍ਰਭਾਵਤ ਵਿਅਕਤੀ ਨੂੰ ਡਿਪਰੈਸ਼ਨ, ਕੰਮ ਵਿੱਚ ਮਨ ਨਾ ਲੱਗਣਾ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ I ਹਾਈਪਰਐਕਿਉਸੀਸ ਤੋਂ ਪ੍ਰਭਾਵਿਤ ਵਿਅਕਤੀ ਨੂੰ ਵਾਤਾਵਰਨ ਵਿੱਚ ਮੌਜੂਦ ਆਮ ਆਵਾਜ਼ ਵੀ ਬਹੁਤ ਜ਼ਿਆਦਾ ਉੱਚੀ ਸੁਣਾਈ ਦਿੰਦੀ ਹੈ ਜਿਸ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ I ਜਾਗਰੂਕਤਾ ਅਤੇ ਥੋੜ੍ਹੀ ਜਿਹੀ ਸਾਵਧਾਨੀ ਨਾਲ ਅਸੀਂ ਆਪਣੇ ਆਪ ਨੂੰ ਅਤੇ ਛੋਟੇ ਬੱਚਿਆਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਬਚਾ ਸਕਦੇ ਹਾਂ I
ਤੇਜ਼ ਸ਼ੋਰ ਤੋਂ ਬਚਾਅ ਲਈ ਲੋੜੀਂਦੇ ਉਪਾਅ
ਕੰਨਾਂ ਵਿੱਚ ਈਅਰ ਪਲੱਗ ਦੀ ਵਰਤੋਂ - ਈਅਰ ਪਲੱਗ ਕੰਨਾਂ ਵਿੱਚ ਪਾਉਣ ਵਾਲੀ ਇੱਕ ਛੋਟੀ ਜਿਹੀ ਵਸਤੂ ਹਨ ਜੋ ਕਿ ਸਾਡੀ ਸੁਣਨ ਸ਼ਕਤੀ ਨੂੰ ਬਚਾ ਕੇ ਰੱਖਣ ਲਈ ਵੱਡਾ ਰੋਲ ਅਦਾ ਕਰ ਸਕਦੇ ਹਨ I ਪਟਾਖੇ ਚਲਾਉਣ ਸਮੇਂ ਆਪਣੇ ਅਤੇ ਬੱਚਿਆਂ ਦੇ ਕੰਨਾਂ ਵਿੱਚ ਈਅਰ ਪਲੱਗ ਲਗਾ ਦੇਣੇ ਚਾਹੀਦੇ ਹਨ I ਇਨ੍ਹਾਂ ਨਾਲ ਪਟਾਖਿਆਂ ਦੀ ਤੇਜ਼ ਆਵਾਜ਼ ਤੋਂ ਪੈਣ ਵਾਲੇ ਮਾੜੇ ਪ੍ਰਭਾਵ ਕਾਫ਼ੀ ਹੱਦ ਤਕ ਘਟਾਏ ਜਾ ਸਕਦੇ ਹਨ I
ਪਟਾਖਿਆਂ ਤੋਂ ਦੂਰੀ - ਅਸੀਂ ਪਟਾਕਿਆਂ ਤੋਂ ਜਿੰਨੀ ਦੂਰੀ ਬਣਾ ਕੇ ਰੱਖਾਂਗੇ, ਕੰਨਾਂ ਤੇ ਪਟਾਕਿਆਂ ਦੀ ਤੇਜ਼ ਆਵਾਜ਼ ਦਾ ਮਾੜਾ ਪ੍ਰਭਾਵ ਉਨ੍ਹਾਂ ਹੀ ਘੱਟ ਪਏਗਾ I ਕਈ ਬੱਚੇ ਪਟਾਕੇ ਨੂੰ ਹੱਥ ਵਿਚ ਫੜ ਕੇ ਅੱਗ ਲਗਾ ਕੇ ਦੂਰ ਸੁੱਟਦੇ ਹਨ I ਇਸ ਨਾਲ ਪਟਾਕੇ ਦੇ ਹੱਥ ਕੋਲ ਹੀ ਫਟਣ ਦਾ ਖਤਰਾ ਰਹਿੰਦਾ ਹੈ ਤੇ ਪਟਾਕੇ ਦੀ ਆਵਾਜ਼ ਦਾ ਕੰਨਾਂ ਤੇ ਵੀ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈ I
