ਆਜਾ ਮੇਰੇ ਪਿੰਡ
ਦੀ ਨੁਹਾਰ ਦੇਖ ਲੈ
ਆਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ
ਧੜਿਆਂ ਚ ਹੋਇਆ ਪਾਟੋਧਾੜ ਦੇਖ ਲੈ
ਅਮਿ੍ਰਤ ਵੇਲੇ ਨਹੀਂਓ ਚਿੜੀ ਚੂਕਦੀ
ਦੁੱਧ ਵਿੱਚ ਸੁਣੇ ਨਾਂ ਮਧਾਣੀ ਘੂਕਦੀ
ਸਪੀਕਰਾਂ ਦਾ ਸ਼ੋਰ ਬੇਸ਼ੁਮਾਰ ਦੇਖ ਲੈ
ਆਜਾ ਮੇਰੇ.. .. .. .
ਬਲਦਾਂ ਦੇ ਗਲ ਹੁਣ ਨਹੀਂਓ ਟੱਲੀਆਂ
ਲੱਭਦੇ ਨਾਂ ਚਿੱਭੜ ਤੇ ਗੰਨੇ ਛੱਲੀਆਂ
ਚਿੜੀਆਂ ਦੀ ਤੂੰ ਲੱਭਕੇ ਹੀ ਡਾਰ ਦੇਖ ਲੈ
ਆਜਾ ਮੇਰੇ.. .. .. ..
ਛੱਪੜਾਂ ਦੇ ਪਾਣੀ ’ਤੋਂ ਮੁਸ਼ਕ ਮਾਰਦਾ
ਆਉਣਾ ਜਾਣਾ ਘਰ ਆਮ ਡਾਕਧਾਰ ਦਾ
ਹਰ ਘਰ ਇੱਕ ਤੂੰ ਬਿਮਾਰ ਦੇਖ ਲੈ
ਆਜਾ ਮੇਰੇ.. .. .. .
ਬੀਜਦਾ ਏ ਕੋਈ ਹੋਰ ਲਾਹਾ ਲੈ ਗਿਆ
ਅੰਨ ਦਾਤੇ ਗਲ ਫਾਹਾ ਪੈ ਗਿਆ
ਕਰਜ਼ੇ ਦਾ ਸਿਰ ਹੋਇਆ ਭਾਰ ਦੇਖ ਲੈ
ਆਜਾ ਮੇਰੇ.. .. .. ..
ਨਿੱਤ ਦੀਆਂ ਵੋਟਾਂ ਭਾਈਚਾਰਾ ਵੰਡਿਆ
ਪੁੱਤਾਂ ਲੜ ਬਾਪ ਕਰਤਾਰਾ ਵੰਡਿਆ
ਜੇਬਾਂ ਵਿੱਚ ਪਾਈ ਸਰਕਾਰ ਦੇਖ ਲੈ
ਆਜਾ ਮੇਰੇ.. .. . . . .
ਰੁੱਖਾਂ ਅਤੇ ਧੀਆਂ ਦਾ ਵੀ ਕਾਲ ਪੈ ਗਿਆ
ਗੀਤਾਂ ਵਿੱਚ ਨਹੀਂਓ ਸੁਰ ਤਾਲ ਰਹਿ ਗਿਆ
ਲਿਖਦਾ ਜੋ ਗੀਤ ‘ਮੁਖਤਿਆਰ’ ਦੇਖ ਲੈ
ਆਜਾ ਮੇਰੇ.. .. . . . . .
ਲੇਖਕ ਮੁਖਤਿਆਰ ਸਿੰਘ ਪੱਖੋ ਕਲਾਂ, ਪਿੰਡ ਤੇ ਡਾਕਖਾਨਾ ਪੱਖੋ ਕਲਾ ਜਿਲਾ ਸੰਗਰੁਰ
94175-17655