ਤੇਜ਼ ਆਵਾਜ਼ ਵਾਲੇ ਪਟਾਕਿਆਂ ਦੀ ਵਰਤੋਂ ਤੇ ਰੋਕ -
ਬਾਜ਼ਾਰ ਵਿੱਚ ਵੱਖ ਵੱਖ ਕਿਸਮ ਦੇ ਪਟਾਖੇ ਉਪਲੱਬਧ ਹੁੰਦਾ ਹਨ I ਇਨ੍ਹਾਂ ਵਿੱਚੋਂ ਕਈ ਜ਼ਿਆਦਾ ਰੌਸ਼ਨੀ ਕਰਦੇ ਹਨ ਅਤੇ ਕਈ ਤੇਜ਼ ਆਵਾਜ਼ ਪੈਦਾ ਕਰਦੇ ਹਨ I ਸਾਨੂੰ ਤੇਜ਼ ਆਵਾਜ਼ ਪੈਦਾ ਕਰਨ ਵਾਲੇ ਪਟਾਕਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ I ਮੁਕਾਬਲਤਨ ਸ਼ਾਂਤ ਕਿਸਮ ਦੇ ਪਟਾਕਿਆਂ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ I
ਸ਼ੋਰ ਨਾਲ ਪ੍ਰਭਾਵਤ ਕੰਨਾਂ ਦਾ ਇਲਾਜ
ਇਹ ਸ਼ੋਰ ਨਾਲ ਕੰਨ ਪ੍ਰਭਾਵਤ ਹੋਣ ਉਪਰੰਤ ਉਪਰੋਕਤ ਤਿੰਨ ਸਮੱਸਿਆਵਾਂ - ਘੱਟ ਸੁਣਨਾ ਟਿਨਾਈਟਿਸ ਅਤੇ ਹਾਈਪਰਐਕਿਉਸੀਸ ਵਿੱਚੋਂ ਕੋਈ ਵੀ ਸਮੱਸਿਆ ਆਉਣ ਦੀ ਸੂਰਤ ਵਿੱਚ ਤੁਰੰਤ ਕੰਨ ਨੱਕ ਅਤੇ ਗਲੇ ਦੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ I ਡਾਕਟਰ ਦੀ ਸਲਾਹ ਲੈਣ ਵਿੱਚ ਦੇਰੀ ਨਾਲ ਇਲਾਜ ਦਾ ਫ਼ਾਇਦਾ ਹੋਣ ਦੀ ਸੰਭਾਵਨਾ ਘਟਦੀ ਹੈ ਤੇ ਇਹ ਸਮੱਸਿਆ ਸਥਾਈ ਹੋ ਸਕਦੀ ਹੈ I ਡਾਕਟਰ ਵੱਲੋਂ ਇਸ ਦੇ ਲਈ ਆਡੀਓ ਮੀਟਰੀ (Audiometry) ਟੈਸਟ ਕਰਵਾਇਆ ਜਾਂਦਾ ਹੈ ਜਿਸ ਵਿੱਚ ਆਮ ਤੌਰ ਤੇ ਸੁਣਨ ਸ਼ਕਤੀ ਤੇ ਤੇਜ਼ ਸ਼ੋਰ ਦੇ ਪ੍ਰਭਾਵ ਦਾ ਪਤਾ ਲੱਗ ਜਾਂਦਾ ਹੈ I ਇਸ ਦੇ ਇਲਾਜ ਵਜੋਂ ਦਵਾਈਆਂ, ਕੰਨਾਂ ਦੀਆਂ ਸੁਣਨ ਦੀਆਂ ਮਸ਼ੀਨਾਂ ਅਤੇ ਸਰਜਰੀ (ਕੋਕਲੀਅਰ ਇੰਪਲਾਂਟ) ਦੇ ਵਿਕਲਪ ਮੌਜੂਦ ਹਨ I
ਡਾ. ਬਿਕਰਮਜੀਤ ਸਿੰਘ,
ਮੈਡੀਕਲ ਅਫ਼ਸਰ (ਪੀ ਸੀ ਐਮ ਐਸ-1),
ਕੰਨ, ਨੱਕ ਅਤੇ ਗਲੇ ਦੇ ਮਾਹਿਰ, ਸਿਵਲ ਹਸਪਤਾਲ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ
9888656690